Ad-Time-For-Vacation.png

ਭਾਰਤ ਦੀ ਮਾਉਵਾਦੀਆਂ(ਨਕਸਲਬਾੜੀ) ਦੀ ਫੌਜ ਦੀ ਤਾਕਤ

29 ਮਾਰਚ ਨੂੰ ਮਾਉਵਾਦੀਆਂ ਨੇ ਛੱਤੀਸਗੜ੍ਹ ਦੇ ਜ਼ਿਲ੍ਹਾ ਦਾਂਤੇਵਾੜਾ ਵਿਚ ਬਾਰੂਦੀ ਸੁਰੰਗ ਨਾਲ ਸੀ.ਆਰ.ਪੀ.ਐਫ਼ ਦੀ ਬਕਤਰਬੰਦ ਗੱਡੀ ਉਡਾ ਕੇ 7 ਜਵਾਨ ਮਾਰ ਦਿਤੇ। ਮਾਉਵਾਦੀ ਹਿੰਸਾ ਦੇ ਇਸ ਅਜਗਰ ਨੇ ਹੁਣ ਤਕ ਭਾਰਤ ਦੀ ਕਿਸੇ ਵੀ ਅਤਿਵਾਦੀ ਲਹਿਰ ਤੋਂ ਜ਼ਿਆਦਾ ਬੇਗੁਨਾਹ ਨਿਗਲੇ ਹਨ। ਭਾਰਤ-ਪਾਕਿਸਤਾਨ ਵਿਚਕਾਰ 1947-48, 1965, 1971 ਅਤੇ ਕਾਰਗਿਲ ਯੁੱਧ ਹੋਏ ਹਨ। ਇਨ੍ਹਾਂ ਯੁੱਧਾਂ ਵਿਚ 1947-48 ਵਿਚ 1500, 1965 ਵਿਚ 3548, 1971 ਵਿਚ 3000, ਕਾਰਗਿਲ ਵਿਚ 527 ਅਤੇ 1962 ਦੇ ਭਾਰਤ-ਚੀਨ ਯੁੱਧ ਵਿਚ 1383, ਕੁਲ 9958 ਭਾਰਤੀ ਜਵਾਨ ਮਾਰੇ ਗਏ ਸਨ। ਪਰ ਇਸ ਮਾੳੇਵਾਦੀਆਂ ਦੀ ਫੌਜ ਹੱਥੋਂ ਸਾਰੀਆਂ ਜੰਗਾਂ ਤੋਂ ਵੱਧ, 2500 ਜਵਾਨਾਂ ਸਮੇਤ 13362 ਵਿਅਕਤੀ ਜਾਨ ਤੋਂ ਹੱਥ ਧੋ ਚੁੱਕੇ ਹਨ।

ਅਤਿਵਾਦੀ ਐਲਾਨੀ ਜਾ ਚੁੱਕੀ ਮਾਉਵਾਦੀ ਜਥੇਬੰਦੀ ਅਪਣਾ ਆਦਰਸ਼ ਚੀਨ ਵਿਚ ਕ੍ਰਾਂਤੀ ਕਰਨ ਵਾਲੇ ਕਮਿਊਨਿਸਟ ਲੀਡਰ ਮਾਉ ਜ਼ੇ ਤੁੰਗ ਨੂੰ ਮੰਨਦੀ ਹੈ। ਨਕਸਲਬਾੜੀ ਸ਼ਬਦ ਪਛਮੀ ਬੰਗਾਲ ਦੇ ਨਕਸਲਬਾੜੀ ਪਿੰਡ ਤੋਂ ਲਿਆ ਗਿਆ ਹੈ ਜਿਥੇ 22 ਅਪਰੈਲ 1967 ਨੂੰ ਚਾਰੂ ਮਜੂਮਦਾਰ, ਕਾਨੂੰ ਸਾਨਿਆਲ ਅਤੇ ਜਾਗਲ ਸੰਥਾਲ ਨੇ ਮਿਲ ਕੇ ਭੂਮੀਹੀਣ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿਵਾਉਣ ਖ਼ਾਤਰ ਸਥਾਨਕ ਜਾਗੀਰਦਾਰ ਵਿਰੁਧ ਹਿੰਸਕ ਲਹਿਰ ਚਲਾਈ ਸੀ। ਇਹ ਲਹਿਰ ਉਸ ਸਮੇਂ ਉੱਤਰੀ ਭਾਰਤ ਦੇ ਵੱਡੇ ਖੇਤਰ ਵਿਚ ਫੈਲ ਗਈ ਸੀ। ਗ਼ਰੀਬ ਜਨਤਾ ਤੋਂ ਇਲਾਵਾ ਪੜ੍ਹੇ ਲਿਖੇ ਟੀਚਰ, ਪ੍ਰੋਫ਼ੈਸਰ ਅਤੇ ਵਿਦਿਆਰਥੀ ਇਸ ਲਹਿਰ ਵਿਚ ਕੁੱਦ ਪਏ ਸਨ। ਇਸ ਲਹਿਰ ਵਿਚ ਸੈਂਕੜੇ ਨਕਸਲੀ, ਪੁਲਿਸ ਅਫ਼ਸਰ ਤੇ ਆਮ ਲੋਕ ਮਾਰੇ ਗਏ ਸਨ। ਕਾਨੂੰ ਸਾਨਿਆਲ ਅਤੇ ਚਾਰੂ ਮਜੂਮਦਾਰ ਦੀ ਮੌਤ ਨਾਲ ਇਸ ਲਹਿਰ ਨੂੰ ਸਖ਼ਤ ਧੱਕਾ ਲੱਗਾ। ਇਸ ਨੂੰ ਸਖ਼ਤੀ ਨਾਲ ਦਬਾ ਦਿਤਾ ਗਿਆ ਪਰ ਨਿੱਕੀਆਂ-ਨਿੱਕੀਆਂ ਘਟਨਾਵਾਂ ਚਲਦੀਆਂ ਰਹੀਆਂ। ਇਸ ਜਥੇਬੰਦੀ ਵਿਚ ਸਮੇਂ ਸਮੇਂ ‘ਤੇ ਫੁੱਟ ਪੈਂਦੀ ਰਹੀ ਹੈ। 1980 ਤਕ ਨਕਸਲੀ ਗੁੱਟਾਂ ਦੀ ਗਿਣਤੀ 30 ਤਕ ਪਹੁੰਚ ਗਈ ਸੀ।

ਮਾਉਵਾਦੀ ਲਹਿਰ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦ 22 ਅਪ੍ਰੈਲ 1980 ਨੂੰ ਆਂਧਰਾ ਪ੍ਰਦੇਸ਼ ਵਿਚ ਕੋਂਡਾਪੱਲੀ ਸੀਤਾਰਮਈਆ ਨੇ ਪੀਪਲਜ਼ ਵਾਰ ਗਰੁਪ ਦੀ ਸਥਾਪਨਾ ਕੀਤੀ। ਉਸ ਦੀ ਅਗਵਾਈ ਹੇਠ ਇਸ ਗਰੁਪ ਨੇ ਹੈਰਾਨੀਜਨਕ ਤਰੱਕੀ ਕੀਤੀ। ਇਹ ਭਾਰਤ ਦੇ ਅਨੇਕਾਂ ਸੂਬਿਆਂ ਵਿਚ ਫੈਲ ਗਿਆ। ਬਾਅਦ ਵਿਚ ਉਸ ਵਿਰੁਧ ਬਗ਼ਾਵਤ ਕਰ ਕੇ ਮੌਜੂਦਾ ਮੁਖੀ ਮੁਪਾਲਾ ਲਕਸ਼ਮਣ ਰਾਉ ਉਰਫ਼ ਗਣਪਤੀ ਅਤੇ ਮਾਲੋਜੁਲਾ ਕੋਟੇਸ਼ਵਰਾ ਰਾਉ ਊਰਫ਼ ਕਿਸ਼ਨਜੀ ਨੇ ਕਮਾਂਡ ਸੰਭਾਲ ਲਈ। ਸੀਤਾਰਮਈਆ ਦੀ 12 ਅਪ੍ਰੈਲ 2002 ਨੂੰ ਗੁੰਮਨਾਮੀ ਦੀ ਹਾਲਤ ਵਿਚ ਮੌਤ ਹੋ ਗਈ। ਇਸ ਵੇਲੇ ਇਹ ਗਰੁਪ ਭਾਰਤ ਵਿਚ ਸੱਭ ਤੋਂ ਵੱਧ ਅਤੇ ਬੇਰਹਿਮ ਹਮਲਿਆ ਲਈ ਬਦਨਾਮ ਹੈ। ਮਾਉਵਾਦੀ ਬਿਹਾਰ, ਝਾਰਖੰਡ, ਤੇਲੇਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਵਧੇਰੇ ਹਿੱਸੇ ਤੋਂ ਇਲਾਵਾ ਕਰਨਾਟਕ, ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਪਛਮੀ ਬੰਗਾਲ ਸਮੇਤ 14 ਸੂਬਿਆਂ ਦੇ 132 ਜ਼ਿਲ੍ਹਿਆਂ ਵਿਚ ਜ਼ਬਰਦਸਤ ਪ੍ਰਭਾਵ ਰਖਦੇ ਹਨ। ਇਸ ਦਾ ਪਛਮੀ ਬੰਗਾਲ ਦੇ ਜੰਗਲਮਹਲ ਅਤੇ ਲਾਲਗੜ੍ਹ ਵਰਗੇ ਕਈ ਇਲਾਕਿਆਂ ਵਿਚ ਇਕ ਤਰ੍ਹਾਂ ਨਾਲ ਰਾਜ ਹੀ ਚਲਦਾ ਹੈ। ਇਸ ਦੇ ਕਬਜ਼ੇ ਹੇਠਲੇ ਇਲਾਕੇ ਨੂੰ ਕਾਰੀਡੋਰ ਕਿਹਾ ਜਾਂਦਾ ਹੈ।

ਨਕਸਲੀਏ ਆਦਿਵਾਸੀਆਂ, ਪੁਲਿਸ, ਅਰਧ ਸੈਨਿਕ ਬਲਾਂ, ਠੇਕੇਦਾਰਾਂ, ਉਦਯੋਗਪਤੀਆਂ ਅਤੇ ਸਰਕਾਰੀ ਕਰਮਚਾਰੀਆਂ ਆਦਿ ‘ਤੇ ਹਮਲੇ ਕਰਦੇ ਰਹਿੰਦੇ ਹਨ। ਉਹ ਗ਼ਰੀਬ ਜਨਤਾ ਦੇ ਹਮਦਰਦ ਹੋਣ ਦਾ ਦਾਅਵਾ ਕਰਦੇ ਹਨ।28 ਮਈ 2010 ਨੂੰ ਬਿਹਾਰ ਵਿਚ ਰੇਲ ਪਟੜੀ ਉਡਾ ਕੇ ਕਲਕੱਤਾ-ਮੁੰਬਈ ਡੱਬੇ ਉਲਟਾ ਦਿੱਤੇ ਅਤੇ 150 ਲੋਕ ਮਾਰੇ ਗਏ। ਇਸ ਜਥੇਬੰਦੀ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ 25 ਮਈ 2013 ਦੇ ਦਰਬਾ ਘਾਟੀ, ਛੱਤੀਸਗੜ੍ਹ ਦੇ ਹਮਲੇ ਵਿਚ ਮਿਲੀ। 250 ਮਾਉਵਾਦੀਆਂ ਵਲੋਂ ਕੀਤੇ ਗਏ ਇਸ ਹਮਲੇ ਵਿਚ ਛੱਤੀਸਗੜ੍ਹ ਦੇ ਸਾਬਕਾ ਮੰਤਰੀ ਮਹਿੰਦਰ ਕਰਮਾ, ਸੂਬਾ ਪ੍ਰਧਾਨ ਨੰਦ ਕੁਮਾਰ ਪਟੇਲ ਅਤੇ ਸਾਬਕਾ ਕੇਂਦਰੀ ਮੰਤਰੀ ਵਿਦਿਆਚਰਨ ਸ਼ੁਕਲਾ ਸਮੇਤ 24 ਕਾਂਗਰਸੀ ਲੀਡਰ ਅਤੇ 8 ਪੁਲਿਸ ਵਾਲੇ ਮਾਰੇ ਗਏ ਸਨ। ਛੱਤੀਸਗੜ੍ਹ ਸਰਕਾਰ ਵਲੋਂ 2005 ਵਿਚ ਮਾਉਵਾਦ ਦਾ ਮੁਕਾਬਲਾ ਕਰਨ ਲਈ ਸਲਵਾ ਜੂਡਮ ਮਿਲੀਸ਼ੀਆ ਦਾ ਗਠਨ ਕੀਤਾ ਗਿਆ ਸੀ। ਇਸ ਮਿਲੀਸ਼ੀਆ ਵਿਚ ਆਦੀਵਾਸੀ ਜਵਾਨਾਂ ਨੂੰ ਭਰਤੀ ਕਰ ਕੇ ਸਿਖਲਾਈ ਅਤੇ ਹਥਿਆਰ ਦਿਤੇ ਗਏ ਸਨ। ਪਰ ਇਸ ਵਿਰੁਧ ਕਈ ਤਰ੍ਹਾਂ ਦੇ ਇਲਜ਼ਾਮ ਲੱਗਣ ਕਾਰਨ ਇਹ ਤੋੜਨੀ ਪਈ ਸੀ।

ਮਾਉਵਾਦੀਆਂ ਨੇ ਕਈ ਭਿਆਨਕ ਹਮਲੇ ਕੀਤੇ ਹਨ। ਉਨ੍ਹਾਂ ਨੇ ਅਕਤੂਬਰ 2003 ਨੂੰ ਉਸ ਵੇਲੇ ਦੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਕਾਰ ਇਕ ਬਾਰੂਦੀ ਸੁਰੰਗ ਧਮਾਕੇ ਨਾਲ ਉਡਾ ਦਿਤੀ ਸੀ। ਨਾਇਡੂ ਤਾਂ ਜ਼ਖ਼ਮੀ ਹੋ ਕੇ ਵਾਲ ਵਾਲ ਬਚ ਗਿਆ ਪਰ ਕਈ ਜਵਾਨ ਤੇ ਸਾਥੀ ਮਾਰੇ ਗਏ। 2004 ਵਿਚ ਇਕ ਦਲੇਰਾਨਾ ਹਮਲੇ ਵਿਚ 1000 ਮਾਉਵਾਦੀਆਂ ਨੇ ਉੜੀਸਾ ਦੇ ਜ਼ਿਲ੍ਹਾ ਹੈੱਡਕੁਆਟਰ ਕੋਰਾਪੁਟ ‘ਤੇ ਹਮਲਾ ਕਰ ਕੇ ਪੰਜ ਪੁਲਿਸ ਸਟੇਸ਼ਨ, ਕੋਰਾਪੁੱਟ ਜੇਲ੍ਹ, ਉੜੀਸਾ ਆਰਮਡ ਪੁਲਿਸ ਦੀ ਇਕ ਬਟਾਲੀਅਨ ਅਤੇ ਐਸ.ਐਸ.ਪੀ ਦੇ ਦਫ਼ਤਰ ਸਮੇਤ ਪੁਲਿਸ ਦਾ ਅਸਲਾ ਖ਼ਾਨਾ ਲੁੱਟ ਲਿਆ ਸੀ। ਉਹ ਅਪਣੇ ਸਾਥੀ ਕੈਦੀਆਂ ਸਮੇਤ 50 ਕਰੋੜ ਮੁਲ ਦੇ 200 ਅਤਿ ਆਧੁਨਿਕ ਹਥਿਆਰ ਲੁੱਟ ਕੇ ਲੈ ਗਏ। 13 ਨਵੰਬਰ 2005 ਨੂੰ ਬਿਹਾਰ ਦੇ ਜਹਾਨਾਬਾਦ ਸ਼ਹਿਰ ਨੂੰ ਘੇਰਾ ਪਾ ਕੇ ਜੇਲ੍ਹ ਤੋੜ ਕੇ 130 ਮਾਉਵਾਦੀਆਂ ਸਮੇਤ 375 ਕੈਦੀ ਛੁਡਾ ਲਏ ਗਏ। 7 ਘੰਟੇ ਚੱਲੇ ਇਸ ਆਪਰੇਸ਼ਨ ਵਿਚ ਰਣਵੀਰ ਸੈਨਾ ਦੇ ਕਾਰਕੁਨ ਅਤੇ ਹਿੱਟ ਲਿਸਟ ਵਾਲੇ ਪੁਲਿਸ ਅਫ਼ਸਰ ਚੁਣ ਚੁਣ ਕੇ ਮਾਰੇ ਗਏ। 185 ਰਾਈਫ਼ਲਾਂ ਤੇ 10000 ਰੌਂਦ ਲੁੱਟ ਲਏ। 24 ਮਾਰਚ 2006 ਨੂੰ 500 ਮਾਉਵਾਦੀਆਂ ਨੇ ਉੜੀਸਾ ਦੀ ਆਰਮਡ ਪੁਲਿਸ ਦੇ ਉਦੇਗਿਰੀ ਕੈਂਪ ‘ਤੇ ਹਮਲਾ ਕਰ ਕੇ ਹਥਿਆਰ ਲੁੱਟ ਲਏ ਤੇ 40 ਕੈਦੀ ਛੁਡਾ ਲਏ।

17 ਜੁਲਾਈ 2006 ਨੂੰ 800 ਮਾਉਵਾਦੀਆਂ ਨੇ ਛੱਤੀਸਗੜ੍ਹ ਦੇ ਦਾਂਤੇਵਾੜਾ ਵਿਚ ਇਕ ਰਲੀਫ ਕੈਂਪ ‘ਤੇ ਹਮਲਾ ਕਰ ਕੇ 25 ਬੰਦੇ ਮਾਰ ਦਿਤੇ ਤੇ 50 ਅਗ਼ਵਾ ਕਰ ਲਏ। 2007 ਵਿਚ ਝਾਰਖੰਡ ਮੁਕਤੀ ਮੋਰਚੇ ਦਾ ਐਮ.ਪੀ. ਸੁਨੀਲ ਕੁਮਾਰ ਮਹਤੋ ਕਤਲ ਕਰ ਦਿਤਾ। 2007 ਵਿਚ 500 ਨਕਸਲੀਆਂ ਨੇ ਝਾਰਖੰਡ ਵਿਚ ਇਕ ਕੈਂਪ ‘ਤੇ ਹਮਲਾ ਕਰ ਕੇ 55 ਪੁਲਿਸ ਵਾਲਿਆਂ ਨੂੰ ਮਾਰ ਦਿਤਾ। 2007 ਵਿਚ ਹੀ ਦਾਂਤੇਵਾੜਾ ਜੇਲ੍ਹ ‘ਤੇ ਹਮਲਾ ਕਰ ਕੇ 303 ਮਾਉਵਾਦੀ ਛੁਡਾ ਲਏ। 2007 ਵਿਚ ਹੀ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਮਰਾਂਡੀ ਦੇ ਲੜਕੇ ਨੂੰ 17 ਸਾਥੀਆਂ ਸਮੇਤ ਗਿਰਡੀਹ ਜ਼ਿਲ੍ਹੇ ਦੇ ਪਿੰਡ ਚਿਲਖਡੀਆ ਵਿਚ ਮਾਰ ਦਿਤਾ ਗਿਆ। 6 ਅਪ੍ਰੈਲ 2010 ਨੂੰ ਭਾਰਤ ਦੇ ਇਤਿਹਾਸ ਵਿਚ ਇਕੋ ਦਿਨ ਦਾਂਤੇਵਾੜਾ, ਛੱਤੀਸਗੜ੍ਹ ਵਿਚ ਸੱਭ ਤੋਂ ਵੱਧ 74 ਜਵਾਨ ਮਾਉਵਾਦੀਆਂ ਦੇ ਵੱਖ-ਵੱਖ ਹਮਲਿਆਂ ਵਿਚ ਮਾਰੇ ਗਏ। ਅਪ੍ਰੈਲ 2012 ਵਿਚ ਛੱਤੀਸਗੜ੍ਹ ਦੇ ਜ਼ਿਲ੍ਹਾ ਸੁਕਮਾ ਦੇ ਡੀ.ਸੀ. ਅਲੈਕਸਪਾਲ ਨੂੰ ਅਗ਼ਵਾ ਕਰ ਕੇ ਕਈ ਮਹੀਨੇ ਹਿਰਾਸਤ ਵਿਚ ਰਖਿਆ। ਅਖ਼ੀਰ ਕਈ ਮੰਗਾਂ ਮਨਵਾ ਕੇ ਹੀ ਉਸ ਦੀ ਰਿਹਾਈ ਕੀਤੀ ਹਈ ਸੀ।

ਇਸ ਸੰਗਠਨ ਦਾ ਪੂਰਾ ਨਾਮ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਉਵਾਦੀ) ਹੈ। ਇਸ ਦਾ ਮੁਖੀ (ਜਨਰਲ ਸੈਕਟਰੀ) ਇਸ ਵੇਲੇ ਮੁਪੱਲਾ ਲਕਸ਼ਮੀ ਰਾਉ ਉਰਫ਼ ਗਣਪਤੀ ਹੈ। ਇਸ ਦਾ ਜਨਮ 16 ਜੂਨ 1949 ਨੂੰ ਤੇਲਾਂਗਾਨਾ ਦੇ ਜ਼ਿਲ੍ਹਾ ਕਰੀਮਨਗਰ ਦੇ ਪਿੰਡ ਸਾਰੰਗਪੁਰ ਵਿੱਚ ਹੋਇਆ ਸੀ। ਉਹ ਸਾਇੰਸ ਗਰੈਜੂਏਟ ਅਤੇ ਬੀ.ਐੱਡ ਹੈ। ਇਸ ਲਹਿਰ ਵਿਚ ਕੁੱਦਣ ਤੋਂ ਪਹਿਲਾਂ ਉਹ ਟੀਚਰ ਦੀ ਸਰਕਾਰੀ ਨੌਕਰੀ ਕਰਦਾ ਸੀ। ਉਹ ਤੇ ਸੀਤਾਰਮਈਆ ਇਸ ਜਥੇਬੰਦੀ ਦੇ ਮੋਢੀ ਮੈਂਬਰ ਸਨ। ਮਾਉਵਾਦ ਨੂੰ ਇਸ ਉਚਾਈ ਤਕ ਪਹੁੰਚਾਉਣ ਵਿਚ ਉਸ ਦਾ ਹੀ ਹੱਥ ਹੈ। ਬਾਅਦ ਵਿਚ ਉਹ ਮੱਤਭੇਦਾਂ ਕਾਰਨ ਸੀਤਾਰਮਈਆਂ ਨੂੰ ਲਾਹ ਕੇ ਖ਼ੁਦ ਮੁਖੀ ਬਣ ਗਿਆ। ਉਸ ਦੇ ਯਤਨਾਂ ਨਾਲ ਹੀ 2004 ਵਿਚ ਪੀਪਲਜ਼ ਵਾਰ ਗਰੁਪ ਅਤੇ ਮਾਉਇਸਟ ਕਮਿਊਨਿਸਟ ਸੈਂਟਰ ਦਾ ਰਲੇਵਾਂ ਹੋਇਆ। ਇਸ ਕਾਰਨ ਇਸ ਗਰੁਪ ਦੀ ਤਾਕਤ ਸਿਖਰ ‘ਤੇ ਪਹੁੰਚ ਗਈ। ਸੰਗਠਨ ਦੀਆਂ ਪਾਲਸੀਆਂ ਤਿਆਰ ਕਰਨ ਲਈ 15 ਮੈਂਬਰਾਂ ਦੀ ਪੋਲਿਟ ਬਿਊਰੋ ਹੈ। ਪ੍ਰਸ਼ਾਂਤ ਬੋਸ ਉਰਫ਼ ਕਿਸ਼ਨ ਦਾ ਅਤੇ ਕਾਤਾਕਮ ਸੁਦਰਸ਼ਨ ਉਰਫ਼ ਆਨੰਦ ਇਸ ਦੇ ਪ੍ਰਮੁੱਖ ਮੈਂਬਰ ਹਨ। 24 ਨਵੰਬਰ 2011 ਨੂੰ ਪਛਮੀ ਬੰਗਾਲ ਵਿਚ ਇਕ ਮੁਕਾਬਲੇ ਵਿਚ ਮਾਰਿਆ ਗਿਆ ਖ਼ਤਰਨਾਕ ਨਕਸਲੀ ਮਾਲੋਜੁਲਾ ਕੋਟੇਸ਼ਵਰ ਰਾਉ ਉਰਫ਼ ਕਿਸ਼ਨ ਜੀ ਵੀ ਪੋਲਿਟ ਬਿਊਰੋ ਮੈਂਬਰ ਸੀ। ਉਹ ਸੱਭ ਤੋਂ ਵੱਡੇ ਹਮਲਿਆਂ ਦੀ ਖ਼ੁਦ ਅਗਵਾਈ ਕਰਦਾ ਸੀ। ਇਸ ਤੋਂ ਬਾਅਦ 32 ਮੈਂਬਰੀ ਸੈਂਟਰਲ ਕਮੇਟੀ, ਰੀਜਨਲ ਕਮੇਟੀਆਂ, ਸਟੇਟ ਕਮੇਟੀਆਂ, ਜ਼ਿਲ੍ਹਾ ਕਮੇਟੀਆਂ ਅਤੇ ਅਖ਼ੀਰ ਵਿਚ ਹਥਿਆਰਬੰਦ ਟੁਕੜੀਆਂ ਹਨ। ਸੂਚਨਾ ਅੱਗੇ ਤੋਂ ਅੱਗੇ ਪਹੁੰਚਦੀ ਰਹਿੰਦੀ ਹੈ। ਬਹੁਤ ਵੱਡਾ ਐਕਸ਼ਨ ਕਰਨ ਵੇਲੇ ਪੋਲਿਟ ਬਿਊਰੋ ਮੈਂਬਰ ਹਾਜ਼ਰ ਰਹਿੰਦੇ ਹਨ। ਇਸ ਦੀ ਹਥਿਆਰਬੰਦ ਸ਼ਾਖ਼ਾ ਦਾ ਨਾਮ ਸੈਂਟਰਲ ਮਿਲਟਰੀ ਕਮਿਸ਼ਨ ਹੈ। ਇਸ ਦਾ ਇੰਚਾਰਜ ਨਾਂਬਲ ਕੇਸ਼ਵ ਰਾਉ ਉਰਫ਼ ਬਾਸਵਰਾਜ ਹੈ। ਆਨੰਦ, ਅਰਵਿੰਦ ਜੀ, ਅਨੁਜ ਠਾਕਰ, ਕਿਸ਼ਨ ਜੀ ਅਤੇ ਚੰਦਰਮੌਲੀ ਇਸ ਦੇ ਮੈਂਬਰ ਸਨ। ਸੰਗਠਨ ਦੀ ਅਪਣੀ ਅਖ਼ਬਾਰ ਅਤੇ ਪ੍ਰਚਾਰ ਦੇ ਹੋਰ ਸਾਧਨ ਹਨ। ਸੁਧਾਕਰ ਉਰਫ਼ ਕਿਰਨ ਪ੍ਰਾਪੇਗੰਡਾ ਇੰਚਾਰਜ ਹੈ।

ਇਸ ਦੀ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਵਿਚ ਆਧੁਨਿਕ ਹਥਿਆਰਾਂ ਨਾਲ ਲੈਸ ਕਰੀਬ 10000 ਕੁਲਵਕਤੀ ਅਤਿਵਾਦੀ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਮਦਦ ਲਈ ਰਵਾਇਤੀ ਹਥਿਆਰਾਂ ਨਾਲ ਲੈਸ ਗੁਪਤ ਤੌਰ ‘ਤੇ ਪੀਪਲਜ਼ ਮਿਲੀਸ਼ੀਆ ਨਾਮਕ ਜਥੇਬੰਦੀ ਦੇ 40000 ਵਰਕਰ ਹਨ। ਇਸ ਦੇ ਸਾਰੇ ਲੜਾਕੇ ਵਲੰਟੀਅਰ ਹਨ, ਉਨ੍ਹਾਂ ਨੂੰ ਕੋਈ ਤਨਖ਼ਾਹ ਨਹੀਂ ਮਿਲਦੀ। ਇਨ੍ਹਾਂ ਨੂੰ ਘਾਤ ਲਾ ਕੇ ਹਮਲਾ ਕਰਨ ਵਿਚ ਕਮਾਲ ਦੀ ਮੁਹਾਰਤ ਹਾਸਲ ਹੈ। ਵੱਡੇ ਹਮਲੇ ਲਈ ਆਸ ਪਾਸ ਦੇ ਸੂਬਿਆਂ ਤੋਂ 500-600 ਤਕ ਬੰਦੇ ਇਕੱਠੇ ਕੀਤੇ ਜਾਂਦੇ ਹਨ। ਦਰਬਾ ਘਾਟੀ ਕਾਂਗਰਸ ਪਦ ਯਾਤਰਾ ‘ਤੇ ਹਮਲਾ ਕਰਨ ਸਮੇਂ ਛੱਤੀਸਗੜ੍ਹ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਤੋਂ ਲੜਾਕੇ ਮੰਗਵਾਏ ਗਏ ਸਨ। ਮਾਉਵਾਦੀ ਹਮਲਿਆਂ ਲਈ ਆਰ.ਡੀ.ਐਕਸ. 303, ਇੰਸਾਸ, ਏ.ਕੇ.47 ਅਤੇ ਐਸ.ਐਲ.ਆਰ ਰਾਈਫ਼ਲਾਂ ਦਾ ਪ੍ਰਯੋਗ ਕਰਦੇ ਹਨ। ਇਹ ਹਥਿਆਰ ਜਾਂ ਤਾਂ ਸੁਰੱਖਿਆਂ ਦਸਤਿਆਂ ਤੋਂ ਖੋਹੇ ਹੁੰਦੇ ਹਨ ਜਾਂ ਉੁੱਤਰ ਪੂਰਬੀ ਭਾਰਤ, ਚੀਨ, ਬਰਮਾ, ਬੰਗਲਾਦੇਸ਼ ਅਤੇ ਨੇਪਾਲ ਆਦਿ ਦੀਆਂ ਹਮਖ਼ਿਆਲ ਖੱਬੇ ਪੱਖੀ ਜਥੇਬੰਦੀਆਂ ਤੋਂ ਖ਼ਰੀਦੇ ਜਾਂਦੇ ਹਨ। ਇਨ੍ਹਾਂ ਦੀਆਂ ਅਪਣੀਆਂ ਫ਼ੈਕਟਰੀਆਂ ਵਿਚ ਦੇਸੀ ਕੱਟੇ ਤੋਂ ਲੈ ਕੇ ਵਧੀਆ ਅਸਾਲਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਅਪਣੇ ਕੇਡਰਾਂ ਦੀ ਟਰੇਨਿੰਗ ‘ਤੇ ਵਿਸ਼ੇਸ਼ ਧਿਆਨ ਦੇਂਦੇ ਹਨ।

ਇਹ ਭਾਰਤ ਦੀ ਪਹਿਲੀ ਅਤਿਵਾਦੀ ਜਥੇਬੰਦੀ ਹੈ ਜਿਸ ਦੇ ਕੇਡਰ ਵਿਚ ਔਰਤਾਂ ਪੂਰੀ ਤਰ੍ਹਾਂ ਨਾਲ ਸਰਗਰਮ ਹਨ। ਇਸ ਦੀ ਕੁਲ ਲੜਾਕੂ ਫ਼ੋਰਸ ਵਿਚੋਂ 40% ਔਰਤਾਂ ਹਨ। ਇਸ ਦੀਆਂ 27 ਡਵੀਜ਼ਨਾਂ ਵਿਚੋਂ 20 ਦੀ ਕਮਾਂਡ ਔਰਤਾਂ ਹੱਥ ਹੈ। ਇਸ ਦੀ ਅਪਣੀ ਮੈਡੀਕਲ ਯੂਨਿਟ ਹੈ ਜਿਸ ਵਿਚ ਔਰਤਾਂ ਮੁੱਖ ਤੌਰ ‘ਤੇ ਕੰਮ ਕਰਦੀਆਂ ਹਨ। ਇਸ ਦੇ ਡਾਕਟਰ ਅਪਣੇ ਜ਼ਖ਼ਮੀਆਂ ਦਾ ਆਪ ਹੀ ਇਲਾਜ ਕਰਦੇ ਹਨ। ਇਸ ਤੋਂ ਇਲਾਵਾ ਅਪਣੇ ਕੰਟਰੋਲ ਹੇਠਲੇ ਇਲਾਕੇ ਵਿਚ ਲੋਕਾਂ ਨਾਲ ਜੁੜਨ ਲਈ ਮੋਬਾਈਲ ਮੈਡੀਕਲ ਯੂਨਿਟਾਂ ਹਨ ਜੋ ਗ਼ਰੀਬਾਂ ਦਾ ਮੁਫ਼ਤ ਇਲਾਜ ਕਰਦੀਆਂ ਹਨ।

ਇਸ ਦੀ ਸਾਲਾਨਾ ਆਮਦਨ 1000 ਕਰੋੜ ਤੋਂ ਜ਼ਿਆਦਾ ਹੈ। ਆਮਦਨ ਦਾ ਮੁੱਖ ਸਾਧਨ ਅਗ਼ਵਾ, ਫਿਰੌਤੀ, ਠੇਕੇਦਾਰਾਂ-ਉਦਯੋਗਪਤੀਆਂ ਤੇ ਗੁੰਡਾ ਟੈਕਸ, ਸਥਾਨਕ ਸਿਆਸਤਦਾਨਾਂ, ਕੋਲੇ ਦੀਆਂ ਖਾਣਾਂ ਅਤੇ ਕਿਸਾਨਾਂ-ਮਜ਼ਦੂਰਾਂ ਦੁਆਰਾ ਦਿਤਾ ਜਾ ਰਿਹਾ ਫ਼ੰਡ ਹੈ।ਭਾਰਤ ਦੇ ਕੋਲਾ ਖਦਾਨਾਂ ਵਾਲੇ ਇਲਾਕੇ ਅਤੇ ਨਕਸਲਬਾੜੀ ਦਾ ਆਪਸ ਵਿਚ ਗੂੜ੍ਹਾ ਸਬੰਧ ਹੈ। ਕਿਸੇ ਵੀ ਇਲਾਕੇ ਵਿਚ ਸਰਗਰਮੀ ਸ਼ੁਰੂ ਕਰਨ ਤੋਂ ਪਹਿਲਾਂ ਆਰਥਿਕ-ਸਮਾਜਕ ਸਰਵੇਖਣ ਕੀਤਾ ਜਾਂਦਾ ਹੈ। ਕੋਲੇ ਦੀਆਂ ਖਦਾਨਾਂ ਦੇ ਮਾਲਕਾਂ ਤੋਂ ਕਰੋੜਾਂ ਰੁਪਏ ਹਰ ਸਾਲ ਵਸੂਲਦੇ ਹਨ। 2007 ਵਿਚ ਮਾਉਵਾਦੀ ਲੀਡਰ ਮਿਸ਼ਰ ਬੇਸਰਾ ਦੀ ਪੁਛਗਿੱਛ ਤੋਂ ਇਹ ਹੈਰਾਨੀਜਨਕ ਗੱਲ ਸਾਹਮਣੇ ਆਈ ਕਿ ਮਾਉਵਾਦੀਆਂ ਨੇ 2005-07 ਲਈ ਹਥਿਆਰਾਂ ਵਾਸਤੇ 60 ਕਰੋੜ ਦਾ ਬਜਟ ਰਖਿਆ ਹੈ। ਸੱਭ ਤੋਂ ਜ਼ਿਆਦਾ ਫ਼ੰਡ ਖਣਿਜ ਪਦਾਰਥਾਂ ਨਾਲ ਭਰਪੂਰ ਸੂਬਿਆਂ ਬਿਹਾਰ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਝਾਰਖੰਡ ਤੋਂ ਆਉਂਦੇ ਹਨ।

ਫ਼ਿਲਹਾਲ ਇਹ ਜਥੇਬੰਦੀ ਭਾਰਤ ਦੀ ਸੱਭ ਤੋਂ ਵੱਡੀ, ਸੰਗਠਤ ਖਾੜਕੂ ਜਥੇਬੰਦੀ ਹੈ। ਇਸ ਵਿਰੁਧ ਹਜ਼ਾਰਾਂ ਸਟੇਟ ਪੁਲਿਸ ਅਤੇ ਅਰਧ ਸੈਨਿਕ ਬਲ ਜੁਟੇ ਹੋਏ ਹਨ।ਸਰਕਾਰ ਇਸ ਦੇ ਪ੍ਰਭਾਵ ਖੇਤਰ ਵਿਚ ਗ਼ਰੀਬਾਂ ਦੇ ਵਿਕਾਸ ਲਈ ਅਰਬਾਂ ਰੁਪਏ ਖ਼ਰਚ ਰਹੀ ਹੈ।

-ਪੰਡੋਰੀ ਸਿੱਧਵਾਂ, ਮੋਬਾਈਲ : 98151-24449

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.