ਜਾ.ਸ, ਨਵੀਂ ਦਿੱਲੀ : ਨਵੇਂ ਵਰ੍ਹੇ ਦੇ ਸਵਾਗਤ ਲਈ ਪਹਾੜਾਂ ਤੋਂ ਲੈ ਕੇ ਜੰਗਲਾਂ ਤੱਕ ਸੈਲਾਨੀਆਂ ਦੀ ਬਹਾਰ ਆਈ ਹੋਈ ਹੈ। ਉੱਤਰਾਖੰਡ ਦੇ ਮਸੂਰੀ, ਧਨੋਲਟੀ, ਕੌਸਾਨੀ, ਔਲੀ, ਲੈਂਸਡੋਨ, ਕਾਣਾਤਾਲ, ਅਲਮੋੜਾ ਤੇ ਰਾਣੀਖੇਤ ਵਿਚ ਵੱਡੀ ਗਿਣਤੀ ਵਿਚ ਸੈਲਾਨੀ ਜਸ਼ਨ ਮਨਾਉਣ ਲਈ ਆਏ ਹੋਏ ਹਨ। ਦੇਰ ਰਾਤ ਤੱਕ ਇਨ੍ਹਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਉਥੇ ਹਿਮਾਚਲ ਪ੍ਰਦੇਸ਼ ਦੀਆਂ ਸੈਲਾਨੀ ਥਾਵਾਂ ਵਿਚ ਲੰਘੇ ਦੋ ਦਿਨਾਂ ਦੌਰਾਨ 3.75 ਲੱਖ ਤੋਂ ਵੱਧ ਸੈਲਾਨੀ ਪੁੱਜੇ। ਇਹ ਗਿਣਤੀ ਹੁਣ ਵਧ ਰਹੀ ਹੈ।

ਉੱਤਰਾਖੰਡ ਬਾਰੇ ਗੱਲ ਕਰੀਏ ਤਾਂ ਉਥੇ ਧਨੋਲਟੀ, ਮਸੂਰੀ, ਕੌਸਾਨੀ, ਔਲੀ, ਲੈਂਸਡੋਨ, ਕਾਣਾਤਾਲ, ਅਲਮੋੜਾ ਤੇ ਰਾਣੀਖੇਤ ਦੇ ਲਗਭਗ ਡੇਢ ਲੱਖ ਤੋਂ ਵੱਧ ਸੈਲਾਨੀ ਨਵੇਂ ਵਰ੍ਹੇ ਦਾ ਜਸ਼ਨ ਮਨਾਉਣ ਲਈ ਅੱਪੜ ਚੁੱਕੇ ਹਨ। ਲੰਘੇ ਤਿੰਨ ਦਿਨਾਂ ਤੋਂ ਸੈਲਾਨੀਆਂ ਦਾ ਜਸ਼ਨ ਲਈ ਉੱਤਰਾਖੰਡ ਪੁੱਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸੂਬੇ ਦੇ ਜ਼ਿਆਦਾਤਰ ਸੈਲਾਨੀ ਸਥਾਨਾਂ ’ਤੇ ਰੌਣਕਾਂ ਲੱਗੀਆਂ ਹੋਈਆਂ ਹਨ। ਮਸੁੂਰੀ ਵਿਚ ਵੱਡੀ ਗਿਣਤੀ ਵਿਚ ਸੈਲਾਨੀ ਅੱਪੜੇ ਹਨ। ਹਾਲਾਂਕਿ ਉਥੇ ਸੜਕੀ ਜਾਮ ਵਰਗੇ ਹਾਲਾਤ ਨਹੀਂ ਬਣੇ ਹਨ। ਨੈਨੀਤਾਲ ਵਿਚ ਆਸ ਮੁਤਾਬਕ ਸੈਲਾਨੀ ਨਹੀਂ ਪੁੱਜੇ। ਨੈਨੀਤਾਲ ਵਿਚ ਸ਼ਾਮ ਤੱਕ ਸ਼ਹਿਰ ਦੇ ਅੰਦਰ ਕਰੀਬ 1000 ਵਾਹਨ ਸਮਰਥਾ ਵਾਲੇ ਪਾਰਕਿੰਗ ਸਥਾਨ ਵੀ ਭਰ ਨਹੀਂ ਸਕੇ ਕਿਉਜੋਂ ਬਹੁਤ ਘੱਟ ਸੈਲਾਨੀ ਆਏ ਹਨ। ਅਜਿਹੇ ਵਿਚ ਵਾਹਨਾਂ ਨੂੰ ਐਂਟਰੀ ਪੁਆਇੰਟ ’ਤੇ ਰੋਕਿਆ ਨਹੀਂ ਗਿਆ। ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਮੁਖੀ ਦਿਗਵਿਜੇ ਮੁਤਾਬਕ ਕੁਝ ਵੱਡੇ ਹੋਟਲਾਂ ਨੁੂੰ ਛੱਡ ਕੇ ਬਾਕੀ ਹੋਟਲਾਂ ਦਾ ਧੰਦਾ ਮੰਦਾ ਰਿਹਾ ਹੈ।

ਦੋ ਦਿਨਾਂ ’ਚ ਹਿਮਾਚਲ ਪੁੱਜੇ 3.75 ਲੱਖ ਸੈਲਾਨੀ : ਲੰਘੇ ਦੋ ਦਿਨਾਂ ਤੋਂ ਨਵਾਂ ਵਰ੍ਹਾ ਮਨਾਉਣ ਲਈ ਹਿਮਾਚਲ ਪ੍ਰਦੇਸ਼ ਵਿਚ ਸੈਲਾਨੀਆਂ ਦੀਆਂ ਥਾਵਾਂ ’ਤੇ 3 ਲੱਖ 75 ਹਜ਼ਾਰ ਲੋਕ ਪੁੱਜੇ ਹਨ। ਕਸੌਲੀ, ਚੈਲ, ਸ਼ਿਮਲਾ, ਕੁਫ਼ਰੀ, ਨਾਰਕੰਡਾ ਦੇ ਹੋਟਲਾਂ ਵਿਚ ਖਾਲੀ ਕਮਰਾ ਨਹੀਂ ਮਿਲ ਰਿਹਾ। ਹੋਮ ਸਟੇਅ ਵਿਚ ਵੀ ਰਹਿਣ ਲਈ ਥਾਂ ਨਹੀਂ ਮਿਲ ਰਹੀ। ਅਟਲ ਰੋਹਤਾਂਗ ਦੇ ਦੂਸਰੇ ਸਿਰੇ ’ਤੇ ਸਨੋਅ ਪੁਆਇੰਟ ’ਤੇ 30 ਹਜ਼ਾਰ ਤੋਂ ਜ਼ਿਆਦਾ ਸੈਲਾਨੀ ਆਏ ਹਨ।