ਨਵੀ ਮੁੰਬਈ (ਪੀਟੀਆਈ) : ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ ਇੱਕੋ ਇਕ ਟੈਸਟ ’ਚ ਰਿਕਾਰਡ 347 ਦੌੜਾਂ ਨਾਲ ਹਰਾ ਕੇ ਇਸ ਪ੍ਰਫਾਰਮੇ ’ਚ ਸਭ ਤੋਂ ਵੱਡੀ ਜਿੱਤ ਦਰਜ ਕਰਦਿਆਂ ਇਤਿਹਾਸ ਰਚ ਦਿੱਤਾ। ਆਲਰਾਊਂਡਰ ਦੀਪਤੀ ਸ਼ਰਮਾ ਦੇ ਦਮਦਾਰ ਪ੍ਰਦਰਸ਼ਨ ਨਾਲ ਭਾਰਤੀ ਟੀਮ ਨੇ ਇੰਗਲੈਂਡ ਨੂੰ ਸ਼ਨਿਚਰਵਾਰ ਨੂੰ ਤੀਜੇ ਦਿਨ ਹੀ ਚਾਰੇ ਖਾਨੇ ਚਿੱਤ ਕਰ ਦਿੱਤਾ। ਭਾਰਤੀ ਟੀਮ ਨੇ ਦੂਜੀ ਪਾਰੀ ਛੇ ਵਿਕਟਾਂ ’ਤੇ 186 ਦੌੜਾਂ ’ਤੇ ਐਲਾਨ ਕਰ ਕੇ ਇੰਗਲੈਂਡ ਸਾਹਮਣੇ 479 ਦੌੜਾਂ ਦਾ ਅਸੰਭਵ ਜਿਹਾ ਟੀਚਾ ਰੱਖਿਆ। ਇਸ ਤੋਂ ਬਾਅਦ ਦੀਪਤੀ ਨੇ ਚਾਰ ਵਿਕਟਾਂ ਝਟਕੀਆਂ, ਜਿਸ ਨਾਲ ਇੰਗਲੈਂਡ ਦੀ ਟੀਮ ਸਿਰਫ਼ 131 ਦੌੜਾਂ ’ਤੇ ਢੇਰ ਹੋ ਗਈ। ਇਸ ਤਰ੍ਹਾਂ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਮਹਿਲਾ ਟੈਸਟ ਕ੍ਰਿਕਟ ’ਚ ਦੌੜਾਂ ਦੇ ਫ਼ਰਕ ਨਾਲ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਉਸਨੇ ਸ੍ਰੀਲੰਕਾ ਦਾ ਰਿਕਾਰਡ ਤੋੜਿਆ, ਜਿਸ ਨੇ 1998 ’ਚ ਪਾਕਿਸਤਾਨ ਨੂੰ 309 ਦੌੜਾਂ ਨਾਲ ਹਰਾਇਆ ਸੀ।

ਇਹ ਭਾਰਤ ਦਾ ਪਿਛਲੇ ਨੌਂ ਸਾਲਾਂ ’ਚ ਘਰੇਲੂ ਧਰਤੀ ’ਤੇ ਪਹਿਲਾ ਟੈਸਟ ਮੈਚ ਸੀ। ਪਹਿਲੀ ਪਾਰੀ ’ਚ ਭਾਰਤ ਨੇ 428 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ। ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਇੰਗਲੈਂਡ ਨੂੰ ਪਹਿਲੀ ਪਾਰੀ 136 ਦੌੜਾਂ ’ਤੇ ਸਮੇਟ ਦਿੱਤੀ ਸੀ। ਦੀਪਤੀ ਨੇ ਪਹਿਲੀ ਪਾਰੀ ’ਚ ਪੰਜ ਵਿਕਟਾਂ ਲੈਣ ਤੋਂ ਇਲਾਵਾ 67 ਦੌੜਾਂ ਬਣਾਈਆਂ ਸਨ। ਦੀਪਤੀ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਮੈਚ ਤੋਂ ਬਾਅਦ ਦੀਪਤੀ ਨੇ ਕਿਹਾ, ਸਾਨੂੰ ਇਸ ਦਿਨ ਦੀ ਉਡੀਕ ਸੀ। ਵਿਕਟ ਨਾਲ ਕਾਫ਼ੀ ਮਦਦ ਮਿਲ ਰਹੀ ਸੀ ਇਸ ਲਈ ਸਹੀ ਖੇਤਰ ’ਚ ਗੇਂਦਬਾਜ਼ੀ ਕਰਨ ਦਾ ਯਤਨ ਕੀਤਾ। ਕਪਤਾਨ ਹਰਮਨਪ੍ਰੀਤ ਮੈਨੂੰ ਸਹੀ ਖੇਤਰ ’ਚ ਗੇਂਦਬਾਜ਼ੀ ਕਰਨ ਦੀ ਸਲਾਹ ਦੇ ਰਹੀ ਸੀ। ਅੱਗੇ ਵੀ ਅਜਿਹਾ ਹੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੀ। ਇਹ ਭਾਰਤੀ ਟੀਮ ਦੀ ਇੰਗਲੈਂਡ ਖ਼ਿਲਾਫ਼ ਘਰੇਲੂ ਧਰਤੀ ’ਤੇ 15 ਟੈਸਟ ਮੈਚਾਂ ’ਚ ਪਹਿਲੀ ਜਿੱਤ ਹੈ। ਇਸ ਨਾਲ ਉਹ ਆਸਟ੍ਰੇਲੀਆ ਖ਼ਿਲਾਫ਼ ਅਗਲੇ ਹਫ਼ਤੇ ਹੋਣ ਵਾਲੇ ਇੱਕੋ ਇਕ ਟੈਸਟ ਮੈਚ ’ਚ ਵਧੇ ਮਨੋਬਲ ਨਾਲ ਉਤਰੇਗੀ।

ਮਹਿਲਾ ਟੈਸਟ ਮੈਚ ’ਚ ਦੌੜਾਂ ਦੇ ਫ਼ਰਕ ਨਾਲ ਵੱਡੀ ਜਿੱਤ

ਦੌੜਾਂ ਫ਼ਰਕ, ਜੇਤੂ, ਵਿਰੁੱਧ, ਸਥਾਨ, ਸਾਲ

347, ਭਾਰਤ, ਇੰਗਲੈਂਡ, ਮੁੰਬਈ, 2023

309, ਸ੍ਰੀਲੰਕਾ, ਪਾਕਿਸਤਾਨ, ਕੋਲੰਬੋ, 1998

188, ਨਿਊਜ਼ੀਲੈਂਡ, ਦੱ.ਅਫ਼ਰੀਕਾ, ਡਰਬਨ, 1972

186, ਆਸਟ੍ਰੇਲੀਆ, ਇੰਗਲੈਂਡ, ਐਡੀਲੇਡ, 1949

185, ਇੰਗਲੈਂਡ, ਨਿਊਜ਼ੀਲੈਂਡ, ਆਕਲੈਂਡ, 1949