ਨਵੀਂ ਦਿੱਲੀ (ਪੀਟੀਆਈ) : ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਇਸ ਸਾਲ ਓਟਾਵਾ ਤੇ ਲੰਡਨ ’ਚ ਭਾਰਤੀ ਹਾਈ ਕਮਿਸ਼ਨਾਂ ਅਤੇ ਸਾਨ ਫਰਾਂਸਿਸਕੋ ’ਚ ਮਹਾਵਣਜ ਦੂਤਘਰ ’ਤੇ ਹਮਲਿਆਂ ਪਿੱਛੇ ਸ਼ੱਕੀਆਂ ਦੀ ਪਛਾਣ ਕਰਨ ਲਈ ਕਈ ਛਾਪੇ ਮਾਰੇ। ਏਜੰਸੀ ਨੇ ਜਾਂਚ ਦੇ ਕਈ ਨਵੇਂ ਤਰੀਕਿਆਂ ਦੀ ਵਰਤੋਂ ਕਰਦਿਆਂ ਇਨ੍ਹਾਂ ਹਮਲਿਆਂ ਪਿੱਛੇ 43 ਸ਼ੱਕੀਆਂ ਦੀ ਪਛਾਣ ਕੀਤੀ।

ਐੱਨਆਈਏ ਨੇ ਇਸ ਸਾਲ ਅੱਤਵਾਦੀ ਨੈੱਟਵਰਕ ਖ਼ਿਲਾਫ਼ ਆਪਣੀ ਕਾਰਵਾਈ ਦੌਰਾਨ 68 ਮਾਮਲੇ ਦਰਜ ਕਰਨ ਤੋਂ ਬਾਅਦ ਇਕ ਹਜ਼ਾਰ ਤੋਂ ਜ਼ਿਆਦਾ ਛਾਪੇ ਮਾਰੇ ਤੇ 625 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ। ਏਜੰਸੀ ਨੇ 74 ਮੁਲਜ਼ਮਾਂ ਨੂੰ ਸਜ਼ਾ ਦਿਵਾ ਕੇ 94.70 ਫ਼ੀਸਦੀ ਦੀ ਸਜ਼ਾ ਦਰ ਵੀ ਹਾਸਲ ਕੀਤੀ। ਐੱਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਓਟਾਵਾ ਤੇ ਲੰਡਨ ’ਚ ਭਾਰਤ ਦੇ ਹਾਈ ਕਮਿਸ਼ਨਾਂ ਦੇ ਨਾਲ-ਨਾਲ ਸਾਨ ਫਰਾਂਸਿਸਕੋ ’ਚ ਭਾਰਤ ਦੇ ਮਹਾਵਣਜ ਦੂੁਤਘਰ ’ਤੇ ਹਮਲੇ ਵੀ ਸਾਲ ਦੌਰਾਨ ਵਿਦੇਸ਼ ’ਚ ਭਾਰਤੀ ਹਿੱਤਾਂ ਖ਼ਿਲਾਫ਼ ਅਪਰਾਧਾਂ ’ਚ ਐੱਨਆਈਏ ਦੀਆਂ ਕਾਰਵਾਈਆਂ ਦਾ ਕੇਂਦਰ ਬਿੰਦੂ ਬਣੇ ਰਹੇ। ਵਿਦੇਸ਼ ’ਚ ਭਾਰਤੀ ਮਿਸ਼ਨਾਂ ’ਤੇ ਹਮਲਿਆਂ ਪਿੱਛੇ ਦੀ ਸਾਜ਼ਿਸ਼ ਉਜਾਗਰ ਕਰਨ ਦੀਆਂ ਏਜੰਸੀ ਦੀਆਂ ਕੋਸ਼ਿਸ਼ਾਂ ਤਹਿਤ 50 ਤੋਂ ਜ਼ਿਆਦਾ ਛਾਪੇ ਤੇ ਤਲਾਸ਼ੀ ਦੀ ਕਾਰਵਾਈ ਕੀਤੀ ਗਈ।

ਉਨ੍ਹਾਂ ਕਿਹਾ ਕਿ ਐੱਨਆਈਏ ਨੇ ਸਾਜ਼ਿਸ਼ ਦਾ ਹਿੱਸਾ ਹੋਣ ਦੇ ਸ਼ੱਕ ’ਚ ਭਾਰਤ ’ਚ 80 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਤੋਂ ਪੁੱਛਗਿੱਛ ਕੀਤੀ। ਅਧਿਕਾਰੀ ਨੇ ਕਿਹਾ ਕਿ ਅਰਸ਼ ਡੱਲਾ ਤੇ ਰਿੰਦਾ ਸਣੇ ਭਾਰਤ ਦੇ ਪੰਜ ਮੋਸਟ ਵਾਂਟਡ ਨੂੰ ਅੱਤਵਾਦੀਆਂ ਵਜੋਂ ਸੂਚੀਬੱਧ ਕਰਨ ਤੋਂ ਇਲਾਵਾ ਐੱਨਆਈਏ ਦੇ ਮਤੇ ’ਤੇ ਕੇਂਦਰ ਸਰਕਾਰ ਨੇ 2023 ’ਚ ਚਾਰ ਅੱਤਵਾਦੀ ਜਥੇਬੰਦੀਆਂ ’ਤੇ ਪਾਬੰਦੀ ਲਗਾਈ।