ਨਵੀਂ ਦਿੱਲੀ (ਪੀਟੀਆਈ) : ਭਾਰਤ ਨੇ ਅਮਰੀਕੀ ਧਰਤੀ ’ਤੇ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨਾਲ ਸਬੰਧਤ ਦੋਸ਼ ਦੀ ਜਾਂਚ ਲਈ ਉੱਚ ਪੱਧਰੀ ਜਾਂਚ ਕਮੇਟੀ ਗਠਿਤ ਕੀਤੀ ਹੈ। ਬਰਤਾਨਵੀ ਅਖ਼ਬਾਰ ‘ਫਾਈਨਾਂਸ਼ੀਅਲ ਟਾਈਮਜ਼’ ਨੇ ਅਣਪਛਾਤੇ ਵਸੀਲਿਆਂ ਦੇ ਹਵਾਲੇ ਤੋਂ ਪਿਛਲੇ ਹਫ਼ਤੇ ਰਿਪੋਰਟ ਦਿੱਤੀ ਸੀ ਕਿ ਅਮਰੀਕੀ ਅਧਿਕਾਰੀਆਂ ਨੇ ਆਪਣੀ ਧਰਤੀ ’ਤੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ’ਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਨੇ ਭਾਰਤ ’ਤੇ ਇਸ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਚਿਤਾਵਨੀ ਵੀ ਜਾਰੀ ਕੀਤੀ ਹੈ।

ਦੂਜੇ ਪਾਸੇ ਅਮਰੀਕੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਤਰਜਮਾਨ ਐਡਿ੍ਰਏਨ ਵਾਟਸਨ ਨੇ ਕਿਹਾ ਕਿ ਇਸ ਮੁੱਦੇ ਨੂੰ ਅਤਿਅੰਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਨੇ ਮਾਮਲੇ ਦੇ ਸਾਰੇ ਪ੍ਰਸੰਗਿਕ ਪਹਿਲੂਆਂ ’ਤੇ ਗੌਰ ਕਰਨ ਲਈ 18 ਨਵੰਬਰ ਨੂੰ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਪੰਨੂ ਇਕ ਸਿੱਖ ਕੱਟੜਪੰਥੀ ਤੇ ਅਮਰੀਕੀ-ਕੈਨੇਡਿਆਈ ਨਾਗਰਿਕ ਹੈ ਤੇ ਉਹ ਭਾਰਤ ’ਚ ਵੱਖ ਵੱਖ ਅੱਤਵਾਦੀ ਸਰਗਰਮੀਆਂ ਦੇ ਦੋਸ਼ਾਂ ’ਚ ਲੁੜੀਂਦਾ ਹੈ। ਬਾਗਚੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਦੁਵੱਲੇ ਸੁਰੱਖਿਆ ਸਹਿਯੋਗ ’ਤੇ ਅਮਰੀਕਾ ਨਾਲ ਚਰਚਾ ਦੌਰਾਨ ਅਮਰੀਕੀ ਪੱਖ ਨੇ ਸੰਗਠਿਤ ਅਪਰਾਧੀਆਂ, ਅੱਤਵਾਦੀਆਂ, ਗੈਂਗਸਟਰਾਂ ਤੇ ਹੋਰ ਲੋਕਾਂ ਦਰਮਿਆਨ ਗੰਢਤੁੱਪ ਨਾਲ ਸਬੰਧਤ ਕੁਝ ਇਨਪੁੱਟ ਸਾਂਝੇ ਕੀਤੇ ਸਨ। ਉਨ੍ਹਾਂ ਕਿਹਾ ਕਿ ਭਾਰਤ ਅਜਿਹੇ ਇਨਪੁੱਟ ਨੂੰ ਗੰਭੀਰਤਾ ਨਾਲ ਲੈਂਦਾ ਹੈ ਕਿਉਂਕਿ ਉਹ ਸਾਡੇ ਰਾਸ਼ਟਰੀ ਸੁਰੱਖਿਆ ਹਿੱਤਾਂ ’ਤੇ ਵੀ ਅਸਰ ਪਾਉਂਦੇ ਹਨ ਤੇ ਸਬੰਧਤ ਵਿਭਾਗ ਪਹਿਲਾਂ ਤੋਂ ਹੀ ਇਸ ਮੁੱਦੇ ਦੀ ਜਾਂਚ ਕਰ ਰਹੇ ਸਨ।

ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਤਰਜਮਾਨ ਵਾਟਸਨ ਨੇ ਕਿਹਾ ਕਿ ਅਸੀਂ ਇਸ ਮੁੱਦੇ ਨੂੰ ਅਤਿਅੰਤ ਗੰਭੀਰਤਾ ਨਾਲ ਲੈ ਰਹੇ ਹਾਂ ਤੇ ਇਸ ਨੂੰ ਅਮਰੀਕੀ ਸਰਕਾਰ ਨੇ ਸੀਨੀਅਰ ਪੱਧਰਾਂ ਸਮੇਤ ਭਾਰਤ ਸਰਕਾਰ ਦੇ ਸਾਹਮਣੇ ਚੁੱਕਿਆ ਹੈ। ਭਾਰਤ ਦੇ ਹਮਰੁਤਬਾ ਨੇ ਵੀ ਇਸ ’ਤੇ ਚਿੰਤਾ ਪ੍ਰਗਟ ਕੀਤੀ ਹੈ।

ਦੇਖਣ ਵਾਲੀ ਗੱਲ ਇਹ ਹੈ ਕਿ ਅਮਰੀਕਾ ਦੇ ਇਹ ਦੋਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖ਼ਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ’ਚ ਹੋਈ ਹੱਤਿਆ ’ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਲਾਉਣ ਤੋਂ ਕੁਝ ਹਫ਼ਤੇ ਬਾਅਦ ਆਏ ਹਨ। ਹਾਲਾਂਕਿ ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਉਨ੍ਹਾਂ ਨੂੰ ਬੇਤੁਕਾ ਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ।

ਅਮਰੀਕਾ ਨੇ ਭਾਰਤੀ ਨਾਗਰਿਕ ’ਤੇ ਹੱਤਿਆ ਦੀ ਸਾਜ਼ਿਸ਼ ਦਾ ਲਾਇਆ ਦੋਸ਼

ਅਮਰੀਕਾ ’ਚ ਸਿੱਖ ਵੱਖਵਾਦੀ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਦੇ ਮਾਮਲੇ ’ਚ ਅਮਰੀਕੀ ਅਦਾਲਤ ’ਚ ਬੁੱਧਵਾਰ ਨੂੰ ਇਕ ਭਾਰਤੀ ਨਾਗਰਿਕ ਨੂੰ ਮੁਲਜ਼ਮ ਬਣਾਇਆ ਗਿਆ ਹੈ। 52 ਸਾਲਾ ਨਿਖਿਲ ਗੁਪਤਾ ’ਤੇ ਪੈਸੇ ਦੇ ਕੇ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਗਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਕ ਭਾਰਤੀ ਸਰਕਾਰੀ ਮੁਲਾਜ਼ਮ ਦੇ ਇਸ਼ਾਰੇ ’ਤੇ ਨਿਖਿਲ ਨੇ ਇਹ ਸਾਜ਼ਿਸ਼ ਰਚੀ। ਹਾਲਾਂਕਿ ਅਦਾਲਤ ’ਚ ਪੇਸ਼ ਦਸਤਾਵੇਜ਼ਾਂ ’ਚ ਇਸ ਸਾਜ਼ਿਸ਼ ਦੇ ਕਾਰਨ ਬਾਰੇ ਕੁਝ ਨਹੀਂ ਦੱਸਿਆ ਗਿਆ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਮੈਥਿਊ ਜੀ ਆਲਸੇਨ ਨੇ ਕਿਹਾ ਕਿ ਇਸ ਮਾਮਲੇ ’ਚ ਦੋਸ਼ੀ ਪਾਏ ਜਾਣ ’ਤੇ ਵੱਧ ਤੋਂ ਵੱਧ ਦਸ ਸਾਲ ਦੀ ਸਜ਼ਾ ਦੀ ਵਿਵਸਥਾ ਹੈ।