ਨਵੀਂ ਦਿੱਲੀ (ਪੀਟੀਆਈ) : ਸਾਲ 2023 ’ਚ ਚੰਦਰਯਾਨ-3 ਦੀ ਕਾਮਯਾਬੀ ਤੇ ਦੇਸ਼ ਦਾ ਪਹਿਲਾ ਸੂਰਜ ਮਿਸ਼ਨ ਲਾਂਚ ਕਰਨ ਤੋਂ ਬਾਅਦ ਭਾਰਤ ਨਵੇਂ ਸਾਲ ਦਾ ਸਵਾਗਤ ਦੇਸ਼ ਦੇ ਪਹਿਲੇ ਐਕਸਪੋਸੇਟ (ਐਕਸ-ਰੇ ਪੋਲਾਰਿਮੀਟਰ ਸੈਟੇਲਾਈਟ) ਮਿਸ਼ਨ ਨਾਲ ਕਰਨ ਜਾ ਰਿਹਾ ਹੈ। ਐਕਸਪੋਸੇਟ ਐਕਸ-ਰੇ ਸ੍ਰੋਤ ਦਾ ਪਤਾ ਲਾਉਣ ਤੇ ‘ਬਲੈਕ ਹੋਲ’ ਦੀ ਰਹੱਸਮਈ ਦੁਨੀਆ ਦਾ ਅਧਿਐਨ ਕਰਨ ’ਚ ਮਦਦ ਕਰੇਗਾ। ਇਹ ਮਿਸ਼ਨ ਲਗਪਗ ਪੰਜ ਸਾਲ ਦਾ ਹੋਵੇਗਾ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਆਂਧਰਾ ਪ੍ਰਦੇਸ਼ ਦੇ ਸ੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ (ਐੱਸਡੀਐੱਸਸੀ) ਤੋਂ ਸੋਮਵਾਰ ਸਵੇਰੇ ਨੌਂ ਵੱਜ ਕੇ 10 ਮਿੰਟ ’ਤੇ ਐਕਸਪੋਸੇਟ ਨੂੰ ਲਾਂਚ ਕਰੇਗਾ। ਧਰੁਵੀ ਉਪਗ੍ਰਹਿ ਲਾਂਚ ਵਾਹਨ (ਪੀਐੱਸਐੱਲਵੀ)-ਸੀ 58 ਰਾਕਟ ਐਕਸਪੋਸੇਟ ਤੇ 10 ਹੋਰ ਸੈਟੇਲਾਈਟਾਂ ਨਾਲ ਆਪਣੀ 60ਵੀਂ ਉਡਾਣ ਭਰੇਗਾ ਤੇ ਇਨ੍ਹਾਂ ਸੈਟੇਲਾਈਟਾਂ ਨੂੰ ਧਰਤੀ ਦੀਆਂ ਹੇਠਲੀਆਂ ਕਲਾਸਾਂ ’ਚ ਸਥਾਪਤ ਕਰੇਗਾ। ਲਾਂਚਿੰਗ ਲਈ 25 ਘੰਟੇ ਦੀ ਉਲਟੀ ਗਿਣਤੀ ਐਤਵਾਰ ਨੂੰ ਸ਼ੁਰੂ ਹੋਈ। ਮਿਸ਼ਨ ਦੀ ਕਾਮਯਾਬੀ ਲਈ ਇਸਰੋ ਦੇ ਵਿਗਿਆਨੀਆਂ ਨੇ ਐਤਵਾਰ ਨੂੰ ਤਿਰੂਪਤੀ ਮੰਦਿਰ ’ਚ ਪੂਜਾ ਕੀਤੀ।

ਐਕਸਪੋਸੇਟ ਦਾ ਟੀਚਾ ਪੁਲਾੜ ’ਚ ਐਕਸ-ਰੇ ਸ੍ਰੋਤਾਂ ਦੇ ਧਰੁਵੀਕਰਨ ਦਾ ਅਧਿਐਨ ਕਰਨਾ ਹੈ। ਇਸਰੋ ਤੋਂ ਇਲਾਵਾ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਦਸੰਬਰ 2021 ’ਚ ਸੁਪਰਨੋਵਾ ਧਮਾਕੇ ਦੇ ਮਲਬੇ, ਬਲੈਕ ਹੋਲ ਤੋਂ ਨਿਕਲਣ ਵਾਲੇ ਕਣਾਂ ਤੇ ਹੋਰ ਖਗੋਲੀ ਘਟਨਾਵਾਂ ਦਾ ਅਜਿਹਾ ਹੀ ਅਧਿਅਨ ਕੀਤਾ ਸੀ।