ਅਮਰੀਕਾ ਦੀ ਲੀਡਰਸ਼ਿਪ ‘ਤੇ ਉੱਠੇ ਸਵਾਲ; ਅੰਤਰਰਾਸ਼ਟਰੀ ਸੁਰੱਖਿਆ ਮੰਚ ਨੇ ਹੋਰਨਾਂ ਦੇਸ਼ਾਂ ਨੂੰ ਕਮਾਨ ਸੰਭਾਲਣ ਦਾ ਦਿੱਤਾ ਸੱਦਾ
ਟੋਰਾਂਟੋ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਕਾਰਨ ਸਾਲਾਂ ਪੁਰਾਣੇ ਗੱਠਜੋੜਾਂ ਵਿੱਚ ਤਣਾਅ ਪੈਦਾ ਹੋਣ ਦਾ ਦਾਅਵਾ ਕਰਦਿਆਂ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਸੁਰੱਖਿਆ ਮੰਚ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਹੁਣ ਲੋਕਤੰਤਰੀ ਦੇਸ਼ਾਂ ਦੇ ਭਰੋਸੇਮੰਦ ਆਗੂ ਵਜੋਂ ਨਹੀਂ ਰਿਹਾ। ਉਨ੍ਹਾਂ ਨੇ ਹੋਰਨਾਂ ਦੇਸ਼ਾਂ ਨੂੰ ਅੱਗੇ ਆ ਕੇ ਲੀਡਰਸ਼ਿਪ ਸੰਭਾਲਣ ਦੀ ਅਪੀਲ ਕੀਤੀ ਹੈ। 'ਹੈਲੀਫੈਕਸ ਅੰਤਰਰਾਸ਼ਟਰੀ ਸੁਰੱਖਿਆ ਮੰਚ' ਦੇ ਪ੍ਰਧਾਨ ਪੀਟਰ ਵੈਨ ਪ੍ਰਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਦੇ ਭਰੋਸੇਮੰਦ ਆਗੂ ਨਾ ਰਹਿਣ ਕਾਰਨ ਲੋਕ, ਸੰਸਥਾਵਾਂ ਅਤੇ ਦੇਸ਼ ਹੁਣ ਇੱਕ ਨਵੀਂ ਦਿਸ਼ਾ ਦੀ ਤਲਾਸ਼ ਕਰ ਰਹੇ ਹਨ। ਉਹ ਅਜਿਹੇ ਮਾਰਗਦਰਸ਼ਕ ਦੀ ਭਾਲ ਵਿੱਚ ਹਨ ਜੋ ਉਨ੍ਹਾਂ ਨੂੰ ਸਹੀ ਰਸਤਾ ਦਿਖਾ ਸਕੇ।
ਉਨ੍ਹਾਂ ਕਿਹਾ ਕਿ ਭਾਵੇਂ ਕੋਈ ਇੱਕ ਦੇਸ਼ ਅਮਰੀਕਾ ਦੇ ਪ੍ਰਭਾਵ ਦੀ ਥਾਂ ਨਹੀਂ ਲੈ ਸਕਦਾ, ਪਰ ਲੋਕਤੰਤਰੀ ਆਦਰਸ਼ਾਂ ਨੂੰ ਕਾਇਮ ਰੱਖਣਾ ਹੁਣ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਆਪਣੇ 18ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕੇ ਇਸ ਫੋਰਮ ਵਿੱਚ ਹਰ ਸਾਲ ਲਗਭਗ 300 ਫੌਜੀ ਅਧਿਕਾਰੀ, ਅਮਰੀਕੀ ਸੰਸਦ ਮੈਂਬਰ, ਕੂਟਨੀਤਕ ਅਤੇ ਵਿਦਵਾਨ ਹਿੱਸਾ ਲੈਂਦੇ ਹਨ। ਇਸ ਦਾ ਆਯੋਜਨ 'ਵੈਸਟਿਨ ਨੋਵਾ ਸਕੋਸ਼ੀਅਨ' ਹੋਟਲ ਵਿੱਚ ਕੀਤਾ ਜਾਂਦਾ ਹੈ। ਦੂਜੇ ਪਾਸੇ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਵਾਰ ਫਿਰ ਕੈਨੇਡਾ ਦੀ ਆਲੋਚਨਾ ਕੀਤੀ।
ਟਰੰਪ ਨੇ ਦੋਸ਼ ਲਾਇਆ ਕਿ ਵਾਸ਼ਿੰਗਟਨ ਨਾਲ ਗੱਲਬਾਤ ਵਿੱਚ ਕੈਨੇਡਾ ਦਾ ਰੁਖ਼ ਪਹਿਲਾਂ ਨਾਲੋਂ ਵਧੇਰੇ ਸਖ਼ਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਕਾਰਨ ਉਨ੍ਹਾਂ ਨੂੰ ਹੱਲਾਸ਼ੇਰੀ ਮਿਲੀ ਹੈ, ਪਰ ਹੁਣ ਅਸੀਂ ਉਨ੍ਹਾਂ ਨੂੰ ਅਜਿਹਾ ਮਹਿਸੂਸ ਨਹੀਂ ਹੋਣ ਦੇ ਸਕਦੇ। ਜ਼ਿਕਰਯੋਗ ਹੈ ਕਿ ਟਰੰਪ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਆਖ ਚੁੱਕੇ ਹਨ ਅਤੇ ਉਨ੍ਹਾਂ ਨੇ ਕੈਨੇਡਾ 'ਤੇ ਅਜਿਹੇ ਟੈਕਸ (ਟੈਰਿਫ) ਵੀ ਲਾਏ ਹਨ, ਜਿਸ ਨਾਲ ਦੋਵਾਂ ਪੁਰਾਣੇ ਸਹਿਯੋਗੀ ਦੇਸ਼ਾਂ ਵਿਚਾਲੇ ਤਣਾਅ ਵਧਿਆ ਹੈ। ਇਸ ਦੇ ਜਵਾਬ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ 'ਤੇ ਆਪਣੀ ਨਿਰਭਰਤਾ ਘਟਾਉਣ ਲਈ ਯੂਰਪ, ਚੀਨ ਅਤੇ ਹੋਰਨਾਂ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨ ਦੀ ਪਹਿਲਕਦਮੀ ਸ਼ੁਰੂ ਕਰ ਦਿੱਤੀ ਹੈ।



