ਮੈਨੂੰ ਦੂਰਦਰਸ਼ਨ ਵਿਚ ਬਿਤਾਏ ਪਲ ਬਹੁਤ ਯਾਦ ਆਉਂਦੇ ਹਨ। ਇਹ ਉਹ ਸਮਾਂ ਸੀ ਜਦੋਂ ਦੂਰਦਰਸ਼ਨ ਦੀ ਨੌਕਰੀ ਸਿਰਫ਼ ਇਕ ਸਰਕਾਰੀ ਨੌਕਰੀ ਨਹੀਂ ਸੀ, ਇਹ ਉਤਸ਼ਾਹ ਤੇ ਜਨੂੰਨ ਨਾਲ ਭਰਿਆ ਇਕ ਰਚਨਾਤਮਕ ਸਫ਼ਰ ਸੀ ਜਿਸ ਨੂੰ ਮੈਂ ਖ਼ੂਬ ਮਾਣਿਆ। ਦੂਰਦਰਸ਼ਨ ਦੇ ਬਲੈਕ ਐਂਡ ਵ੍ਹਾਈਟ ਫਿਲਮਾਂ ਅਤੇ ਆਡੀਓ ਸਪੂਲਾਂ ਨਾਲ ਫਿਲਮ ਪ੍ਰੋਸੈੱਸ ਲੈਬ ਤੋਂ ਸ਼ੁਰੂ ਹੋਇਆ ਇਹ ਸਫ਼ਰ ਟੈਲੀਵਿਜ਼ਨ ਦੀ ਦੁਨੀਆ ਤੱਕ ਅੱਗੇ ਹੀ ਅੱਗੇ ਵਧਦਾ ਰਿਹਾ। ਦੂਰਦਰਸ਼ਨ ਵਿਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਭਾਰਤ ਸਰਕਾਰ ਵੱਲੋਂ ਚੁਣੇ ਜਾਣ ਤੋਂ ਬਾਅਦ ਮੈਨੂੰ ਭਾਰਤੀ ਪ੍ਰਸਾਰਨ ਸੇਵਾ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦਿਨਾਂ ਵਿਚ ਦੂਰਦਰਸ਼ਨ ਦਾ ਦਰਸ਼ਕਾਂ ’ਚ ਆਪਣਾ ਹੀ ਜਨੂੰਨ ਸੀ। ਇਹ 1984 ਦੇ ਦਿਨ ਸਨ। ਦੂਰਦਰਸ਼ਨ ਆਪਣੇ ਨਵੇਂ ਸਫ਼ਰ ’ਤੇ ਨਵੀਂ ਉਡਾਨ ਭਰ ਰਿਹਾ ਸੀ ਅਤੇ ਭਾਰਤੀ ਦਰਸ਼ਕਾਂ ਦੇ ਮਨਾਂ ਵਿਚ ਇਕ ਨਵੀਂ ਥਾਂ ਬਣਾ ਰਿਹਾ ਸੀ। ਦੂਰਦਰਸ਼ਨ, ਜਿਸ ਨੂੰ ਇਕ ਜਨਤਕ ਪ੍ਰਸਾਰਕ ਕਿਹਾ ਜਾਂਦਾ ਹੈ, ਭਾਰਤ ਸਰਕਾਰ ਦੇ ਨਿਯੰਤਰਣ ਵਿਚ ਇਕ ਆਜ਼ਾਦਾਨਾ ਤੌਰ ’ਤੇ ਕੰਮ ਕਰਦਾ ਸੀ ਅਤੇ ਕਰ ਰਿਹਾ ਹੈ ਪਰ ਇਹ ਧਾਰਨਾ ਵੱਖਰੀ ਹੈ ਕਿ ਉਸ ਨੂੰ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ।

ਮੈਂ 1984 ਤੋਂ 1988 ਤੱਕ ਜਲੰਧਰ ਦੂਰਦਰਸ਼ਨ ਵਿਚ ਸਮਾਂ ਬਿਤਾਇਆ। ਉੱਥੇ ਕੰਮ ਕਰਨ ਦਾ ਇਹ ਸਫ਼ਰ ਰਚਨਾਤਮਕ ਅਤੇ ਸ਼ਾਨਦਾਰ ਯਾਦਾਂ ਨਾਲ ਭਰਪੂਰ ਹੈ। ਖਾਲਸਾ ਕਾਲਜ ਜਲੰਧਰ ਵਿਚ ਪੜ੍ਹਦਿਆਂ ਹੋਇਆਂ ਬਿਤਾਏ ਦਿਨ, ਦੂਰਦਰਸ਼ਨ ਵਿਚ ਬਲੈਕ ਐਂਡ ਵ੍ਹਾਈਟ ਰਿਕਾਰਡਿੰਗ ਲਈ ਦਿੱਲੀ ਜਾਂਦੇ ਸਮੇਂ ਸਵਰਗੀ ਵਿਨੋਦ ਦੁਆ ਵਰਗੇ ਦੋਸਤਾਂ ਨਾਲ ਬਿਤਾਏ ਪਲ ਅਤੇ ਉਸ ਸਮੇਂ ਦੇ ਜਲੰਧਰ ਦੂਰਦਰਸ਼ਨ ਦਾ ਅਨੋਖਾ ਮਾਹੌਲ ਭੁੱਲਿਆਂ ਨਹੀਂ ਭੁੱਲਦਾ। ਉਦੋਂ ਸਰਹੱਦ ਦੇ ਪਾਰ ਵੀ ਵੱਡੀ ਗਿਣਤੀ ਵਿਚ ਦੂਰਦਰਸ਼ਨ ਦੇ ਦਰਸ਼ਕ ਮੌਜੂਦ ਸਨ। ਇਹ ਦੂਰਦਰਸ਼ਨ ਦੀ ਸਥਾਪਨਾ ਦੇ ਦਿਨ ਸਨ। ਜਲੰਧਰ ਦੂਰਦਰਸ਼ਨ ਦਾ ਆਂਗਨ ਅਸੀਂ ਆਪਣੀਆਂ ਅੱਖਾਂ ਸਾਹਮਣੇ ਉਸਰਦਾ ਦੇਖਿਆ। ਵਿਲੱਖਣ ਪਛਾਣ ਵਾਲੇ ਉਹ ਕਲਾਕਾਰ ਜਿਨ੍ਹਾਂ ਨੂੰ ਵਧਦੇ-ਫੁੱਲਦੇ ਦੇਖਿਆ, ਅੱਜ ਉਹ ਭਾਰਤੀ ਥੀਏਟਰ ਅਤੇ ਭਾਰਤੀ ਟੈਲੀਵਿਜ਼ਨ ਜਗਤ ਦੇ ਚਮਕਦੇ ਸਿਤਾਰੇ ਹਨ। ਮੈਨੂੰ ਮਾਣ ਹੈ ਕਿ ਮੈਂ ਬਲੈਕ ਅਤੇ ਵ੍ਹਾਈਟ ਤੋਂ ਰੰਗਦਾਰ ਤੱਕ ਦੂਰਦਰਸ਼ਨ ਦੇ ਸਫ਼ਰ ਦਾ ਗਵਾਹ ਹਾਂ। ਕੁਝ ਆਫ਼ਤਾਂ ਨੂੰ ਛੱਡ ਕੇ ਉਸ ਸਮੇਂ ਟੈਲੀਵਿਜ਼ਨ ਦੀ ਇਸ ਨਵੀਂ ਦੁਨੀਆ ਵਿਚ ਬਹੁਤ ਉਥਲ-ਪੁਥਲ ਸੀ। ਦੂਰਦਰਸ਼ਨ ਵਿਚ ਕੰਮ ਕਰਨ ਵਾਲੇ ਲੋਕ ਜੋ ਬਾਅਦ ਵਿਚ ਮਸ਼ਹੂਰ ਨਿਰਮਾਤਾ ਅਤੇ ਨਿਰਦੇਸ਼ਕ ਬਣੇ, ਉਨ੍ਹਾਂ ਵਿਚ ਐੱਸ ਕੇ ਸਿੰਘ, ਨਿਰਮਾਤਾ-ਨਿਰਦੇਸ਼ਕ ਚਮਨ ਬੱਗਾ, ਮਰਹੂਮ ਸੁਰਿੰਦਰ ਸਾਹਨੀ ਅਤੇ ਸੁਰਿੰਦਰ ਸ਼ਰਮਾ ਸਮੇਤ ਕਈ ਹੋਰ ਸ਼ਾਮਲ ਸਨ। ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਮੈਂ ਪੰਜਾਬੀ ਪਿਛੋਕੜ ਦੇ ਪ੍ਰਸਿੱਧ ਲੇਖਕ ਅਤੇ ਉਸ ਸਮੇਂ ਦੇ ਸਮਾਚਾਰ ਸੰਪਾਦਕ ‘ਧਰਤੀ ਧਨ ਆਪਣੀ’ ਵਰਗੇ ਨਾਵਲਕਾਰ ਜਗਦੀਸ਼ ਚੰਦਰ ਵੈਦਿਆ ਨਾਲ ਕੰਮ ਕੀਤਾ। ਜਲੰਧਰ ਦੂਰਦਰਸ਼ਨ ਦੀਆਂ ਯਾਦਾਂ ਸੰਜੋਅ ਕੇ ਪ੍ਰੋਗਰਾਮ ਰਿਕਾਰਡ ਕੀਤੇ ਗਏ। ਮੈਂ ਹਾਫਿਜ਼ ਜਲੰਧਰੀ ਤੋਂ ਲੈ ਕੇ ਪ੍ਰਭਾਕਰ ਮਾਚਵੇ ਤੱਕ ਪ੍ਰਸਿੱਧ ਸਾਹਿਤਕਾਰਾਂ ਨਾਲ ਮੁਲਾਕਾਤਾਂ ਦੀ ਰਿਕਾਰਡਿੰਗ ਕਰਦਾ ਰਿਹਾ ਹਾਂ। ਅੱਜ ਵੀ ਦੂਰਦਰਸ਼ਨ ਦੇ ਆਰਕਾਈਵਜ਼ ’ਚ ਲੰਬੀਆਂ ਮੁਲਾਕਾਤਾਂ ਦੇ ਇਹ ਸ਼ਾਨਦਾਰ ਪ੍ਰੋਗਰਾਮ ਜ਼ਰੂਰ ਮੌਜੂਦ ਹੋਣਗੇ। ਮੈਨੂੰ ਮੇਰੇ ਪੁਰਾਣੇ ਦੋਸਤ, ਫਿਲਮ ਆਲੋਚਕ ਤੇ ਉਸ ਸਮੇਂ ਦੇ ਨਿਰਦੇਸ਼ਕ ਨੇਤਰ ਸਿੰਘ ਰਾਵਤ ਨਾਲ ਹੋਈ ਗੱਲਬਾਤ ਅੱਜ ਵੀ ਯਾਦ ਹੈ।

ਇਹ ਰਚਨਾਤਮਕਤਾ ਸਾਹਿਤਕ ਸਫ਼ਰ ਅਤੇ ਜਨੂੰਨ ਦੀ ਹੱਦ ਸੀ ਜਦੋਂ ਇੱਥੇ ਰਾਤ ਭਰ ਕੰਮ ਕੀਤਾ ਜਾਂਦਾ ਸੀ ਅਤੇ ਜਿਸ ਤਰ੍ਹਾਂ ਅਸੀਂ ਉਨ੍ਹਾਂ ਦਿਨਾਂ ਵਿਚ ਕਾਲੇ ਅਤੇ ਚਿੱਟੇ ਤੋਂ ਰੰਗੀਨ ਤਕਨਾਲੋਜੀ ਤੱਕ ਖ਼ਬਰਾਂ ਦਾ ਪ੍ਰਸਾਰਨ ਕਰਦੇ ਸਾਂ, ਉਹ ਸਭ ਕੁਝ ਅੱਜ ਵੀ ਮੇਰੀਆਂ ਯਾਦਾਂ ਵਿਚ ਉੱਕਰਿਆ ਹੋਇਆ ਹੈ। ਇਹ ਦੂਰਦਰਸ਼ਨ ਦੇ ਸੁਨਹਿਰੀ ਦਿਨ ਸਨ ਅਤੇ ਉਸ ਸਮੇਂ ਉਹ ਭਾਰਤੀ ਜਨਤਾ ਦੇ ਇਕ ਵੱਡੇ ਹਿੱਸੇ ਨੂੰ ਆਕਰਸ਼ਿਤ ਕਰ ਰਿਹਾ ਸੀ ਅਤੇ ਉਨ੍ਹਾਂ ਦੇ ਜੀਵਨ ਵਿਚ ਉਥਲ-ਪੁਥਲ ਪੈਦਾ ਕਰ ਰਿਹਾ ਸੀ। ਜਿਸ ਤਰ੍ਹਾਂ ਨਵੀਂ ਪੀੜ੍ਹੀ ਦੇ ਨਿਰਮਾਤਾਵਾਂ, ਨਿਰਦੇਸ਼ਕਾਂ, ਲੇਖਕਾਂ, ਪੱਤਰਕਾਰਾਂ ਅਤੇ ਸਿਆਸਤਦਾਨਾਂ ਦਾ ਨਜ਼ਰੀਆ ਦੂਰਦਰਸ਼ਨ ਕਵਰ ਕਰਦਾ ਸੀ, ਉਹ ਅੱਜ ਵੀ ਮੇਰੀਆਂ ਯਾਦਾਂ ਵਿਚ ਵਸਿਆ ਹੋਇਆ ਹੈ। ਹਿੰਦੀ ਦੇ ਮਸ਼ਹੂਰ ਕਵੀ ਕੁਮਾਰ ਵਿਮਲ ਅਤੇ ਮਰਹੂਮ ਡਾ. ਵਿਸ਼ਵਨਾਥ ਤਿਵਾੜੀ ਵਰਗੇ ਲੋਕਾਂ ਦੀ ਰਿਕਾਰਡਿੰਗ ਅਤੇ ਉਨ੍ਹਾਂ ਨੂੰ ਸਟੇਜ ’ਤੇ ਇਕੱਠੇ ਬੈਠ ਕੇ ਰਿਕਾਰਡ ਕਰਨਾ ਜਲੰਧਰ ਦੂਰਦਰਸ਼ਨ ਨਾਲ ਸਬੰਧਤ ਮੇਰੀਆਂ ਯਾਦਾਂ ਦਾ ਹਿੱਸਾ ਹਨ। ਇਸੇ ਤਰ੍ਹਾਂ ਪ੍ਰਸਿੱਧ ਸਿੱਖ ਵਿਦਵਾਨ ਖੋਜੀ ਸ਼ਮਸ਼ੇਰ ਸਿੰਘ ਅਸ਼ੋਕ ਦੀਆਂ ਯਾਦਾਂ ਵੀ ਮੇਰੇ ਜ਼ਿਹਨ ’ਚ ਤਰੋ-ਤਾਜ਼ਾ ਹਨ। ਨਿਰਗੁਣੀਆ ਦੇ ਸੰਪਾਦਕ ਬੇਦੀ ਲਾਲ ਸਿੰਘ ਸਾਹਿਤਕਾਰ ਦਾ ਨਾਂ ਵੀ ਮੇਰੀਆਂ ਯਾਦਾਂ ਵਿਚ ਤਾਜ਼ਾ ਰਹੇਗਾ। ਇਹ ਸੱਚਮੁੱਚ ਦੂਰਦਰਸ਼ਨ ਦੇ ਦਿਨ ਸਨ। ਪੰਜਾਬ ਦੇ ਆਲੇ-ਦੁਆਲੇ ਘੁੰਮਣਾ ਅਤੇ ਜਨੂੰਨ ਦੇ ਇਹ ਦਿਨ ਮੇਰੀਆਂ ਯਾਦਾਂ ਵਿਚ ਤਾਜ਼ਾ ਰਹਿਣਗੇ। ਮੈਨੂੰ ਚੇਤੇ ਹੈ ਕਿ ਅੱਤਵਾਦ ਦੇ ਦਿਨਾਂ ਵਿਚ ਮੈਂ ਸੁਦੇਸ਼ ਭਾਟੀਆ ਵਰਗੇ ਕੈਮਰਾਮੈਨ ਨਾਲ ਪੂਰੀ ਰਾਤ ਜਾਗਣਾ। ਉਨ੍ਹਾਂ ਕਾਲੇ ਦਿਨਾਂ ਵਿਚ ਅਸੀਂ ਜਲੰਧਰ ਦੂਰਦਰਸ਼ਨ ਲਈ ਜਾਨ ਜੋਖ਼ਮ ’ਚ ਪਾ ਕੇ ਖ਼ਬਰਾਂ ਨੂੰ ਕਵਰ ਕੀਤਾ।

ਦੂਰਦਰਸ਼ਨ ਦਾ ਜਨੂੰਨ ਜੋ ਮੇਰੀਆਂ ਯਾਦਾਂ ਵਿਚ ਰਹਿੰਦਾ ਹੈ, ਉਸ ਨੇ ਮੈਨੂੰ ਅੱਜ ਤੱਕ ਰਚਨਾਤਮਕਤਾ ਅਤੇ ਨਵੀਂ ਊਰਜਾ ਨਾਲ ਭਰਿਆ ਹੋਇਆ ਹੈ। ਉਨ੍ਹਾਂ ਦਿਨਾਂ ਵਿਚ ਘਰ ਅਤੇ ਆਪਣੇ ਲਈ ਬਹੁਤ ਸਾਰੇ ਕੰਮ ਕਰਨੇ ਪੈਂਦੇ ਸਨ ਪਰ ਕੰਮ ਕਰਨ ਦਾ ਜਜ਼ਬਾ ਅਤੇ ਨਵੀਂ ਊਰਜਾ ਦਾ ਸੰਚਾਰ ਆਪਣੇ ਕਰੀਬੀ ਦਾਇਰੇ ਦੇ ਲੋਕਾਂ ਨੇ ਕੀਤਾ ਸੀ। ਦੂਰਦਰਸ਼ਨ ਦਾ ਉਹ ਜ਼ਮਾਨਾ ਅਦਭੁਤ ਅਤੇ ਅਸਾਧਾਰਨ ਸੀ। ਇਕ ਨਿਰਮਾਤਾ ਤੋਂ ਲੈ ਕੇ ਦੂਰਦਰਸ਼ਨ ਕੇਂਦਰ ਦਾ ਡਾਇਰੈਕਟਰ ਬਣਨ ਤੱਕ ਅਤੇ ਡਿਪਟੀ ਡਾਇਰੈਕਟਰ ਜਨਰਲ ਬਣਨ ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਬਹੁਤ ਚੁਣੌਤੀਆਂ ਭਰਪੂਰ ਰਿਹਾ ਹੈ। ਅਜਿਹਾ ਸਫ਼ਰ ਜਿੱਥੇ ਹਾਲੇ ਵੀ ਨਾ ਰਾਤ ਹੈ, ਨਾ ਦਿਨ ਹੈ, ਜ਼ਿੰਦਗੀ ਇਸੇ ਜਨੂੰਨ ਦਾ ਨਾਮ ਹੈ। ਅੱਜ 15 ਸਤੰਬਰ ਨੂੰ ਜਦੋਂ ਪੂਰੇ ਭਾਰਤ ਵਿਚ ਦੂਰਦਰਸ਼ਨ ਦਿਵਸ ਯਾਨੀ ਕਿ ਟੈਲੀਵਿਜ਼ਨ ਦੀ ਸ਼ੁਰੂਆਤ ਦਾ ਦਿਨ ਮਨਾਇਆ ਜਾ ਰਿਹਾ ਹੈ, ਮੈਨੂੰ ਇਸ ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਇਸ ਕਾਲੇ-ਚਿੱਟੇ ਅਤੇ ਰੰਗੀਨ ਛੋਟੇ ਪਰਦੇ ’ਤੇ ਅਸੀਂ ਵੀ ਯੋਗਦਾਨ ਪਾਇਆ ਹੈ ਅਤੇ ਆਪਣੀ ਭਾਸ਼ਾ ਵਿਚ ਇਸ ਦੀਆਂ ਰੰਗੀਨ ਯਾਦਾਂ ਦੇ ਚਿੱਤਰਾਂ ਵਿਚ ਆਪਣੇ ਲੋਕਾਂ ਨਾਲ ਜੀਵਨ ਦਾ ਪ੍ਰਤੀਬਿੰਬ ਦੇਖਿਆ ਹੈ। ਇਹੋ ਦੁਆ ਹੈ ਕਿ ਸ਼ਾਲਾ, ਦੂਰਦਰਸ਼ਨ ਦੀ ਸ਼ਾਨਦਾਰ ਪਛਾਣ ਬਣੀ ਰਹੇ ਅਤੇ ਲੋਕ ਇਸ ਨੂੰ ਹਰ ਰੂਪ ਵਿਚ ਪਸੰਦ ਕਰਨ।

-ਕਿ੍ਰਸ਼ਨ ਕੁਮਾਰ ਰੱਤੂ

-(ਲੇਖਕ ਦੂਰਦਰਸ਼ਨ ਦਾ ਡਿਪਟੀ ਡਾਇਰੈਕਟਰ ਜਨਰਲ ਰਹਿ ਚੁੱਕਾ ਹੈ)।

-ਮੋਬਾਈਲ : 94787-30156