Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਮੋਦੀ ਧੰਨਵਾਦ ਦੇ ਪਾਤਰ : ਪਰ ਸ.ਬਾਦਲ ?

By uscreative Published 4 min read

ਭਾਜਪਾ ਨੂੰ ਪੰਜਾਬ ਅਤੇ ਯੂ.ਪੀ. ਜਿੱਤਣ ਲਈ ਕੇਂਦਰੀ ਮੰਤਰੀ ਮੰਡਲ ਵਿੱਚ ਸਿੱਖ ਚਿਹਰੇ ਸ਼ਾਮਲ ਕਰਨਾ ਜ਼ਰੂਰੀ ਹੈ।ਵਿਦੇਸ਼ ਵਿੱਚ ਇਹ ਮਿਹਣੇ ਸੁਣਨੇ ਜਰੂਰ ਮਿਲ ਰਹੇ ਸਨ ਕਿ ਕਨੇਡਾ ਵਰਗੇ ਬੇਗਾਨੇ ਮੁਲਕ ਵਿੱਚ ਤਾਂ ਸਿੱਖ ਮੰਤਰੀ ਬਣਨ ਵਿੱਚ ਕਾਮਯਾਬ ਹੋ ਗਏ ਹਨ ਪਰ ਭਾਰਤ ਆਪਣੇ ਦੇਸ਼ ਵਿੱਚ ਉਨ੍ਹਾਂ ਨੂੰ ਕੋਈ ਨਹੀਂ ਪੁੱਛ ਰਿਹਾ।ਇੱਕ ਸਿੱਖ ਦੇ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਿਲ ਹੋ ਜਾਣ ਨਾਲ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਜਾਣਾ ਅਤੇ ਸਿੱਖਾਂ ਨਾਲ ਵਿਤਕਰੇ ਵੀ ਨਹੀਂ ਖਤਮ ਹੋਣੇ। ਇਹ ਇੱਕ ਸੰਕੇਤਕ ਸਿੱਖਾਂ ਦਾ ਮਾਣ ਹੈ ਕਿ ਕੇਂਦਰ ਸਰਕਾਰ ਵਿੱਚ ਕੋਈ ਦਾੜ੍ਹੀ ਪੱਗ ਵਾਲਾ ਵੀ ਮੰਤਰੀ ਹੈ।ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਤੋਂ ਅੱਗੇ ਸਿੱਖ ਪੰਥ ਦਾ ਵਾਧਾ ਅਤੇ ਮਾਣ ਸਤਿਕਾਰ ਨਹੀਂ ਵੇਖ ਰਹੇ। ਹਰਸਿਮਰਤ ਕੌਰ ਬਾਦਲ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਨੂੰਹ ਹੋਣ ਕਰਕੇ ਮੰਤਰੀ ਮੰਡਲ ਵਿੱਚ ਸ਼ਾਮਲ ਹੈ। ਬਾਦਲ ‘ਤੇ ਇਹ ਦੋਸ਼ ਲੱਗ ਰਿਹਾ ਹੈ ਕਿ ਆਪਣੀ ਨੂੰਹ ਨੂੰ ਕੇਂਦਰ ਵਿੱਚ ਮੰਤਰੀ ਬਣਾਉਣ ਦੀ ਭੁੱਖ ਪੂਰੀ ਕਰਨ ਲਈ ਉਨ੍ਹਾਂ ਨੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਕੇਂਦਰ ਵਿੱਚ ਮੰਤਰੀ ਬਣਨ ਦਾ ਹੱਕ ਮਾਰ ਲਿਆ ਹੈ। ਜਿਸ ਤਰ੍ਹਾਂ ਪਿਛਲੀ ਯੂ.ਪੀ.ਏ.ਸਰਕਾਰ ਵੱਲੋਂ ਪੰਜਾਬ ਦੇ ਦਲਿਤ ਵਰਗ ਨਾਲ ਸਬੰਧਤ ਕਿਸੇ ਵੀ ਸੰਸਦ ਮੈਂਬਰ ਨੂੰ ਸਮਾਂ ਰਹਿੰਦਿਆਂ ਕੇਂਦਰ ਵਿੱਚ ਮੰਤਰੀ ਨਾ ਬਣਾਉਣ ਦੀ ਸਜਾ ਪੰਜਾਬ ਵਿੱਚ ਆਪਣੀ ਹਾਰ ਦੇ ਰੂਪ ਵਿੱਚ ਭੁਗਤਣੀ ਪਈ, ਇਸੇ ਤਰ੍ਹਾਂ ਅਕਾਲੀ ਭਾਜਪਾ ਗੱਠਜੋੜ ਨੂੰ ਵੀ ਆ ਰਹੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸੇ ਤਰ੍ਹਾਂ ਦੀ ਸਜਾ ਭੁਗਤਣੀ ਪੈ ਸਕਦੀ ਹੈ।ਪੰਜਾਬ ਅਤੇ ਯੂ.ਪੀ. ਦੋਵਾਂ ਵਿੱਚ ਹੀ ਸਿੱਖ ਭਾਈਚਾਰੇ ਦੀਆਂ ਵੋਟਾਂ ਸਰਕਾਰਾਂ ਦੇ ਗਠਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਨੂੰ ਮੁੱਖ ਰੱਖਦਿਆਂ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਮੰਤਰੀ ਮੰਡਲ ਵਿੱਚ ਵਾਧੇ ਦੌਰਾਨ ਕਿਸੇ ਸਿੱਖ ਚਿਹਰੇ ਨੂੰ ਮੰਤਰੀ ਬਣਾਉਂਦੇ ਹਨ ਤਾਂ ਇਸ ਦਾ ਉਨ੍ਹਾਂ ਨੂੰ ਯੂ.ਪੀ.ਅਤੇ ਪੰਜਾਬ ਦੋਵਾਂ ਵਿੱਚ ਹੀ ਬਹੁਤ ਵੱਡਾ ਸਿਆਸੀ ਲਾਭ ਮਿਲੇਗਾ।ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਥਾਂ ਪੱਛਮੀ ਬੰਗਾਲ ਦੇ ਦਾਰਜੀਲਿੰਗ ਤੋਂ ਭਾਜਪਾ ਸੰਸਦ ਮੈਂਬਰ ਸ. ਸੁਰਿੰਦਰਜੀਤ ਸਿੰਘ ਆਹਲੂਵਾਲੀਆ ਨੂੰ ਮੰਤਰੀ ਬਣਾ ਕੇ ਕੇਂਦਰ ਵਿੱਚ ਅੱਗੇ ਲਿਆਂਦਾ ਹੈ, ਉਸ ਦਾ ਦੂਸਰਾ ਸੰਕੇਤ ਇਹ ਵੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਕਿਸੇ ਅਕਾਲੀ ਆਗੂ ਨੂੰ ਕੇਂਦਰ ਵਿੱਚ ਮੰਤਰੀ ਬਣਾਉਣ ਲਈ ਆਪਣੇ ਵੱਲੋਂ ਕੋਈ ਪੈਰਵਾਈ ਨਹੀਂ ਕੀਤੀ। ਜੇਕਰ ਉਹ ਚਾਹੁੰਦੇ ਤਾਂ ਪੰਜਾਬ ਦੇ ਅਨੇਕਾਂ ਸੀਨੀਅਰ ਲੋਕ ਸਭਾ ਅਤੇ ਰਾਜ ਸਭਾ ਸਿੱਖ ਮੈਂਬਰ ਹਨ, ਉਨ੍ਹਾਂ ਵਿੱਚੋਂ ਕਿਸੇ ਨੂੰ ਮੰਤਰੀ ਬਣਾ ਕੇ ਪੰਜਾਬ ਅਤੇ ਸਿੱਖਾਂ ਦਾ ਮਾਣ ਵਧਾਇਆ ਜਾ ਸਕਦਾ ਸੀ। ਇਸ ਤਰ੍ਹਾਂ ਨਾ ਕਰਕੇ ਦੋਵਾਂ ਬਾਦਲਾਂ ਨੇ ਸਰਕਾਰੀ ਤਾਕਤ ਆਪਣੇ ਅੱਜ ਲਈ ਘਰ ਵਿੱਚ ਕੇਂਦਰਿਤ ਕਰਨ ਵਿੱਚ ਤਾਂ ਸਫਲਤਾ ਹਾਸਲ ਕਰ ਲਈ ਹੈ ਪਰ ਇਸ ਸਰਕਾਰੀ ਤਾਕਤ ਦਾ ਕੱਲ੍ਹ ਉਨ੍ਹਾਂ ਦੇ ਘਰ ਵਿੱਚ ਰਹੇਗਾ, ਇਸ ਦੀ ਗਰੰਟੀ ਉਨ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਕਾਰਨ ਘਟਦੀ ਜਾ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਸਿੱਖ ਪੰਥ ਦਾ ਮਾਣ ਸਤਿਕਾਰ ਅਤੇ ਵਿਸਥਾਰ ਰੋਕਣ ਲਈ ਅਮਰਵੇਲ ਬਣ ਕੇ ਪੰਜਾਬ ਅਤੇ ਸਿੱਖ ਪੰਥ ਉੱਤੇ ਫੈਲਣ ਦਾ ਯਤਨ ਨਾ ਕਰਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਵੱਡੀਆਂ ਸਿਆਸੀ ਚੁਣੌਤੀਆਂ ਮਿਲ ਸਕਦੀਆਂ ਹਨ। ਕੇਂਦਰ ਵਿੱਚ ਸਿੱਖ ਚਿਹਰੇ ਨੂੰ ਮੰਤਰੀ ਬਣਾਉਣ ਨਾਲ ਭਾਜਪਾ ਨੂੰ ਯੂਪੀ ਵਿੱਚ ਲਾਭ ਤਾਂ ਮਿਲੇਗਾ ਹੀ, ਉਹ ਪੰਜਾਬ ਵਿੱਚ ਵੀ ਇਹ ਮਾਮਲਾ ਪ੍ਰਚਾਰ ਕੇ ਆਪਣੇ ਆਪ ਨੂੰ ਸਿੱਖ ਹਿਮਾਇਤੀ ਹੋਣ ਦੇ ਦਾਅਵੇ ਨਾਲ ਸਿੱਖ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸੰਸਦ ਮੈਂਬਰ ਸਿੱਖ ਨੇਤਾ ਕੇਂਦਰ ਵਿੱਚ ਮੰਤਰੀ ਬਣਿਆ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਇਸ ਮਾਮਲੇ ਵਿੱਚ ਆਪਣਾ ਦਾਅਵਾ ਕਰ ਸਕਦਾ ਸੀ। ਹੁਣ ਤਾਂ ਇਹ ਪ੍ਰਭਾਵ ਬਣਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਜਾਂ ਕੇਂਦਰ ਸਰਕਾਰ ਪੰਜਾਬ ਅਤੇ ਸਿੱਖਾਂ ਦੇ ਮਾਮਲੇ ਵਿੱਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਕੋਈ ਗੱਲ ਨਹੀਂ ਮੰਨ ਰਹੀ। ਇਸ ਦਾ ਨੁਕਸਾਨ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੁੰਦਾ ਸਾਹਮਣੇ ਆ ਸਕਦਾ ਹੈ। ਬਾਦਲ ਪਰਿਵਾਰ ਕੋਲ ਹਾਲੇ ਵੀ ਮੌਕਾ ਹੈ ਕਿ ਉਹ ਸਾਰਾ ਕੁਝ ਆਪਣੇ ਕਬਜੇ ਹੇਠ ਹੀ ਰੱਖਣ ਦੀ ਥਾਂ ਸਿੱਖ ਪੰਥ ਅਤੇ ਪੰਜਾਬ ਦੇ ਭਲੇ ਅਤੇ ਵਿਕਾਸ ਵਾਸਤੇ ਵੀ ਕੁਝ ਨਾ ਕੁਝ ਛੱਡ ਦੇਵੇ। ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹਨ ਕਿ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪਾਏ ਪੂਰਨਿਆਂ ਉਪਰ ਚੱਲਣਾ ਚਾਹੀਦਾ ਹੈ ਤਾਂ ਉਨ੍ਹਾਂ ਵੱਲੋਂ ਇਹ ਕਿਹਾ ਜਾਣਾ ਉਨ੍ਹਾਂ ਉਪਰ ਵੀ ਲਾਗੂ ਹੋਣਾ ਚਾਹੀਦਾ ਹੈ।-ਅੱਜ ਦੀ ਆਵਾਜ਼

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp