ਆਨਲਾਈਨ ਡੈਸਕ। ਦਿੱਲੀ ਹਾਈ ਕੋਰਟ ਨੇ ਬਾਟਲਾ ਹਾਊਸ ਐਨਕਾਊਂਟਰ ਮਾਮਲੇ ‘ਚ ਦੋਸ਼ੀ ਆਰਿਜ਼ ਖਾਨ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਹਾਲਾਂਕਿ ਅਦਾਲਤ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਇਸ ਮੁਕਾਬਲੇ ਵਿੱਚ ਦਿੱਲੀ ਪੁਲਿਸ ਦੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਸ਼ਹੀਦ ਹੋ ਗਏ ਸਨ।
ਦਰਅਸਲ, 2008 ਵਿੱਚ ਦਿੱਲੀ ਵਿੱਚ ਲੜੀਵਾਰ ਬੰਬ ਧਮਾਕਿਆਂ ਦੇ ਕੁਝ ਦਿਨ ਬਾਅਦ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦਾ ਬਾਟਲਾ ਹਾਊਸ ਵਿੱਚ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ ਸੀ ਅਤੇ 19 ਸਤੰਬਰ 2008 ਨੂੰ ਇਸ ਵਿੱਚ ਇੰਸਪੈਕਟਰ ਸ਼ਰਮਾ ਮਾਰੇ ਗਏ ਸਨ। ਲੜੀਵਾਰ ਧਮਾਕਿਆਂ ‘ਚ ਦਿੱਲੀ ਦੇ 39 ਲੋਕ ਮਾਰੇ ਗਏ ਸਨ, ਜਦਕਿ 159 ਜ਼ਖਮੀ ਹੋਏ ਸਨ। ਸ਼ਰਮਾ ਨੇ ਧਮਾਕਿਆਂ ਲਈ ਜ਼ਿੰਮੇਵਾਰ ਅੱਤਵਾਦੀਆਂ ਦੀ ਭਾਲ ‘ਚ ਥਾਂ-ਥਾਂ ਛਾਪੇਮਾਰੀ ਕੀਤੀ ਸੀ।
ਇਸ ਦੌਰਾਨ ਅੱਤਵਾਦੀਆਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਬਾਟਲਾ ਹਾਊਸ ਮੁਕਾਬਲੇ ‘ਚ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਜਾਨ ਚਲੀ ਗਈ ਸੀ, ਜਦਕਿ ਬਲਵੰਤ ਸਿੰਘ-ਰਾਜਵੀਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਆਤਿਫ ਅਮੀਨ ਅਤੇ ਮੁਹੰਮਦ ਸਾਜਿਦ ਮਾਰੇ ਗਏ। ਜਦਕਿ ਦੋਸ਼ੀ ਸ਼ਹਿਜ਼ਾਦ ਅਹਿਮਦ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਸ਼ਹਿਜ਼ਾਦ ਅਹਿਮਦ ਨੂੰ 2013 ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜਦੋਂ ਕਿ ਆਰਿਜ਼ ਮੁਕਾਬਲੇ ਦੌਰਾਨ ਭੱਜ ਗਿਆ ਸੀ, ਉਸ ਨੂੰ ਸਾਲ 2018 ਵਿਚ ਨੇਪਾਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
15 ਮਾਰਚ 2021 ਨੂੰ ਹੇਠਲੀ ਅਦਾਲਤ ਨੇ ਆਰਿਜ਼ ਖਾਨ ਨੂੰ ਮੌਤ ਦੀ ਸਜ਼ਾ ਦੇਣ ਦੀ ਸਿਫਾਰਿਸ਼ ਕੀਤੀ ਸੀ ਤੇ ਉਸ ‘ਤੇ 11 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ। ਫੈਸਲੇ ਤੋਂ ਬਾਅਦ ਹੇਠਲੀ ਅਦਾਲਤ ਨੇ ਇਸ ਨੂੰ ਮੌਤ ਦੀ ਸਜ਼ਾ ਦੀ ਪੁਸ਼ਟੀ ਲਈ ਹਾਈ ਕੋਰਟ ਨੂੰ ਭੇਜ ਦਿੱਤਾ। ਦਿੱਲੀ ਹਾਈ ਕੋਰਟ ਨੇ ਇਸ ਮਾਮਲੇ ‘ਤੇ ਲੰਬੀ ਸੁਣਵਾਈ ਤੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 18 ਅਗਸਤ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਜਸਟਿਸ ਸਿਧਾਰਥ ਮ੍ਰਿਦੁਲ ਤੇ ਜਸਟਿਸ ਅਮਿਤ ਸ਼ਰਮਾ ਦੀ ਬੈਂਚ ਨੇ ਆਰਿਜ਼ ਖਾਨ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਹਾਲਾਂਕਿ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਖਾਨ ਦੇ ਸਮਾਜਿਕ ਵਿਵਹਾਰ ਟੈਸਟ ਦੀ ਰਿਪੋਰਟ ਅਤੇ ਮਨੋਵਿਗਿਆਨਕ ਵਿਸ਼ਲੇਸ਼ਣ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਤੇ ਕਿਹਾ ਕਿ ਜੇਲ੍ਹ ਵਿੱਚ ਉਸਦਾ ਵਿਵਹਾਰ ਤਸੱਲੀਬਖਸ਼ ਨਹੀਂ ਹੈ। ਹੇਠਲੀ ਅਦਾਲਤ ਨੇ 8 ਮਾਰਚ, 2021 ਨੂੰ ਆਰਿਜ਼ ਖਾਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਸੀ ਕਿ ਇਹ ਸਾਬਤ ਹੋ ਗਿਆ ਹੈ ਕਿ ਆਰਿਜ਼ ਅਤੇ ਉਸਦੇ ਸਾਥੀਆਂ ਨੇ ਪੁਲਿਸ ਅਧਿਕਾਰੀ ਦਾ ਕਤਲ ਕੀਤਾ ਸੀ ਅਤੇ ਉਸ ‘ਤੇ ਗੋਲੀਆਂ ਚਲਾਈਆਂ ਸਨ।



