ਮੁੰਬਈ (ਏਜੰਸੀ) : ਮੁੰਬਈ ਪੁਲਿਸ ਨੇ 31 ਸਾਲਾ ਮੈਕਸੀਕਨ ਔਰਤ ਨਾਲ ਵਾਰ-ਵਾਰ ਜਬਰ ਜਨਾਹ ਕਰਨ ਦੇ ਦੋਸ਼ ਵਿਚ ਇਕ ਜਣਾ ਕਾਬੂ ਕੀਤਾ ਹੈ। ਬਾਂਦਰਾ ਪੁਲਿਸ ਸਟੇਸ਼ਨ ਦੇ ਅਫ਼ਸਰ ਨੇ ਦੱਸਿਆ ਕਿ ਔਰਤ ਡੀਜੇ ਦਾ ਕੰਮ ਕਰਦੀ ਹੈ ਤੇ 35 ਸਾਲਾ ਮੁਲਜ਼ਮ ਵੀ ਇਹੀ ਕੰਮ ਕਰਦਾ ਹੈ। ਲੰਘੇ ਹਫ਼ਤੇ ਪੀੜਤ ਔਰਤ ਦੀ ਸ਼ਿਕਾਇਤ ਦੇ ਅਧਾਰ ’ਤੇ ਕੇਸ ਦਰਜ ਕੀਤਾ ਸੀ ਤੇ ਹੁਣ ਮੁਲਜ਼ਮ ਕਾਬੂ ਕਰ ਲਿਆ ਹੈ।

ਪੁਲਿਸ ਮੁਤਾਬਕ ਮੁਲਜ਼ਮ ਨੇ 2019 ਤੋਂ ਹੁਣ ਤੱਕ ਕਈ ਵਾਰ ਮੈਕਸੀਕਨ ਔਰਤ ਨਾਲ ਜਬਰ ਜਨਾਹ ਕੀਤਾ। ਪੀੜਤ ਮੈਕਸੀਕਨ ਔਰਤ ਮੁੰਬਈ ਵਿਚ ਰਹਿੰਦੀ ਹੈ। ਔਰਤ ਨੇ ਸ਼ਿਕਾਇਤ ਵਿਚ ਦੱਸਿਆ ਹੈ ਕਿ 2017 ਵਿਚ ਇੰਟਰਨੈੱਟ ਮੀਡੀਆ ਜ਼ਰੀਏ ਉਹ ਇਸ ਵਿਅਕਤੀ ਨੂੰ ਮਿਲੀ ਸੀ। ਮੁਲਜ਼ਮ ਨੇ ਜੁਲਾਈ 2019 ਵਿਚ ਕੰਮ ਦਿਵਾਉਣ ਦੇ ਬਹਾਨੇ ਬਾਂਦਰਾ ਸਥਿਤ ਘਰ ਵਿਚ ਮੈਕਸੀਕਨ ਔਰਤ ਨਾਲ ਸਰੀਰਕ ਸਬੰਧ ਬਣਾ ਲਏ ਸਨ। ਫਿਰ ਮੁਲਜ਼ਮ ਨੇ ਇਸ ਔਰਤ ਨੂੰ ਆਪਣੇ ਨਾਲ ਕੰਮ ’ਤੇ ਰੱਖ ਲਿਆ ਤੇ ਉਦੋਂ ਤੋਂ ਹੁਣ ਤੱਕ ਕਈ ਵਾਰ ਜਬਰ ਜਨਾਹ ਕਰਦਾ ਰਿਹਾ ਹੈ। ਇਸ ਤੋਂ ਬਾਅਦ ਨੌਕਰੀ ਤੋਂ ਕੱਢਣ ਦੀ ਧਮਕੀ ਦੇ ਕੇ ਉਹ ਔਰਤ ਨੂੰ ਬਲੈਕਮੇਲ ਕਰਦਾ ਰਿਹਾ। ਸ਼ਿਕਾਇਤ ਕਰਤਾ ਮੈਕਸੀਕਨ ਔਰਤ ਮੁਤਾਬਕ ਇਹ ਮੁਲਜ਼ਮ ਉਸ ਨਾਲ ਗ਼ੈਰ-ਕੁਦਰਤੀ ਤਰੀਕੇ ਨਾਲ ਵੀ ਸਰੀਰਕ ਸਬੰਧ ਬਣਾਉਂਦਾ ਰਿਹਾ ਹੈ।

ਮੁਲਜ਼ਮ 2020 ਵਿਚ ਵਿਆਹਿਆ ਗਿਆ ਸੀ ਪਰ ਇਸ ਦੇ ਬਾਵਜੂਦ ਉਹ ਸ਼ਿਕਾਇਤ ਕਰਤਾ ਔਰਤ ਨੂੰ ਭੱਦੇ ਮੈਸੇਜ ਭੇਜਦਾ ਰਿਹਾ ਤੇ ਸਰੀਰਕ ਸਬੰਧ ਬਣਾਉਣ ਦੀ ਮੰਗ ਕਰਦਾ ਰਿਹਾ। ਤੰਗ ਆ ਕੇ ਉਸ ਨੇ ਪੁਲਿਸ ਤੱਕ ਪਹੁੰਚ ਕੀਤੀ ਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਾਂਚ ਮਗਰੋਂ ਡੀਜੇ ਦਾ ਕੰਮ ਕਰਨ ਵਾਲਾ ਮੁੰਬਈ ਵਾਸੀ ਗਿ੍ਰਫ਼ਤਾਰ ਕੀਤਾ ਹੈ।