ਲੁਧਿਆਣਾ : ਦੇਸ਼ ਦੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋ ਰਹੀ ਹੈ ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਠੰਢ ਵਧ ਗਈ ਹੈ ਜਦਕਿ ਹਰਿਆਣਾ ਅਤੇ ਪੰਜਾਬ (Punjab Weather) ‘ਚ ਸੰਘਣੀ ਧੁੰਦ ਪੈ ਰਹੀ ਹੈ। ਪੰਜਾਬ ਦੇ ਕਈ ਇਲਾਕਿਆਂ ’ਚ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਦੇਖੀ ਗਈ ਹੈ। ਇਸ ਕਾਰਨ ਪਟਿਆਲਾ ’ਚ ਦ੍ਰਿਸ਼ਤਾ 25 ਮੀਟਰ ਤੇ ਅੰਮ੍ਰਿਤਸਰ ’ਚ 50 ਮੀਟਰ ਹੈ।

ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ ਚਾਰ ਤੋਂ ਪੰਜ ਦਿਨਾਂ ਦੇ ਅੰਦਰ ਪੰਜਾਬ ਤੇ ਹਰਿਆਣਾ ਦੇ ਬਾਕੀ ਹਿੱਸਿਆਂ ’ਚ ਵੀ ਧੁੰਦ ਹੋਰ ਸੰਘਣੀ ਹੋ ਸਕਦੀ ਹੈ, ਜਿਹੜੀ ਵਧਦੇ ਹੋਏ ਦਿੱਲੀ ਤੇ ਆਸਪਾਸ ਦੇ ਇਲਾਕਿਆਂ ਤੱਕ ਪਹੁੰਚ ਸਕਦੀ ਹੈ।

ਸਕਾਈਮੈਟ ਦਾ ਮੰਨਣਾ ਹੈ ਕਿ 23-24 ਦਸੰਬਰ ਤੋਂ ਪੰਜਾਬ-ਹਰਿਆਣਾ ਦੇ ਕਈ ਹਿੱਸਿਆਂ ’ਚ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ, ਉਸ ਤੋਂ ਬਾਅਦ ਹੀ ਧੁੰਦ ਸੰਘਣੀ ਹੋ ਸਕਦੀ ਹੈ। ਦੇਸ਼ ਦੇ ਬਾਕੀ ਹਿੱਸਿਆਂ ’ਚ ਕਿਤੇ ਵੀ ਧੁੰਦ ਨਹੀਂ ਹੈ, ਪਰ ਉੱਤਰ ਪ੍ਰਦੇਸ਼ ਤੇ ਬਿਹਾਰ ’ਚ ਸਵੇਰੇ ਹਲਕੀ ਧੁੰਦ ਦੇਖੀ ਜਾ ਰਹੀ ਹੈ।

ਬਠਿੰਡਾ ਸਭ ਤੋਂ ਠੰਢਾ ਰਿਹਾ

19 ਦਸੰਬਰ ਤਕ ਸੰਘਣੀ ਧੁੰਦ ਤੇ ਕੋਹਰਾ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਹਾਲਾਂਕਿ ਇਸ ਦੌਰਾਨ ਘੱਟੋ-ਘੱਟ ਤਾਪਮਾਨ ‘ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਦੂਜੇ ਪਾਸੇ ਸ਼ੁੱਕਰਵਾਰ ਨੂੰ ਬਠਿੰਡਾ ਸਭ ਤੋਂ ਠੰਢਾ ਰਿਹਾ।

ਜਿੱਥੇ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂਕਿ ਮੋਗਾ ‘ਚ 5.1 ਡਿਗਰੀ ਸੈਲਸੀਅਸ, ਅੰਮ੍ਰਿਤਸਰ ਤੇ ਐਸਬੀਐਸ ਨਗਰ ਵਿੱਚ 5.4 ਡਿਗਰੀ ਸੈਲਸੀਅਸ, ਚੰਡੀਗੜ੍ਹ ‘ਚ 7.4 ਡਿਗਰੀ ਸੈਲਸੀਅਸ, ਲੁਧਿਆਣਾ ‘ਚ 7.5 ਡਿਗਰੀ ਸੈਲਸੀਅਸ, ਰੋਪੜ ‘ਚ 7.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।