Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਪੰਜਾਬ ਵਿੱਚ ਹੋ ਰਹੀਆਂ ਵਾਰਦਾਤਾਂ ਤੇ ਚਿੰਤਾ ਦੀ ਲੋੜ

By Admin Published 4 min read

ਸੰਗਰੂਰ ਦੀ ਅਹਿਮਦਗੜ੍ਹ ਤਹਿਸੀਲ ਦੇ ਪਿੰਡ ਜਗੇੜਾ ਵਿਚ ਹੋਇਆ ਦੋਹਰਾ ਕਤਲ ਹੋਇਆ ਹੈ। ਡੇਰਾ ਸੱਚਾ ਸੌਦਾ ਸਿਰਸਾ ਦੀ ਸਥਾਨਕ ਇਕਾਈ ਵਿਚ ਕੰਟੀਨ ਚਲਾ ਰਹੇ ਪਿਓ ਪੁੱਤਰ ਨੂੰ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਹੈ। ਵਾਰਦਾਤ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਦੀ ਫੁਟੇਜ ਮੁਤਾਬਿਕ ਦੋਵੇਂ ਕਾਤਲਾਂ ਦੇ ਵਾਲ ਕੱਟੇ ਹੋਏ ਤੇ ਉਨ੍ਹਾਂ ਦੇ ਸਿਰਾਂ ਤੇ ਟੋਪੀਆਂ ਹੋਈਆਂ ਸਨ। ਆਪਣੀ ਪਛਾਣ ਨੂੰ ਲੁਕਾਉਣ ਲਈ ਮੂੰਹ ਤੇ ਰੁਮਾਲ ਬੰਨ੍ਹੇ ਹੋਏ ਸਨ। ਹਮਲਾਵਰ ਮੁੱਖ ਗੇਟ ਤੇ ਮੋਟਰਸਾਈਕਲ ਸਟਾਰਟ ਖੜ੍ਹਾ ਕਰ ਕੇ ਕੰਟੀਨ ਵਿਚ ਆਏ ਤੇ ਪਿਓ ਪੁੱਤਰ ਨੂੰ ਮਾਰ ਦਿੱਤਾ। ਪੁਲਿਸ ਮੁਤਾਬਿਕ ਵਾਰਦਾਤ ਦੇ ਲੱਛਣ ਨਿੱਜੀ ਰੰਜਸ਼ ਵਾਲੇ ਲੱਗਦੇ ਹਨ ਕਿਉਂਕਿ ਜਿਸ ਵੇਲੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਵੇਲੇ ਡੇਰੇ ਵਿਚ ਹੋਰ ਲੋਕ ਵੀ ਹਾਜ਼ਰ ਸਨ ਪਰ ਨਿਸ਼ਾਨਾ ਸਿਰਫ਼ ਕੰਟੀਨ ਮਾਲਕਾਂ ਨੂੰ ਹੀ ਬਣਾਇਆ ਗਿਆ। ਇਹ ਵਾਰਦਾਤ ਡੇਰਾ ਸਿਰਸਾ ਦੀ ਇਕਾਈ ਵਿਚ ਵਾਪਰੀ ਹੋਣ ਕਰਕੇ ਜਾਂਚ ਦੌਰਾਨ ਡੇਰਾ ਸਿੱਖ ਤਣਾਅ ਦਾ ਵੀ ਇਕ ਪਹਿਲੂ ਵਜੋਂ ਜੁੜਨਾ ਸੁਭਾਵਿਕ ਹੈ। ਡੇਰਾ ਸਿਰਸਾ ਅਤੇ ਸਿੱਖ ਸੰਗਠਨਾਂ ਵਿਚ ਤਣਾਅ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ। ਹਾਲਾਂਕਿ ਕੁਝ ਸਮੇਂ ਤੋਂ ਇਹ ਮਾਮਲਾ ਠੰਢਾ ਪੈ ਗਿਆ ਸੀ ਤੇ ਇਕ ਦੂਜੇ ਨਾਲ ਮਿਲਵਰਤਨ ਨਾ ਹੋਣ ਦੇ ਬਾਵਜੂਦ ਆਮ ਲੋਕਾਂ ਵਿਚ ਸ਼ਾਂਤੀ ਸੀ। ਪਿਛਲੇ ਦਿਨੀਂ ਵਿਧਾਨ ਸਭਾ ਚੋਣਾ ਵਿਚ ਸਮਰਥਨ ਲੈਣ ਲਈ ਅਕਾਲੀ ਦਲ ਵੱਲੋਂ ਪੰਜਾਬ ਵਿਚ ਬੰਦ ਡੇਰੇ ਦੀ ਨਾਲ ਚਰਚਾ ਮੁੜ ਕਰਵਾਉਣ ਦੇ ਐਲਾਨ ਨਾਲ ਇਹ ਮਾਮਲਾ ਮੁੜ ਗਰਮਾ ਗਿਆ ਹੈ। ਇਸ ਤੋ ਬਾਅਦ ਦੋਵਾਂ ਧਿਰਾਂ ਵਿਚ ਕਈ ਥਾਵਾਂ ਤੇ ਤਣਾਅ ਵਧਣ ਦੀਆਂ ਖ਼ਬਰਾਂ ਦੁਬਾਰਾ ਆਉਣ ਲੱਗੀਆਂ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੁੱਖ ਕਸਬੇ ਵਿਚ ਨਾਮ ਚਰਚਾ ਨੂੰ ਲੈ ਕੇ ਅਜੇ ਵੀ ਤਣਾਅ ਚੱਲ ਰਿਹਾ ਹੈ। ਹਾਲਾਤ ਇਕ ਵਾਰ ਫਿਰ ਉਸੇ ਤਰ੍ਹਾਂ ਦੇ ਬਣਦੇ ਜਾ ਰਹੇ ਹਨ ਕਿ ਡੇਰੇ ਵਾਲੇ ਜਦੋਂ ਕਿਸੇ ਪਿੰਡ ਕਸਬੇ ਵਿਚ ਨਾਮ ਚਰਚਾ ਰੱਖਦੇ ਹਨ ਤਾਂ ਸਿੱਖ ਸੰਗਠਨਾਂ ਦੇ ਕਾਰਕੁਨ ਉਸ ਨੂੰ ਰੋਕਣ ਲਈ ਪਹੁੰਚ ਜਾਂਦੇ ਹਨ ਜਿਸ ਦੇ ਫਲਸਰੂਪ ਸਾਰੇ ਇਲਾਕੇ ਦਾ ਮਾਹੌਲ ਖ਼ਰਾਬ ਹੋ ਜਾਂਦਾ ਹੈ। ਮੱਖੂ ਵਿਚ ਪਿਛਲੇ ਦੋ ਤਿੰਨ ਦਿਨਾਂ ਤੋਂ ਇਹੀ ਕੁਝ ਚੱਲ ਰਿਹਾ ਹੈ। ਚਿੰਤਾ ਵਾਲੀ ਗੱਲ ਹੈ ਕਿ ਹੁਣ ਡੇਰੇ ਵਾਲੇ ਗੱਡੀਆਂ ਵਿਚ ਡਾਂਗਾਂ ਅਤੇ ਲਾਲ ਮਿਰਚਾਂ ਦੇ ਪੈਕੇਟ ਲੁਕਾ ਕੇ ਨਾਮ ਚਰਚਾ ਲਈ ਪੁੱਜਣ ਲੱਗੇ ਹਨ। ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਠਨਾਂ ਵਿਚਲੀ ਇਹ ਸਥਿਤੀ ਕਿਸੇ ਵੀ ਤਰ੍ਹਾਂ ਪੰਜਾਬ ਦੇ ਹਿਤ ਵਿਚ ਨਹੀਂ ਹੈ। ਜਦੋਂ ਤੋਂ ਇਹ ਵਿਵਾਦ ਸ਼ੁਰੂ ਹੋਇਆ ਹੈ ਉਦੋਂ ਤੋਂ ਦੋਵਾਂ ਪਾਸਿਆਂ ਦੇ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਮਰਨ ਵਾਲੇ ਆਮ ਘਰਾਂ ਦੇ ਮੁੰਡੇ ਸਨ ਅਤੇ ਹੁਣ ਵੀ ਉਹੀ ਨਿਸ਼ਾਨ ਬਣਦੇ ਦਿਸ ਰਹੇ ਹਨ। ਅਜਿਹੇ ਹਾਲਤ ਵਿਚ ਪੁਲਿਸ ਦੀ ਜਾਂਚ ਤੋਂ ਪਹਿਲਾਂ ਹੀ ਸ਼ੱਕ ਦੀ ਸੂਈ ਸਿੱਖ ਸੰਗਠਨਾਂ ਵੱਲ ਹੋਣ ਪਿੱਛੇ ਉਕਤ ਤਣਾਅ ਹੀ ਮੁੱਖ ਕਾਰਨ ਹੈ। ਇਸ ਵਿਵਾਦ ਨੂੰ ਚੱਲਦਿਆਂ ਲਗਪਗ ਇਹ ਦਹਾਕਾ ਹੋ ਚੁੱਕਿਆ ਹੈ। 2007 ਵਿਚ ਜਦੋਂ ਡੇਰਾ ਸੱਚਾ ਸੌਦਾ ਮੁਖੀ ਨੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਵਾਂਗ ਰਚਾ ਕੇ ਜਾਮ-ਏਇੰਸਾ ਤਿਆਰ ਕੀਤਾ ਸੀ ਉਦੋਂ ਤੋਂ ਸਿੱਖ ਭਾਈਚਾਰੇ ਅਤੇ ਡੇਰਾ ਪ੍ਰੇਮੀਆਂ ਵਿਚਾਲੇ ਪਿੰਡਾਂ ਕਸਬਿਆਂ ਦੇ ਸਮਾਜਿਕ ਰਿਸ਼ਤੇ ਤਾਰ ਤਾਰ ਹੋ ਗਏ ਸਨ।ਹੁਣ ਵਿਧਾਨ ਸਭਾ ਚੋਣਾਂ ਦੀ ਸਿਆਸਤ ਨੇ ਇਸ ਨੂੰ ਦੁਬਾਰਾ ਸੁਲਘਾ ਦਿੱਤਾ ਹੈ ਜਿਸ ਵਿਚ ਪੰਜਾਬ ਦੇ ਲੋਕਾਂ ਦੇ ਸਮਾਜਿਕ ਰਿਸ਼ਤੇ ਸਵਾਹ ਹੋਣ ਦਾ ਖ਼ਤਰਾ ਬਣ ਗਿਆ ਹੈ। ਜਗੇੜਾ ਪਿੰਡ ਦੀ ਵਾਰਦਾਤ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਤਾਂ ਜੋ ਸ਼ਰਾਰਤੀ ਲੋਕ ਇਸ ਮੰਦਭਾਗੀ ਵਾਰਦਾਤ ਨੂੰ ਪੰਜਾਬ ਦੇ ਲੋਕਾਂ ਦੇ ਘਰ ਫੂਕਣ ਲਈ ਨਾ ਵਰਤ ਸਕਣ। ਡੇਰਾ ਵਿਵਾਦ ਅਤੇ ਸਿੱਖ ਭਾਈਚਾਰੇ ਵਿਚ ਚੱਲ ਰਹੇ ਇਸ ਵਿਵਾਦ ਦਾ ਕੋਈ ਸਥਾਈ ਹੱਲ ਕੱਢਣ ਲਈ ਗੰਭੀਰ ਚਿੰਤਨ ਦੀ ਲੋੜ ਹੈ।- ਗੁਰਦੀਸ਼ ਪਾਲ ਕੌਰ ਬਾਜਵਾ

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp