Ad-Time-For-Vacation.png

ਆਰਐਸਐਸ ਅਤੇ ਕੇਂਦਰ ਸਰਕਾਰ

ਮੋਹਨ ਭਾਗਵਤ ਹੁਣ ਆਰ.ਐਸ.ਐਸ. ਦੇ ਪ੍ਰਮੁੱਖ ਹਨ, 1924 ਵਿਚ ਬਣਾਈ ਹੋਈ ਹਿੰਦੂ ਸੰਸਥਾ ਨੂੰ ਚਲਾਉਂਦੇ ਹਨ। ਇਸ ਦਾ ਮੁੱਖ ਦਫ਼ਤਰ ਨਾਗਪੁਰ ਵਿਚ ਹੈ। ਆਰ.ਐਸ.ਐਸ. ਨੂੰ ਪੈਸਾ ਵੱਡੇ ਹਿੰਦੂ ਸਰਮਾਏਦਾਰ ਦਿੰਦੇ ਹਨ। ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਸ੍ਰੀ ਹਜ਼ੂਰ ਸਾਹਿਬ ਨੂੰ ਜਾ ਰਹੇ ਸਨ, ਨਾਗਪੁਰ ਰੁਕੇ। ਕਲਾ ਵਰਤੀ, ਉਨ੍ਹਾਂ ਨੇ ਬਿਆਨ ਦੇ ਦਿਤਾ ਕਿ ਸਿੱਖ ਅਥਵਾ ਪੰਜਾਬ ਵਾਸੀ ਲਵ ਤੇ ਕੁਸ਼ ਦੀ ਔਲਾਦ ਹਨ ਜਦਕਿ ਬਾਲਮੀਕ ਜੀ ਦੇ ਆਸ਼ਰਮ ਦੇਸ਼ ਵਿਚ ਕਈ ਥਾਂ ਦੱਸੇ ਜਾਂਦੇ ਹਨ। ਬੇਤੁਕੇ ਬਿਆਨ ਕਾਰਨ ਜਥੇਦਾਰੀ ਜਾਂਦੀ ਰਹੀ, ਨਾਗਪੁਰ ਵਿਚ ਬੈਠੇ ਹੀ ਹਟਾਏ ਗਏ। ਅਜਿਹਾ ਹੋਣ ਦਾ ਕਾਰਨ ਸਪੱਸ਼ਟ ਹੈ। ਸੁਣਿਆ ਹੈ ਕਿ ਹੁਣ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਢੀ ਕੋਲ ਖੜੇ ਹੋ ਕੇ ਲੋਕਾਂ ਦੀਆਂ ਖ਼ਾਹਿਸ਼ਾਂ ਦੀ ਪੂਰਤੀ ਲਈ ਅਰਦਾਸ ਕਰਦੇ ਹਨ। ਮੋਹਨ ਭਾਗਵਤ ਨੇ 2014 ਦੀ ਲੋਕ ਸਭਾ ਚੋਣ ਤੋਂ 1 ਸਾਲ ਪਹਿਲਾਂ ਨਰਿੰਦਰ ਮੋਦੀ ਨੂੰ ਬੀਜੇਪੀ ਦੀ ਚੋਣ ਮੁਹਿੰਮ ਦਾ ਮੁਖੀ ਥਾਪ ਦਿਤਾ। ਸੰਕੇਤ ਸੀ ਕਿ ਉਹ ਬੀਜੇਪੀ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਪੁਰਾਣੀ ਲੀਡਰਸ਼ਿਪ ਗਲੋਂ ਲਾਹ ਦਿਤੀ। ਅੰਬਾਨੀ, ਅਡਾਨੀ ਸ਼ਾਹੂਕਾਰਾਂ ਨੇ ਪੈਸੇ ਦਾ ਖੁਲ੍ਹਾ ਪ੍ਰਬੰਧ ਕੀਤਾ, 300 ਰੈਲੀਆਂ ਦੇ ਵੱਡੇ ਇਕੱਠ ਸੰਬੋਧਨ ਕੀਤੇ ਗਏ, ਹੈਲੀਕਾਪਟਰਾਂ ਦਾ ਖੁਲ੍ਹਾ ਪ੍ਰਬੰਧ ਹੋਇਆ। ਉਨ੍ਹਾਂ ਨੇ ਰੈਲੀਆਂ ਸਮੇਂ ਬਹੁਤ ਵੱਡੇ ਵਾਅਦੇ ਕੀਤੇ। ਸਵਿਟਜ਼ਰਲੈਂਡ ਤੋਂ ਕਾਲਾ ਧਨ ਮੰਗਵਾ ਕੇ ਦੇਸ਼ ਦੀ ਆਰਥਕ ਹਾਲਤ ਸੁਧਾਰਨ ਦੀ ਗੱਲ ਕਹੀ। ਝੂਠ ਬੋਲਦੇ ਹੋਏ ਇਹ ਵੀ ਕਹਿ ਗਏ ਕਿ ਹਰ ਭਾਰਤੀ ਦੇ ਖਾਤੇ ਵਿਚ 15-15 ਲੱਖ ਆ ਜਾਣਗੇ। ਮਹਿੰਗਾਈ ਭਾਰਤ ਵਿਚ ਦਿਸੇਗੀ ਹੀ ਨਹੀਂ, ਰੁਪਈਏ ਦਾ ਮੁਲ ਜਿਹੜਾ ਡਿੱਗ ਗਿਆ ਸੀ, ਉਸ ਨੂੰ ਤਗੜਾ ਕੀਤਾ ਜਾਵੇਗਾ। ਜਵਾਨੀ ਨੂੰ ਪੂਰਾ ਰੁਜ਼ਗਾਰ ਮਿਲੇਗਾ ਤੇ ਕਰੋੜਾਂ ਆਸਾਮੀਆਂ ਨਵੀਆਂ ਹੋਣਗੀਆਂ। ਉਸ ਸਮੇਂ ਮਹਾਰਾਸ਼ਟਰ ਵਿਚ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਸਨ। ਕਿਸਾਨੀ ਲਈ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਜਾਣਗੀਆਂ। ਫ਼ਸਲਾਂ ਦੇ ਲਾਭਦਾਇਕ ਮੁਲ ਮਿਥੇ ਜਾਣਗੇ ਤੇ ਕਿਸਾਨੀ ਨੂੰ ਫ਼ਸਲ ਦੇ ਮੁਲ ‘ਤੇ 50 ਫ਼ੀ ਸਦੀ ਲਾਭ ਮਿਲੇਗਾ।

ਬੀਜੇਪੀ ਦੀ ਸਰਕਾਰ ਨੂੰ 2 ਸਾਲ ਹੋ ਗਏ ਹਨ। ਲੋਕ ਸਭਾ ਵਿਚ ਪਿਛਲੇ 30 ਸਾਲ ਪਿੱਛੋਂ ਕਿਸੇ ਇਕ ਪਾਰਟੀ ਨੂੰ ਸੰਪੂਰਨ ਬਹੁਮਤ ਮਿਲਿਆ ਹੈ। 282 ਸੀਟਾਂ ਬਹੁਤ ਸਨ ਭਾਵੇਂ ਹੁਣ ਇਕ ਘੱਟ ਗਈ ਹੈ। ਪਰ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਦਿੱਲੀ ਦੀ ਚੋਣ ਸਮੇਂ ਕਹਿ ਦਿਤਾ ਕਿ 15 ਲੱਖ ਵਾਲੀ ਗੱਲ ਤਾਂ ਇਕ ਚੋਣ ਜੁਮਲਾ ਸੀ। ਸਵਿਟਜ਼ਰਲੈਂਡ ਦੇ ਖਾਤਿਆਂ ਦੀ ਗੱਲ ਬੰਦ ਹੀ ਹੋ ਗਈ ਕਿਉਂਕਿ ਦੂਜੇ ਦੇਸ਼ਾਂ ਨਾਲ ਸਮਝੌਤੇ ਅਜਿਹਾ ਆ ਗਿਆ ਨਹੀਂ ਦਿੰਦੇ। ਦੇਸ਼ ਦੀ ਆਰਥਕ ਹਾਲਤ ਨਿਘਰਦੀ ਹੀ ਜਾ ਰਹੀ ਹੈ। ਰੁਪਏ ਦਾ ਮੁਲ ਏਨਾ ਘੱਟ ਗਿਆ ਜਿਹੜਾ ਪਿਛਲਾ 10 ਸਾਲਾਂ ਵਿਚ ਨਹੀਂ ਘਟਿਆ। ਮਹਿੰਗਾਈ ਦੀ ਮਾਰ ਦੇਸ਼ ਵਾਸੀ ਝੱਲ ਰਹੇ ਹਨ। ਇਹ ਘੱਟ ਨਹੀਂ ਰਹੀ ਸਗੋਂ ਵਧਦੀ ਜਾ ਰਹੀ ਹੈ। ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਉਪਲਬਧ ਨਹੀਂ ਹੋ ਰਹੇ ਜਦੋਂ ਦੀ ਬੀਜੇਪੀ ਦੀ ਸਰਕਾਰ ਬਣੀ ਹੈ। ਕੱਚੇ ਤੇਲ ਦਾ ਮੁਲ 3/4 ਫ਼ੀ ਸਦੀ ਘੱਟ ਗਿਆ ਹੈ ਪਰ ਉਹ ਘਟਿਆ ਮੁਲ ਲੋਕਾਂ ਨੂੰ ਨਹੀਂ ਮਿਲਿਆ ਜਿਹੜਾ ਮਿਲਣਾ ਚਾਹੀਦਾ ਸੀ।

ਨਵੀਆਂ ਵਧਦੀਆਂ ਤੇਲ ਦੀਆਂ ਕੀਮਤਾਂ ਸਮੇਂ ਅਨੁਸਾਰ ਵਧਦੀਆਂ ਘਟਦੀਆਂ ਰਹਿੰਦੀਆਂ ਹਨ। ਸਵਾਮੀਨਾਥਨ ਕਮੇਟੀ ਲਾਗੂ ਕਰਨ ਦੀ ਗੱਲ ਖ਼ਤਮ ਕਰ ਦਿਤੀ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਬਿਆਨ ਦੇ ਦਿਤਾ ਕਿ ਇਹ ਰੀਪੋਰਟ ਲਾਗੂ ਕੀਤੀ ਨਹੀਂ ਜਾ ਸਕਦੀ। ਕਾਂਗਰਸ ਦੀ ਲੀਡਰਸ਼ਿਪ ਕੁੱਝ ਤਾਂ ਬੋਲ ਹੀ ਰਹੀ ਹੈ। ਪਰ ਸਾਰੀ ਕਾਂਗਰਸ ਤੇ ਵਿਰੋਧੀ ਪਾਰਟੀਆਂ ਇਹ ਗੱਲਾਂ ਲੋਕਾਂ ਵਿਚ ਉਜਾਗਰ ਕਰਨ ਵਿਚ ਕਾਮਯਾਬ ਨਹੀਂ ਹੋ ਰਹੇ। ਬੀਜੇਪੀ ਵਾਲੇ ਚੋਣ ਤੋਂ ਪਹਿਲਾਂ ਕਹਿੰਦੇ ਸਨ ਕਿ ਪਾਕਿਸਤਾਨੀਆਂ ਨੇ ਜਿੰਨੇ ਸਿਰ ਕੱਟੇ ਹਨ, ਓਨੇ ਅਸੀਂ ਵੀ ਕੱਟ ਕੇ ਲਿਆਵਾਂਗੇ ਪਰ ਇਹ ਹੋ ਨਹੀਂ ਸਕਿਆ। ਵਿਰੋਧੀ ਧਿਰ ਨੂੰ ਚਾਹੀਦਾ ਹੈ ਕਿ ਇਹ ਗੱਲ ਲੋਕਾਂ ਵਿਚ ਉਜਾਗਰ ਕਰੇ। ਹੁਣ ਅਖ਼ਬਾਰਾਂ ਦੀ ਖ਼ਬਰ ਹੈ ਕਿ ਟੈਕਸ ਚੋਰੀ ਦੇ ਵੱਡੇ ਘਪਲੇ ਪਨਾਮਾ (ਅਮਰੀਕਾ) ਦੀਆਂ ਕੰਪਨੀਆਂ ਨਾਲ ਹੋਏ ਹਨ। ਸੰਸਾਰ ਦੇ ਵੱਡੇ ਲੋਕਾਂ ਦੇ ਪੈਸੇ ਇਨ੍ਹਾਂ ਕੰਪਨੀਆਂ ਵਿਚ ਹਨ। ਭਾਰਤ ਦੇ ਉਦਯੋਗਪਤੀਆਂ, ਕਲਾਕਾਰਾਂ ਤੇ ਹੋਰ 500 ਲੋਕਾਂ ਦੇ ਖਾਤੇ ਦੱਸੇ ਜਾਂਦੇ ਹਨ। ਵੇਖੀਏ ਸਰਕਾਰ ਕੀ ਕਰਦੀ ਹੈ?

ਕਹਿਣ ਨੂੰ ਬੀਜੇਪੀ ਦੀ ਸਰਕਾਰ ਕਹੀ ਜਾ ਰਹੀ ਹੈ ਪਰ ਇਸ ਨੂੰ ਚਲਾਉਣ ਵਾਲੇ ਆਰ.ਐਸ.ਐਸ. ਦੇ ਕਾਰਕੁਨ ਹਨ। ਲੋਕ ਸਭਾ ਦੀਆਂ ਚੋਣਾਂ ਵਿਚ ਕੀਤੇ ਵਾਅਦੇ ਪੂਰੇ ਨਾ ਕੀਤੇ ਜਾ ਸਕੇ। ਮੋਹਨ ਭਾਗਵਤ ਘਟੀਆ ਬਿਆਨ ਦੇ ਦਿੰਦੇ ਹਨ। ਮੋਹਨ ਭਾਗਵਤ ਨੇ ਬਿਆਨ ਦਿਤਾ ਕਿ ਭਾਰਤ ਵਾਸੀ ਸਾਰੇ ਹਿੰਦੂ ਹਨ। ਕੁੱਝ ਰੌਲਾ ਪਿਆ ਤਾਂ ਕਹਿ ਦਿਤਾ ਕਿ ਸੱਭ ਦੀਆਂ ਰਸਮਾਂ ਇਕੋ ਜਹੀਆਂ ਹਨ। ਪਿਛਲੇ ਸਮੇਂ ਭਾਗਵਤ ਜੀ ਕਹਿ ਚੁੱਕੇ ਹਨ ਕਿ ਦੇਸ਼ ਦੀ ਰਿਜ਼ਰਵੇਸ਼ਨ ਜਾਤ ਦੇ ਆਧਾਰ ‘ਤੇ ਨਹੀਂ ਚਾਹੀਦੀ ਸਗੋਂ ਰਿਜ਼ਰਵੇਸ਼ਨ ਆਰਥਕ ਆਧਾਰ ‘ਤੇ ਹੋਵੇ ਤੇ ਗ਼ਰੀਬਾਂ ਨੂੰ ਲਾਭ ਮਿਲੇ। ਇਸ ਗੱਲ ਨਾਲ ਬਹੁਤ ਲੋਕ ਸਹਿਮਤ ਹੋਣਗੇ ਕਿਉਂਕਿ ਪਹਿਲਾਂ ਰਿਜ਼ਰਵੇਸ਼ਨ 10 ਸਾਲ ਲਈ ਹੀ ਕੀਤੀ ਗਈ ਸੀ। ਫਿਰ ਸਰਕਾਰਾਂ ਵੋਟਾਂ ਨੂੰ ਵੇਖਦਿਆਂ ਹਰ ਸਾਲ ਵਧਾ ਦਿੰਦੀਆਂ ਹਨ। ਬੀਜੇਪੀ ਵੀ ਐਸ ਸੀ ਕੈਟਾਗਰੀ ਦੇ ਵਿਰੁਧ ਨਹੀਂ ਬੋਲ ਸਕਦੀ ਕਿਉਂਕਿ ਉਨ੍ਹਾਂ ਦੀ ਦੇਸ਼ ਵਿਚ 31 ਫ਼ੀ ਸਦੀ ਆਬਾਦੀ ਹੈ ਤੇ ਵੋਟਰ ਹਨ। ਇਹ ਗੱਲ ਠੀਕ ਹੈ ਕਿ ਕਈ ਪਰਵਾਰ ਹੁਣ ਰਿਆਇਤਾਂ ਦੇ ਯੋਗ ਨਹੀਂ ਰਹੇ ਤੇ ਕਈ ਗ਼ਰੀਬ ਪਛੜਿਆਂ ਨੂੰ ਰਿਆਇਤਾਂ ਨਹੀਂ ਮਿਲ ਰਹੀਆਂ। ਵੋਟਾਂ ਨੂੰ ਵੇਖਦਿਆਂ ਕਹਿ ਦਿੰਦੇ ਹਨ ਕਿ ਜਾਤ ਤੇ ਰਿਜ਼ਰਵੇਸ਼ਨ ਜਾਰੀ ਰਹੇਗੀ, ਛੱਡੀ ਨਹੀਂ ਜਾ ਸਕਦੀ, ਪਹਿਲੇ ਬਿਆਨ ਦੀ ਤਰਦੀਦ ਹੋ ਜਾਂਦੀ ਹੈ।

ਲੋਕਾਂ ਦਾ ਧਿਆਨ ਹਟਾਉਣ ਲਈ ਯੋਗੀ ਅਦਿਤਿਆਨਾਥ, ਨਿਰੰਜਣ ਸਾਧਵੀ ਤੇ ਹਰਿਆਣੇ ਦੇ ਮੁੱਖ ਮੰਤਰੀ ਬਿਆਨ ਦਿੰਦੇ ਹਨ ਕਿ ਜੇ ਕਿਸੇ ਨੇ ਗਊ ਮਾਸ ਖਾਣਾ ਹੈ ਤਾਂ ਉਹ ਪਾਕਿਸਤਾਨ ਚਲਿਆ ਜਾਵੇ। ਜਿਹੜਾ ਇਸ ਦੇਸ਼ ਦਾ ਜੰਮਿਆ ਪਲਿਆ ਹੈ, ਸਦੀਆਂ ਤੋਂ ਇਥੇ ਰਹਿੰਦਾ ਹੈ, ਉਹ ਕਿਵੇਂ ਚਲਿਆ ਜਾਵੇਗਾ? ਕਿਹਾ ਜਾਂਦਾ ਹੈ ਕਿ ਦੁਨੀਆਂ ਨੂੰ ਬਾਹਰ ਬੀਫ਼ ਭੇਜਣ ਦੇ ਮਾਮਲੇ ‘ਚ ਭਾਰਤ ਦਾ ਪਹਿਲਾਂ ਜਾਂ ਦੂਜਾ ਨੰਬਰ ਹੈ। ਇਹ ਕਈ ਗ਼ਰੀਬ ਹਿੰਦੂ ਲੋਕਾਂ ਦੇ ਰੁਜ਼ਗਾਰ ਦਾ ਵੀ ਸਾਧਨ ਹੈ। ਦੇਸ਼ ਦੀ ਸਰਕਾਰ ਵਿਕਾਸ ਦੀ ਗੱਲ ਕਰਦੀ ਹੈ ਪਰ ਵਿਕਾਸ ਲੋਕਾਂ ਵਿਚ ਦਿਸ ਨਹੀਂ ਰਿਹਾ। ਇਸ ਦੀ ਚਰਚਾ ਜ਼ਰੂਰ ਕੀਤੀ ਜਾ ਰਹੀ ਹੈ। ਭਾਰਤ ਵਿਚ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਬੋਧੀ ਪਾਰਸੀ ਆਦਿ ਹਨ। ਮੁਸਲਮਾਨਾਂ ਤੇ ਸਿੱਖਾਂ ਦੀ ਸ਼ਨਾਖ਼ਤ ਵਖਰੀ ਹੈ। ਈਸਾਈ, ਬੋਧੀ, ਪਾਰਸੀ ਚਿਹਰਾ ਵੇਖ ਕੇ ਵੱਖ ਨਹੀਂ ਕੀਤੇ ਜਾ ਸਕਦੇ।

ਮੋਹਨ ਭਾਗਵਤ ਨੇ ਬਿਆਨ ਦਿਤਾ ਕਿ ਦੇਸ਼ ਦਾ ਹਰ ਵਿਅਕਤੀ ‘ਭਾਰਤ ਮਾਂ ਦੀ ਜੈ ਕਹੇ’। ਕਈ ਆਰ.ਐਸ.ਐਸ. ਤੇ ਬੀਜੇਪੀ ਦੇ ਲੀਡਰਾਂ ਨੇ ਇਸ ਗੱਲ ਦਾ ਹੋਰ ਪ੍ਰਚਾਰ ਕਰ ਦਿਤਾ। ਇਹ ਗੱਲ ਮੀਡੀਏ ਵਿਚ ਆ ਗਈ ਤਾਂ ਓਵੈਸੀ ਵਰਗੇ ਜਿਹੜੇ ਮਸਲਾ ਵਧਾਉਣ ਵਿਚ ਮਾਹਰ ਹਨ, ਕੱਟੜ ਮੁਸਲਮਾਨ ਹਨ, ਅਜਿਹਾ ਸਮਾਂ ਹੀ ਭਾਲਦੇ ਹਨ ਕਿ ਲੋਕ ਉਸ ਗੱਲ ਨਾਲ ਭਾਵੁਕ ਹੋ ਜਾਣ। ਉਨ੍ਹਾਂ ਨੇ ਕਹਿ ਦਿਤਾ, ”ਮੇਰੇ ਗਲੇ ‘ਤੇ ਭਾਵੇਂ ਛੁਰੀ ਰੱਖੀ ਜਾਵੇ, ਮੈਂ ਭਾਰਤ ਮਾਂ ਦੀ ਜੈ ਨਹੀਂ ਆਖਾਂਗਾ।” ਉਹ ਜੈ ਹਿੰਦ ਕਹਿਣ ਲਈ ਤਿਆਰ ਹਨ। ਇਸ ਗੱਲ ਨੇ ਦੋਹਾਂ ਧਿਰਾਂ ਵਿਚ ਕੱਟੜਤਾ ਵਧਾ ਦਿਤੀ, ਆਰ.ਐਸ.ਐਸ. ਤੇ ਬੀਜੇਪੀ ਵਾਲਿਆਂ ਨੇ ਰੱਟ ਹੀ ਲਾ ਦਿਤੀ ਹੈ ਕਿ ਜੋ ਭਾਰਤ ਮਾਂ ਦੀ ਜੈ ਨਹੀਂ ਕਹਿੰਦਾ, ਉਹ ਦੇਸ਼ ਹੀ ਛੱਡ ਜਾਵੇ। ਜਦ ਗੱਲ ਸਿਖਰ ਤੇ ਪੁੱਜ ਗਈ ਤਾਂ ਭਾਗਵਤ ਨੇ ਸੁਰ ਨਰਮ ਕਰ ਦਿਤੀ ਤੇ ਕਹਿ ਦਿਤਾ ਕਿ ਭਾਰਤ ਮਾਂ ਦੀ ਜੈ ਕਹਿਣਾ ਜ਼ਰੂਰੀ ਨਹੀਂ। ਦੇਸ਼ ਦੀ ਸਰਕਾਰ ਪਾਕਿਸਤਾਨ ਦੇ ਮਸਲੇ ‘ਤੇ ਬਿਲਕੁਲ ਹੀ ਨਾਅਹਿਲ ਸਾਬਤ ਹੋਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਕਾਬੁਲ ਤੋਂ ਸਿੱਧੇ ਲਾਹੌਰ ਪੁੱਜ ਗਏ, ਨਵਾਬ ਸ਼ਰੀਫ਼ ਨੂੰ ਮਿਲੇ। ਪਾਕਿਸਤਾਨ ਦੀ ਤਫ਼ਤੀਸ਼ੀ ਟੀਮ ਨੂੰ ਪਠਾਨਕੋਟ ਵਰਗੇ ਖ਼ੁਫ਼ੀਆ ਹਵਾਈ ਅੱਡੇ ਵਿਖਾਏ ਭਾਵੇਂ ਬਾਹਰੋਂ ਹੀ। ਉਨ੍ਹਾਂ ਦੀ ਟੀਮ ਨੇ ਪਾਕਿਸਤਾਨ ਜਾ ਕੇ ਪਠਾਨਕੋਟ ਦੀ ਘਟਨਾ ਨੂੰ ਭਾਰਤ ਦੇ ਸਿਰ ਹੀ ਮੜ੍ਹ ਦਿਤਾ ਹੈ ਕਿ ਪਾਕਿਸਤਾਨ ਨੂੰ ਬਦਨਾਮ ਕਰਨ ਲਈ ਇਹ ਸਾਜ਼ਸ਼ ਘੜੀ ਗਈ ਜੋ ਬਿਲਕੁਲ ਝੂਠੀ ਹੈ।

ਪ੍ਰਤੀਤ ਹੁੰਦਾ ਹੈ ਕਿ ਮੋਹਨ ਭਾਗਵਤ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਨੂੰ ਨਜਿਠਣ ਲਈ ਟੇਢੇ ਢੰਗ ਨਾਲ ਮਦਦ ਕਰ ਰਹੇ ਹਨ। ਸਾਰੀ ਆਰ.ਐਸ.ਐਸ. ਇਹ ਕੰਮ ਕਰਦੀ ਹੈ। ਟੀ.ਵੀ. ਚੈਨਲਾਂ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਤ ਕੀਤਾ ਹੋਇਆ ਹੈ। ਹਰ ਚਰਚਾ ਵਿਚ ਆਰ.ਐਸ.ਐਸ. ਦਾ ਬੁਲਾਰਾ ਜ਼ਰੂਰ ਹੁੰਦਾ ਹੈ, ਹਿੰਦੂ ਵਿਸ਼ਵ ਪ੍ਰੀਸ਼ਦ ਵੀ ਪਿੱਛੇ ਨਹੀਂ। ਇਹ ਵਖਰੇ ਚੋਣ ਨਹੀਂ ਲੜਦੇ, ਪਰ ਸਾਡਾ ਟੀ.ਵੀ. ਮੀਡੀਆ ਜ਼ਰੂਰ ਸੱਦਦਾ ਹੈ। ਸਰਕਾਰ ਨੂੰ ਅੰਦਰਖਾਤੇ ਹਰ ਸਲਾਹ ਮੋਹਨ ਭਾਗਵਤ ਦੀ ਮੰਨਣੀ ਪੈਂਦੀ ਹੈ ਤਾਕਿ ਨਾਕਾਮੀਆਂ ਜ਼ਾਹਰ ਨਾ ਹੋਣ।

ਪੀਰਾਂ ਵਾਲਾ ਗੇਟ, ਸੁਨਾਮ

ਮੋਬਾਈਲ : 98150-37279

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.