Skip to content
Saturday, November 21, 2026 2°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਅਮਰੀਕਾ ਨਾਲ ਸਮਝੌਤੇ ਲਈ ਤਿਆਰ ਈਰਾਨ; ਸਿਰਫ਼ 2 ਘੰਟਿਆਂ ਵਿੱਚ ਖੁੱਲ੍ਹ ਸਕਦਾ ਹੈ ਹੋਰਮੁਜ਼ ਜਲਮਾਰਗ, ਬੱਸ ਮੰਨਣੀਆਂ ਪੈਣਗੀਆਂ 7 ਸ਼ਰਤਾਂ

By Editor Published 2 min read
ਅਮਰੀਕਾ ਨਾਲ ਸਮਝੌਤੇ ਲਈ ਤਿਆਰ ਈਰਾਨ; ਸਿਰਫ਼ 2 ਘੰਟਿਆਂ ਵਿੱਚ ਖੁੱਲ੍ਹ ਸਕਦਾ ਹੈ ਹੋਰਮੁਜ਼ ਜਲਮਾਰਗ, ਬੱਸ ਮੰਨਣੀਆਂ ਪੈਣਗੀਆਂ 7 ਸ਼ਰਤਾਂ

ਤਹਿਰਾਨ: ਈਰਾਨ ਨੇ ਹੋਰਮੁਜ਼ ਜਲਮਾਰਗ (Strait of Hormuz) ਨੂੰ ਮੁੜ ਖੋਲ੍ਹਣ ਦੇ ਮੁੱਦੇ 'ਤੇ ਅਮਰੀਕਾ ਨਾਲ ਮਾਹਿਰ ਪੱਧਰ ਦੀ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਸੱਚਮੁੱਚ ਤਹਿਰਾਨ ਨਾਲ ਸਮਝੌਤਾ ਕਰਨਾ ਚਾਹੁੰਦਾ ਹੈ, ਤਾਂ ਦੋਵੇਂ ਦੇਸ਼ ਇਸ ਸਮੁੰਦਰੀ ਰਸਤੇ ਨੂੰ ਖੋਲ੍ਹਣ ਦੀ ਯੋਜਨਾ ਅਤੇ ਇਸ ਨੂੰ ਲਾਗੂ ਕਰਨ ਦੀ ਸਮਾਂ-ਸੀਮਾ 'ਤੇ ਚਰਚਾ ਕਰ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨੂੰ ਈਰਾਨ ਨਾਲ ਕਿਸੇ ਸਮਝੌਤੇ ਦੀ ਲੋੜ ਨਹੀਂ ਹੈ, ਅਰਾਘਚੀ ਨੇ ਕਿਹਾ ਕਿ ਤਹਿਰਾਨ ਨੂੰ ਹੁਣ ਤੱਕ ਵਾਸ਼ਿੰਗਟਨ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ। ਈਰਾਨ ਚਾਹੁੰਦਾ ਹੈ ਕਿ ਅਮਰੀਕਾ ਸਪੱਸ਼ਟ ਤੌਰ 'ਤੇ ਐਲਾਨ ਕਰੇ ਕਿ ਉਹ ਸਮਝੌਤਾ ਕਰਨਾ ਚਾਹੁੰਦਾ ਹੈ ਅਤੇ ਵਿਸ਼ਵਾਸ ਬਹਾਲੀ ਲਈ ਕੁਝ ਠੋਸ ਕਦਮ ਚੁੱਕੇ।

ਈਰਾਨੀ ਅਖ਼ਬਾਰ 'ਈਰਾਨ' ਨੂੰ ਦਿੱਤੀ ਇੰਟਰਵਿਊ ਵਿੱਚ ਵਿਦੇਸ਼ ਮੰਤਰੀ ਨੇ ਦੱਸਿਆ ਕਿ ਹੋਰਮੁਜ਼ ਜਲਮਾਰਗ ਖੋਲ੍ਹਣ ਲਈ ਈਰਾਨ ਨੇ ਸੱਤ ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ ਦਾ ਪੂਰਾ ਹੋਣਾ ਜ਼ਰੂਰੀ ਹੈ। ਜੇਕਰ ਅਮਰੀਕਾ ਇਨ੍ਹਾਂ ਸ਼ਰਤਾਂ ਨੂੰ ਲਾਗੂ ਕਰਨ ਦੇ ਤਰੀਕੇ ਬਾਰੇ ਆਪਣੇ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਈਰਾਨ ਗੱਲਬਾਤ ਲਈ ਤਿਆਰ ਹੈ। ਉਨ੍ਹਾਂ ਇੱਕ ਅਹਿਮ ਸੰਕੇਤ ਦਿੰਦਿਆਂ ਕਿਹਾ ਕਿ ਜੇਕਰ ਅਮਰੀਕਾ ਈਰਾਨ ਦੀਆਂ ਸ਼ਰਤਾਂ ਲਾਗੂ ਕਰਨ ਦੀ ਸਮਾਂ-ਸੀਮਾ ਦੋ ਦਿਨਾਂ ਤੋਂ ਘਟਾ ਕੇ ਇੱਕ ਦਿਨ ਜਾਂ ਸਿਰਫ਼ ਦੋ ਘੰਟੇ ਕਰਨਾ ਚਾਹੁੰਦਾ ਹੈ, ਤਾਂ ਤਹਿਰਾਨ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ। ਮੌਜੂਦਾ ਪ੍ਰਸਤਾਵ ਅਨੁਸਾਰ ਅਮਰੀਕਾ ਵੱਲੋਂ ਮੰਗਾਂ ਪੂਰੀਆਂ ਕੀਤੇ ਜਾਣ ਤੋਂ ਦੂਜੇ ਦਿਨ ਜਹਾਜ਼ਾਂ ਦੀ ਆਵਾਜਾਈ ਲਈ ਇਹ ਰਸਤਾ ਖੋਲ੍ਹ ਦਿੱਤਾ ਜਾਵੇਗਾ ਅਤੇ ਉਸੇ ਦਿਨ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਸਕਦੀ ਹੈ।

ਈਰਾਨ ਦੀਆਂ ਪ੍ਰਮੁੱਖ ਮੰਗਾਂ ਵਿੱਚ ਅਮਰੀਕਾ ਵੱਲੋਂ ਹਾਲ ਹੀ ਵਿੱਚ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣਾ ਸ਼ਾਮਲ ਹੈ। ਅਰਾਘਚੀ ਨੇ ਇਸਲਾਮਾਬਾਦ ਮੈਮੋਰੰਡਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਇਹ ਹੁਣ ਗੱਲਬਾਤ ਦੀ ਮੇਜ਼ 'ਤੇ ਨਹੀਂ ਹੈ, ਪਰ ਇਸ ਦੇ ਸਿਧਾਂਤ ਕਿਸੇ ਸੰਭਾਵੀ ਸਮਝੌਤੇ ਦਾ ਆਧਾਰ ਬਣ ਸਕਦੇ ਹਨ। ਈਰਾਨ ਦੀ ਇਸ ਪੇਸ਼ਕਸ਼ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਡੋਨਾਲਡ ਟਰੰਪ ਦੇ ਰੁਖ਼ 'ਤੇ ਟਿਕੀਆਂ ਹੋਈਆਂ ਹਨ। ਹੋਰਮੁਜ਼ ਜਲਮਾਰਗ ਵਿਸ਼ਵ ਪੱਧਰ 'ਤੇ ਤੇਲ ਅਤੇ ਊਰਜਾ ਸਪਲਾਈ ਲਈ ਬੇਹੱਦ ਅਹਿਮ ਹੈ, ਇਸ ਲਈ ਇਸ ਸਬੰਧੀ ਕਿਸੇ ਵੀ ਸਮਝੌਤੇ ਦਾ ਸਿੱਧਾ ਅਸਰ ਕੌਮਾਂਤਰੀ ਊਰਜਾ ਬਾਜ਼ਾਰ ਅਤੇ ਵਿਸ਼ਵ ਅਰਥਵਿਵਸਥਾ 'ਤੇ ਪਵੇਗਾ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp