ANI, ਨਵੀਂ ਦਿੱਲੀ : ਮੌਰਿਸ਼ਸ ਦੇ ਸੰਸਦ ਮੈਂਬਰ ਮਹਿੰਦਾ ਗੰਗਾਪ੍ਰਸਾਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਸਿਰਫ ਪ੍ਰਧਾਨ ਮੰਤਰੀ ਮੋਦੀ ਹੀ ਅਯੁੱਧਿਆ ਨੂੰ ਮੁੜ ਸੁਰਖੀਆਂ ‘ਚ ਲਿਆ ਸਕਦੇ ਸਨ ਤੇ ਉਨ੍ਹਾਂ ਨੇ ਅਜਿਹਾ ਕੀਤਾ ਵੀ ਹੈ। ਮੌਰਿਸ਼ਸ ਲੇਬਰ ਪਾਰਟੀ ਦੇ ਸੰਸਦ ਮੈਂਬਰ ਗੰਗਾਪ੍ਰਸਾਦ ਇਸ ਸਮੇਂ ਭਾਰਤ ਵਿੱਚ ਹਨ।

ਗੰਗਾਪ੍ਰਸਾਦ ਨੇ ਕਿਹਾ, “ਤੁਸੀਂ ਕਲਪਨਾ ਨਹੀਂ ਕਰ ਸਕਦੇ ਕਿ ਮੈਂ ਕਿੰਨਾ ਮਾਣ ਮਹਿਸੂਸ ਕਰ ਰਿਹਾ ਹਾਂ। ਹਿੰਦੂ ਧਰਮ ਦੇ ਜ਼ਿਆਦਾਤਰ ਮੌਰਿਸ਼ੀਅਨ ਬਹੁਤ ਖੁਸ਼ ਤੇ ਮਾਣ ਮਹਿਸੂਸ ਕਰਦੇ ਹਨ ਕਿ ਅੱਜ ਰਾਮਜੀ ਦਾ ਮੰਦਰ ਉਸੇ ਥਾਂ ‘ਤੇ ਖੜ੍ਹਾ ਹੈ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ।”

ਉਨ੍ਹਾਂ ਕਿਹਾ, “ਮੈਂ ਸੱਚ ਕਹਿ ਰਿਹਾ ਹਾਂ ਕਿ ਸਿਰਫ਼ ਮੋਦੀ ਹੀ ਅਯੁੱਧਿਆ ਨੂੰ ਮੁੜ ਸੁਰਖੀਆਂ ‘ਚ ਲਿਆ ਸਕਦੇ ਸਨ, ਜਿਵੇਂ ਉਨ੍ਹਾਂ ਨੇ ਕੀਤਾ ਵੀ ਹੈ। ਜਿਸ ਤਰ੍ਹਾਂ ਨਾਲ ਮੰਦਰ ਬਣ ਰਿਹਾ ਹੈ ਤੇ ਬਣਾਇਆ ਜਾ ਰਿਹਾ ਹੈ, ਉਸ ਲਈ ਸਾਨੂੰ ਮੋਦੀ ਜੀ ‘ਤੇ ਮਾਣ ਕਰਨਾ ਚਾਹੀਦਾ ਹੈ।”

ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਯਤਨਾਂ ਦੀ ਕੀਤੀ ਸ਼ਲਾਘਾ

ਗੰਗਾਪ੍ਰਸਾਦ ਨੇ ਸਿੱਖਿਆ ਖੇਤਰ ‘ਚ ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਉਨ੍ਹਾਂ ਦੇ ਕਾਰਜਕਾਲ ਦੌਰਾਨ ਸਿੱਖਿਆ ਦਾ ਖੇਤਰ ਵਧਿਆ ਹੈ ਤੇ ਅਸੀਂ ਇਸਨੂੰ ਹਰ ਖੇਤਰ ‘ਚ ਦੇਖ ਸਕਦੇ ਹਾਂ। ਵਿਦਿਆਰਥੀ ਯੂਨੀਵਰਸਿਟੀਆਂ ਤੇ ਸਕੂਲਾਂ ਤੋਂ ਬਾਹਰ ਆ ਰਹੇ ਸਨ। ਉਹ ਇਕ ਨਵੇਂ ਭਾਰਤ, ਇਕ ਨਵੀਂ ਸਿੱਖਿਆ ਪ੍ਰਣਾਲੀ ਨੂੰ ਦਰਸਾਉਂਦੇ ਹਨ ਤੇ ਇਸਦੇ ਲਈ ਮੈਂ ਮੋਦੀ ਜੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ।”

‘ਭਾਰਤ ਦੀ ਕਿਸਮਤ ਤੇ ਅਕਸ ਬਦਲਿਆ’

ਗੰਗਾਪ੍ਰਸਾਦ ਨੇ ਪੀਐਮ ਮੋਦੀ ਨੂੰ ‘ਕ੍ਰਿਸ਼ਮਈ ਨੇਤਾ’ ਦੱਸਦੇ ਹੋਏ ਕਿਹਾ ਕਿ ਉਹ ਅਜਿਹੇ ਨੇਤਾ ਹਨ ਜਿਨ੍ਹਾਂ ਨੇ ਭਾਰਤ, ਭਾਰਤ ਦੀ ਕਿਸਮਤ ਤੇ ਭਾਰਤ ਦਾ ਅਕਸ ਬਦਲ ਦਿੱਤਾ ਹੈ। ਉਨ੍ਹਾਂ ਕਿਹਾ, ”ਅੱਜ ਲੋਕ ਭਾਰਤ ਨੂੰ ਦੇਖਦੇ ਹਨ ਤੇ ਮੈਨੂੰ ਲੱਗਦਾ ਹੈ ਕਿ ਇਕ ਵਿਅਕਤੀ ਜੋ ਸਾਡੇ ਧੰਨਵਾਦ ਤੇ ਸਾਡੀ ਪ੍ਰਸ਼ੰਸਾ ਦਾ ਹੱਕਦਾਰ ਹੈ, ਉਹ ਨਰਿੰਦਰ ਮੋਦੀ ਹਨ।” ਉਨ੍ਹਾਂ ਕਿਹਾ ਕਿ ਇਹ ਨਵਾਂ ਭਾਰਤ ਉਨ੍ਹਾਂ ਦੀ ਦੂਰਅੰਦੇਸ਼ੀ ਸਦਕਾ ਹੀ ਸੰਭਵ ਹੋ ਸਕਿਆ ਹੈ।

ਭਾਰਤ-ਮੌਰਿਸ਼ਸ ਸਬੰਧ ​​ਹੋਣਗੇ ਮਜ਼ਬੂਤ

ਭਾਰਤ-ਮੌਰਿਸ਼ਸ ਸਬੰਧਾਂ ‘ਤੇ ਚਾਨਣਾ ਪਾਉਂਦਿਆਂ ਗੰਗਾਪ੍ਰਸਾਦ ਨੇ ਕਿਹਾ ਕਿ ਸਬੰਧਾਂ ਨੂੰ ਹੋਰ ਮਜ਼ਬੂਤ ​​ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, “ਸਾਡੇ ਮੌਰਿਸ਼ੀਅਨਾਂ ਦੇ ਭਾਰਤ ਨਾਲ ਹਮੇਸ਼ਾ ਤੋਂ ਬਹੁਤ ਚੰਗੇ ਸਬੰਧ ਰਹੇ ਹਨ ਤੇ ਮੋਦੀ ਦੇ ਕਾਰਜਕਾਲ ਦੌਰਾਨ ਇਹ ਸਬੰਧ ਹੋਰ ਮਜ਼ਬੂਤ ​​ਹੋ ਰਹੇ ਹਨ ਤੇ ਇਸ ਲਈ ਮੈਂ ਨਰਿੰਦਰ ਮੋਦੀ ਦਾ ਧੰਨਵਾਦੀ ਹਾਂ।” ਗੰਗਾਪ੍ਰਸਾਦ ਨੇ ਕਿਹਾ, “ਮੋਦੀ ਹੈ ਤਾਂ ਮੁਮਕਿਨ ਹੈ।” ਅਯੁੱਧਿਆ ਸ਼ਹਿਰ ਵਿਸ਼ਾਲ ਪਵਿੱਤਰ ਸਮਾਰੋਹ ਲਈ ਤਿਆਰ ਹੋ ਰਿਹਾ ਹੈ।

ਇਹ ਹਫਤੇ ਦਾ ਹੋਵੇਗਾ ਪ੍ਰੋਗਰਾਮ

ਮੰਦਿਰ ਦੇ ਅਧਿਕਾਰੀਆਂ ਅਨੁਸਾਰ, ਪਵਿੱਤਰ ਰਸਮ 16 ਜਨਵਰੀ ਨੂੰ ਸ਼ੁਰੂ ਹੋਵੇਗੀ ਤੇ ਸੱਤ ਦਿਨਾਂ ਤਕ ਚੱਲੇਗੀ। 16 ਜਨਵਰੀ ਨੂੰ ਮੰਦਰ ਟਰੱਸਟ, ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਵੱਲੋਂ ਨਿਯੁਕਤ ਯਜਮਾਨ ਤਪੱਸਿਆ ਦਾ ਸੰਚਾਲਨ ਕਰਨਗੇ। ਸਰਯੂ ਨਦੀ ਦੇ ਕੰਢੇ ‘ਦਸ਼ਵਿਧ’ ਇਸ਼ਨਾਨ, ਵਿਸ਼ਨੂੰ ਪੂਜਾ ਤੇ ਗਾਵਾਂ ਨੂੰ ਪ੍ਰਸ਼ਾਦ ਦਿੱਤਾ ਜਾਵੇਗਾ। ਇਸ ਤੋਂ ਬਾਅਦ 17 ਜਨਵਰੀ ਨੂੰ ਰਾਮਲਲਾ ਦੀ ਮੂਰਤੀ, ਜਿਸ ਵਿਚ ਭਗਵਾਨ ਰਾਮ ਨੂੰ 5 ਸਾਲ ਦੀ ਉਮਰ ‘ਚ ਦਰਸਾਇਆ ਗਿਆ ਹੈ, ਦੇ ਨਾਲ ਇਕ ਜਥਾ ਅਯੁੱਧਿਆ ਪੁੱਜੇਗਾ।

ਰਸਮਾਂ ਦੀ ਸ਼ੁਰੂਆਤ 18 ਜਨਵਰੀ ਨੂੰ ਗਣੇਸ਼ ਅੰਬਿਕਾ ਪੂਜਾ, ਵਰੁਣ ਪੂਜਾ, ਮਾਤ੍ਰਿਕਾ ਪੂਜਾ, ਬ੍ਰਾਹਮਣ ਵਰਣ ਅਤੇ ਵਾਸਤੂ ਪੂਜਾ ਨਾਲ ਹੋਵੇਗੀ। 19 ਜਨਵਰੀ ਨੂੰ ਪਵਿੱਤਰ ਅਗਨੀ ਜਲਾਈ ਜਾਵੇਗੀ, ਜਿਸ ਤੋਂ ਬਾਅਦ ‘ਨਵਗ੍ਰਹਿ’ ਅਤੇ ‘ਹਵਨ’ ਕੀਤਾ ਜਾਵੇਗਾ। ਰਾਮ ਜਨਮ ਭੂਮੀ ਮੰਦਰ ਦੇ ਪਾਵਨ ਅਸਥਾਨ ਨੂੰ 20 ਜਨਵਰੀ ਨੂੰ ਸਰਯੂ ਜਲ ਨਾਲ ਧੋਇਆ ਜਾਵੇਗਾ, ਇਸ ਤੋਂ ਬਾਅਦ ਵਾਸਤੂ ਸ਼ਾਂਤੀ ਅਤੇ ‘ਅੰਨਾਧਿਵਾਸ’ ਰਸਮ ਹੋਵੇਗੀ।

21 ਜਨਵਰੀ ਨੂੰ ਰਾਮਲਲਾ ਦੀ ਮੂਰਤੀ ਨੂੰ 125 ਕਲਸ਼ਾਂ ਦੇ ਜਲ ਨਾਲ ਇਸ਼ਨਾਨ ਕਰਵਾਇਆ ਜਾਵੇਗਾ। ਆਖ਼ਰੀ ਦਿਨ 22 ਜਨਵਰੀ ਨੂੰ ਸਵੇਰੇ ਪੂਜਾ ਅਰਚਨਾ ਉਪਰੰਤ ਬਾਅਦ ਦੁਪਹਿਰ ‘ਮ੍ਰਿਗਸ਼ਿਰਾ ਨਛੱਤਰ’ ਵਿੱਚ ਰਾਮਲਲਾ ਦੇ ਅਭਿਸ਼ੇਕ ਨਾਲ ਹੋਵੇਗਾ।