ਈਰਾਨ ਨੇ ਜੈਵਿਕ ਤੇ ਰਸਾਇਣਕ ਹਥਿਆਰਾਂ ਦੇ ਅਮਰੀਕੀ ਦਾਅਵਿਆਂ ਨੂੰ ਕੀਤਾ ਖ਼ਾਰਜ, 2003 ਦੇ ਇਰਾਕ ਯੁੱਧ ਦੀ ਦਿਵਾਈ ਯਾਦ
ਤਹਿਰਾਨ (ਈਰਾਨ): ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਵੀਰਵਾਰ ਨੂੰ ਉਨ੍ਹਾਂ ਅਮਰੀਕੀ ਦਾਅਵਿਆਂ ਨੂੰ ਸਖ਼ਤੀ ਨਾਲ ਖ਼ਾਰਜ ਕਰ ਦਿੱਤਾ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਤਹਿਰਾਨ ਜੈਵਿਕ ਜਾਂ ਰਸਾਇਣਕ ਹਥਿਆਰ ਤਿਆਰ ਕਰ ਰਿਹਾ ਹੈ। ਬਘਾਈ ਨੇ ਵਾਸ਼ਿੰਗਟਨ 'ਤੇ ਦੋਸ਼ ਲਾਇਆ ਕਿ ਉਹ 2003 ਵਿੱਚ ਇਰਾਕ 'ਤੇ ਹਮਲੇ ਤੋਂ ਪਹਿਲਾਂ ਲਗਾਏ ਗਏ ਬੇਬੁਨਿਆਦ ਇਲਜ਼ਾਮਾਂ ਵਾਲੀ ਪੁਰਾਣੀ ਕਹਾਣੀ ਨੂੰ ਹੀ ਦੁਹਰਾ ਰਿਹਾ ਹੈ।
ਬਘਾਈ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ ਕਿ ਈਰਾਨ ਖ਼ਿਲਾਫ਼ ਅਮਰੀਕੀ ਦੋਸ਼ ਭਾਵੇਂ ਬਦਲਦੇ ਰਹਿੰਦੇ ਹਨ, ਪਰ ਉਨ੍ਹਾਂ ਪਿੱਛੇ ਦੀ ਕਹਾਣੀ ਉਹੀ ਪੁਰਾਣੀ ਅਤੇ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 'ਈਰਾਨੀ ਪਰਮਾਣੂ ਖ਼ਤਰੇ' ਦੀ ਗੱਲ ਕੀਤੀ ਗਈ ਅਤੇ ਹੁਣ ਜੈਵਿਕ ਤੇ ਰਸਾਇਣਕ ਹਥਿਆਰਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਦੁਨੀਆ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਹ 'ਫਾਈਂਡਿੰਗ ਨੀਮੋ' ਫ਼ਿਲਮ ਦੀ ਮੱਛੀ 'ਡੋਰੀ' ਵਾਂਗ ਸਭ ਕੁਝ ਜਲਦੀ ਭੁੱਲ ਜਾਵੇਗੀ।
ਬੁਲਾਰੇ ਨੇ 2003 ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਾਹਮਣੇ ਤਤਕਾਲੀ ਅਮਰੀਕੀ ਵਿਦੇਸ਼ ਮੰਤਰੀ ਕੌਲਿਨ ਪਾਵੇਲ ਵੱਲੋਂ ਇਰਾਕ ਦੇ ਕਥਿਤ 'ਜਨਸੰਹਾਰ ਦੇ ਹਥਿਆਰਾਂ' (WMDs) ਬਾਰੇ ਦਿੱਤੀ ਗਈ ਪੇਸ਼ਕਾਰੀ ਦਾ ਜ਼ਿਕਰ ਕਰਦਿਆਂ ਇਸ ਨੂੰ ਆਧੁਨਿਕ ਇਤਿਹਾਸ ਦਾ ਸਭ ਤੋਂ ਵੱਡਾ ਸਿਆਸੀ ਧੋਖਾ ਦੱਸਿਆ। ਉਨ੍ਹਾਂ ਕਿਹਾ ਕਿ ਬੇਬੁਨਿਆਦ ਖ਼ੁਫ਼ੀਆ ਦਾਅਵਿਆਂ ਦੀ ਵਰਤੋਂ ਜਨਤਾ ਦਾ ਸਮਰਥਨ ਜੁਟਾਉਣ ਅਤੇ ਫ਼ੌਜੀ ਹਮਲੇ ਦਾ ਰਾਹ ਪੱਧਰਾ ਕਰਨ ਲਈ ਕੀਤੀ ਗਈ ਸੀ, ਜਿਸ ਦੇ ਨਤੀਜੇ ਇਰਾਕ, ਪੂਰੇ ਖੇਤਰ ਅਤੇ ਖ਼ੁਦ ਅਮਰੀਕਾ ਲਈ ਵਿਨਾਸ਼ਕਾਰੀ ਰਹੇ। ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਚੇਤਾਵਨੀ ਦਿੱਤੀ ਕਿ ਅਜਿਹੇ ਧੋਖੇਭਰੇ ਬਿਰਤਾਂਤ ਨੂੰ ਮੁੜ ਜਨਮਤ ਪ੍ਰਭਾਵਿਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ।
ਇਸੇ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਈਰਾਨ ਬਾਰੇ ਕੋਈ ਵੀ ਫ਼ੈਸਲਾ ਲੈਣ ਵਿੱਚ ਜਲਦਬਾਜ਼ੀ ਨਹੀਂ ਕਰ ਰਹੇ ਅਤੇ ਨਵੇਂ ਸਾਲ ਦੀ ਸ਼ੁਰੂਆਤ ਤੋਂ ਬਾਅਦ ਹੀ ਹਾਲਾਤ ਦਾ ਜਾਇਜ਼ਾ ਲੈਣਗੇ। ਚੀਨ ਤੋਂ ਵਾਪਸ ਆਉਂਦੇ ਸਮੇਂ 'ਏਅਰ ਫੋਰਸ ਵਨ' ਤੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ APEC ਸਿਖਰ ਸੰਮੇਲਨ ਦੌਰਾਨ ਸ਼ੀ ਜਿਨਪਿੰਗ ਅਤੇ ਵਲਾਦੀਮੀਰ ਪੁਤਿਨ ਨਾਲ ਹੋਈ ਤ੍ਰਿਪੱਖੀ ਬੈਠਕ ਵਿੱਚ ਈਰਾਨ ਨਾਲ ਜੰਗ ਦੇ ਮੁੱਦੇ 'ਤੇ ਵੀ ਚਰਚਾ ਕੀਤੀ ਸੀ। ਟਰੰਪ ਨੇ ਕਿਹਾ ਕਿ ਚੀਨ ਅਤੇ ਰੂਸ ਚਾਹੁੰਦੇ ਹਨ ਕਿ ਇਹ ਟਕਰਾਅ ਖ਼ਤਮ ਹੋਵੇ, ਹਾਲਾਂਕਿ ਬੈਠਕ ਦਾ ਮੁੱਖ ਧਿਆਨ ਯੂਕਰੇਨ 'ਤੇ ਸੀ।



