Ad-Time-For-Vacation.png

ਪੰਜਾਬ ਦੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ: ਧਾਰਨਾਵਾਂ ਅਤੇ ਹਕੀਕਤ

ਵਿਆਹ ‘ਤੇ ਕਿਸਾਨ ਪਰਿਵਾਰ ਵੱਲੋਂ ਮਹਿਜ਼ 3.2 ਫ਼ੀਸਦੀ ਹੀ ਖ਼ਰਚ ਕੀਤਾ ਜਾਂਦਾ ਹੈ। ਉਨ੍ਹਾਂ ਦੇ ਕਰਜ਼ੇ ਦਾ ਤਿੰਨ-ਚੌਥਾਈ ਹਿੱਸਾ ਪੈਦਾਵਾਰੀ ਕੰਮਾਂ ‘ਤੇ ਲਗਦਾ ਹੈ, ਜਿਨ੍ਹਾਂ ਦਾ ਵੱਡਾ ਹਿੱਸਾ ਖੇਤੀ ਲਾਗਤਾਂ ‘ਤੇ ਹੁੰਦਾ ਹੈ। ਮੈਰਿਜ ਪੈਲੇਸਾਂ ਵਿੱਚ ਕੀਤੇ ਜਾਂਦੇ ਵੱਡੇ ਵਿਆਹਾਂ ਨੂੰ ਛੋਟੀ ਕਿਸਾਨੀ ਨਾਲ ਜੋੜਨਾਂ ਅਤੇ ਕਿਸਾਨੀ ਨੂੰ ਦੂਜੇ ਸਮਾਜ ਨਾਲੋਂ ਅਲੱਗ ਮਾਡਲ ਰਾਹੀਂ ਜ਼ਿੰਦਗੀ ਬਤੀਤ ਕਰਨ ਦੀਆਂ ਸਲਾਹਾਂ ਦੇਣੀਆਂ ਬਰਾਬਰੀ ਅਤੇ ਸਦਾਚਾਰਕ ਕਦਰਾਂ-ਕੀਮਤਾਂ ਦੇ ਅਨੁਕੂਲ ਨਹੀਂ।

*ਡਾ. ਸੁਖਪਾਲ ਸਿੰਘ*

ਪੰਜਾਬ ਹੈ ਖੇਤੀ ਆਸਰੇ ਅਤੇ ਖੇਤੀ ਸੈੱਕਟਰ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। ਖ਼ੁਦਕੁਸ਼ੀਆਂ ਦਿਨ-ਬ-ਦਿਨ ਵਧ ਰਹੀਆਂ ਹਨ। ਪੂਰੇ ਦੇਸ਼ ਵਿੱਚ ਤਿੰਨ ਲੱਖ ਕਿਸਾਨਾਂ ਨੇ ਜ਼ਿੰਦਗੀ ਤੋਂ ਹੱਥ ਧੋ ਲਏ ਹਨ। ਇਕੱਲੇ ਪੰਜਾਬ ਵਿੱਚ ਹਜ਼ਾਰਾਂ ਕਿਸਾਨ ਅਤੇ ਮਜ਼ਦੂਰ ਆਤਮਹੱੱਤਿਆ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ 75 ਫ਼ੀਸਦੀ ਕਿਸਾਨਾਂ ਨੇ ਕਰਜ਼ੇ ਕਰਕੇ ਖ਼ੁਦਕੁਸ਼ੀਆਂ ਕੀਤੀਆਂ ਹਨ ਅਤੇ ਖ਼ੁਦਕੁਸ਼ੀ ਕਰਨ ਵਾਲੇ 79 ਫ਼ੀਸਦੀ ਛੋਟੇ ਕਿਸਾਨ ਹਨ। ਫਿਰ ਵੀ ਕੁਝ ਅਖੌਤੀ ਬੁੱੱਧੀਜੀਵੀ, ਸਿਆਸਤਦਾਨ ਅਤੇ ਸਰਦੇ-ਪੁਜਦੇ ਲੋਕ ਇਨ੍ਹਾਂ ਖ਼ੁਦਕੁਸ਼ੀਆਂ ਦੇ ਕਾਰਨਾਂ ਨੂੰ ਆਰਥਿਕਤਾ ਨਾਲ ਨਹੀਂ ਸਗੋਂ ਲੋਕਾਂ ਦੀਆਂ ਆਦਤਾਂ ਅਤੇ ਵਿਵਹਾਰ ਨਾਲ ਜੋੜ ਕੇ ਦੇਖਦੇ ਹਨ। ਇਸ ਵਰਤਾਰੇ ਸਬੰਧੀ ਉਨ੍ਹਾਂ ਦੀਆਂ ਧਾਰਨਾਵਾਂ ਇਹ ਹਨ ਕਿ ਲੋਕ ਖ਼ਰਚ ਕਰਦੇ ਸਮੇਂ ਚਾਦਰ ਵੇਖ ਕੇ ਪੈਰ ਨਹੀਂ ਪਸਾਰਦੇ, ਆਪ ਕੰਮ ਕਰਨ ਦੀ ਥਾਂ ਪਰਵਾਸੀ ਮਜ਼ਦੂਰਾਂ ਉੱਪਰ ਨਿਰਭਰ ਹੋ ਗਏ ਹਨ, ਵਿਆਹ ‘ਤੇ ਅੱਡੀਆਂ ਚੁੱਕ ਕੇ ਖ਼ਰਚ ਕਰਦੇ ਹਨ, ਨਸ਼ਿਆਂ ਵਿੱਚ ਗ਼ਲਤਾਨ ਰਹਿੰਦੇ ਹਨ ਤੇ ਕਿਸਾਨ ਹੀ ਖ਼ੁਦਕੁਸ਼ੀਆਂ ਕਿਉਂ ਕਰਦੇ ਹਨ ਜਦੋਂਕਿ ਮਜ਼ਦੂਰਾਂ ਦੀ ਜ਼ਿੰਦਗੀ ਉਸ ਤੋਂ ਵੀ ਬਦਤਰ ਹੈ। ਖ਼ੁਦਕੁਸ਼ੀਆਂ ਦੇ ਇਸ ਵਰਤਾਰੇ ਨੂੰ ਸਮਝਣ ਲਈ ਇਨ੍ਹਾਂ ਧਾਰਨਾਵਾਂ ਦੀ ਘੋਖ ਪੜਤਾਲ ਕਰਨਾ ਅਤੀ ਜ਼ਰੂਰੀ ਹੈ।

‘ਚਾਦਰ ਵੇਖ ਕੇ ਪੈਰ ਪਸਾਰਨ ਦੀ’

ਪੰਜਾਬ ਦੇ ਕਿਸਾਨ ਪਰਿਵਾਰਾਂ ਦੀ ਔਸਤਨ ਸਾਲਾਨਾ ਆਮਦਨ ਦੋ ਲੱਖ ਰੁਪਏ ਤੋਂ ਘੱੱਟ ਹੈ ਜਦੋਂਕਿ ਛੋਟੇ ਕਿਸਾਨ ਸਿਰਫ਼ ਪੰਜਾਹ ਹਜ਼ਾਰ ਰੁਪਏ ਸਾਲਾਨਾ ਹੀ ਕਮਾਉਂਦੇ ਹਨ। ਇਸ ਨਿਗੂਣੀ ਆਮਦਨ ਨਾਲ ਉਨ੍ਹਾਂ ਨੇ ਖੇਤੀ ਅਤੇ ਘਰੇਲੂ ਖ਼ਰਚੇ ਪੂਰੇ ਕਰਨੇ ਹੁੰਦੇ ਹਨ। ਜੇ ਇਹ ਕਿਸਾਨ ਚਾਦਰ ਵੇਖ ਕੇ ਪੈਰ ਪਸਾਰਨ ਦੀ ਕੋਸ਼ਿਸ਼ ਵੀ ਕਰਨ ਤਾਂ ਵੀ ਉਨ੍ਹਾਂ ਪੱਲੇ ਚਾਦਰ ਦੀ ਥਾਂ ਰੁਮਾਲ ਹੋਣ ਕਰਕੇ ਧੜ ਵੀ ਨੰਗੀ ਰਹਿ ਜਾਵੇਗੀ, ਪੈਰ ਢਕਣਾ ਇੱਕ ਸੁਪਨਾ ਹੀ ਰਹੇਗਾ। ਇੰਨੀ ਘੱਟ ਆਮਦਨ ਨਾਲ ਤਾਂ ਖੇਤੀ ਖ਼ਰਚੇ ਵੀ ਪੂਰੇ ਨਹੀਂ ਕੀਤੇ ਜਾ ਸਕਦੇ। ਰਸੋਈ ਦੇ ਖ਼ਰਚੇ, ਡਾਕਟਰਾਂ ਤੇ ਬਿਜਲੀ ਦੇ ਬਿਲ ਅਤੇ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਦੀਆਂ ਫੀਸਾਂ ਤਾਂ ਹੁਣ ਕਿਸਾਨੀ ਅਤੇ ਗ਼ਰੀਬ ਵਰਗ ਦੇ ਬੱਸ ਦਾ ਰੋਗ ਹੀ ਨਹੀਂ ਰਿਹਾ।

*ਗੱਲ ਹੱਥੀਂ ਕੰਮ ਕਰਨ ਦੀ*

ਅੱਜ ਪੰਜਾਬ ਦੇ 83 ਫ਼ੀਸਦੀ ਰਕਬੇ ‘ਤੇ ਬੀਜਿਆ ਜਾਣ ਵਾਲਾ ਕਣਕ-ਝੋਨਾ ਫ਼ਸਲੀ ਚੱਕਰ ਹੀ ਸਭ ਤੋਂ ਵੱਧ ਮੁਨਾਫ਼ੇ ਵਾਲੀ ਖੇਤੀ ਸਮਝੀ ਜਾਂਦੀ ਹੈ। ਕਣਕ ਦੇ ਇੱਕ ਏਕੜ ਲਈ 8 ਦਿਨਾਂ ਅਤੇ ਝੋਨੇ ਲਈ 20 ਦਿਨਾਂ ਦਾ ਹੀ ਕੰਮ ਹੈ, ਇਸ ਕਰਕੇ ਦੋ ਏਕੜ ਜ਼ਮੀਨ ਲਈ ਸਾਲ ਵਿੱਚ ਸਿਰਫ਼ 56 ਦਿਨਾਂ ਦਾ ਹੀ ਰੁਝੇਵਾਂ ਹੈ। ਪੰਜਾਬ ਦੀ ਛੋਟੀ ਕਿਸਾਨੀ ਕੋਲ ਔਸਤਨ ਤਿੰਨ ਏਕੜ ਜ਼ਮੀਨ ਹੈ ਅਤੇ ਪ੍ਰਤੀ ਪਰਿਵਾਰ ਦੋ ਵਿਅਕਤੀ ਖੇਤੀ ਕਾਮੇ ਹਨ। ਉਨ੍ਹਾਂ ਕੋਲ ਸਾਲ ਵਿੱਚ ਦੋ ਮਹੀਨਿਆਂ ਤੋਂ ਵੀ ਘੱਟ ਰੁਜ਼ਗਾਰ ਹੈ, ਉਹ ਭਾਵੇਂ ਆਪ ਕਰਨ ਜਾਂ ਮਜ਼ਦੂਰਾਂ/ਪਰਵਾਸੀ ਮਜ਼ਦੂਰਾਂ ਤੋਂ ਕਰਵਾਉਣ। ਇਹ ਇੱਕ ਹਕੀਕਤ ਹੈ ਕਿ ਵੱਡੇ ਕਿਸਾਨ ਦੇ ਮੁਕਾਬਲੇ ਛੋਟਾ ਕਿਸਾਨ ਆਪਣੀ ਪਰਿਵਾਰਕ ਕਿਰਤ ਸ਼ਕਤੀ ਨਾਲ ਹੀ ਖੇਤੀ ਕਰਦਾ ਹੈ। ਇੱਕ-ਭਾਂਤੀ ਖੇਤੀ ਕਾਰਨ ਕੰਮ ਕੁਝ ਦਿਨਾਂ ‘ਚ ਹੀ ਸੁੰਗੜਨ ਕਰਕੇ ਛੋਟੇ ਕਿਸਾਨਾਂ ਨੂੰ ਵੀ ਮਜਬੂਰੀਵੱਸ ਕੁਝ ਮਜ਼ਦੂਰਾਂ ‘ਤੇ ਨਿਰਭਰ ਹੋਣਾ ਪੈਂਦਾ ਹੈ। ਖੇਤੀ ਦੇ ਕੀਤੇ ਮਸ਼ੀਨੀਕਰਨ ਨੇ ਮਨੁੱਖੀ ਕਿਰਤ ਸ਼ਕਤੀ ਦਾ ਕੰਮ ਖੋਲ੍ਹਿਆ ਹੈ ਜਿਸ ਕਰਕੇ ਕਾਫ਼ੀ ਕਿਰਤ ਸ਼ਕਤੀ ਬੇਰੁਜ਼ਗਾਰ ਹੋ ਗਈ। ਪੰਜਾਬ ਦੇ ਅੰਦਾਜ਼ਨ 35 ਲੱਖ ਨੌਜਵਾਨ ਬੇਰੁਜ਼ਗਾਰ ਹਨ ਜਿਨ੍ਹਾਂ ਵਿੱਚੋਂ 80 ਫ਼ੀਸਦੀ ਪੇਂਡੂ ਖੇਤਰ ‘ਚੋਂ ਹਨ। ਇਸ ਤੋਂ ਜ਼ਿਆਦਾ ਅਰਧ-ਬੇਰੁਜ਼ਗਾਰ ਲੋਕ ਬਹੁਤ ਹੀ ਨਿਗੂਣੀਆਂ ਤਨਖ਼ਾਹਾਂ ਉਪਰ ਨਿੱਜੀ ਅਤੇ ਸਰਕਾਰੀ ਅਦਾਰਿਆਂ ‘ਚ ਠੇਕੇਦਾਰੀ ਸਿਸਟਮ ਰਾਹੀਂ ਬਿਲਕੁਲ ਆਰਜ਼ੀ/ਦਿਹਾੜੀ ਤੌਰ ‘ਤੇ ਦੂਰ-ਦੁਰਾਡੇ ਜਾ ਕੇ ਕੰਮ ਕਰ ਰਹੇ ਹਨ। ਬੇਰੁਜ਼ਗਾਰੀ ਦਾ ਇਹ ਕਹਿਰ ਲੋਕਾਂ ਨੂੰ ਬੇਵਸੀ ਅਤੇ ਲਾਚਾਰਤਾ ਵੱੱਲ ਧੱੱਕ ਰਿਹਾ ਹੈ।

*ਵਿਆਹ-ਸ਼ਾਦੀਆਂ ਅਤੇ ਹੋਰ ਖ਼ੁਸ਼ੀ-ਗ਼ਮੀ ਦੀਆਂ ਰਸਮਾਂ ਉੱਪਰ ਨਾਜਾਇਜ਼ ਖ਼ਰਚੇ*

ਕਿਸਾਨਾਂ ਦੇ ਖ਼ਰਚ ਦੀਆਂ ਮੱਦਾਂ ਨੂੰ ਦੇਖਣ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦੇ ਖ਼ਰਚੇ ਦਾ 68 ਫ਼ੀਸਦੀ ਹਿੱਸਾ ਖਾਧ ਪਦਾਰਥਾਂ ਅਤੇ ਸਿੱਖਿਆ ਉੱਪਰ ਲਗਦਾ ਹੈ। ਵਿਆਹ ‘ਤੇ ਕਿਸਾਨ ਪਰਿਵਾਰ ਵੱਲੋਂ ਮਹਿਜ਼ 3.2 ਫ਼ੀਸਦੀ ਹੀ ਖ਼ਰਚ ਕੀਤਾ ਜਾਂਦਾ ਹੈ। ਉਨ੍ਹਾਂ ਦੇ ਕਰਜ਼ੇ ਦਾ ਤਿੰਨ-ਚੌਥਾਈ ਹਿੱਸਾ ਪੈਦਾਵਾਰੀ ਕੰਮਾਂ ‘ਤੇ ਲਗਦਾ ਹੈ, ਜਿਨ੍ਹਾਂ ਦਾ ਵੱਡਾ ਹਿੱਸਾ ਖੇਤੀ ਲਾਗਤਾਂ ‘ਤੇ ਹੁੰਦਾ ਹੈ। ਮੈਰਿਜ ਪੈਲੇਸਾਂ ਵਿੱਚ ਕੀਤੇ ਜਾਂਦੇ ਵੱਡੇ ਵਿਆਹਾਂ ਨੂੰ ਛੋਟੀ ਕਿਸਾਨੀ ਨਾਲ ਜੋੜਨਾਂ ਅਤੇ ਕਿਸਾਨੀ ਨੂੰ ਦੂਜੇ ਸਮਾਜ ਨਾਲੋਂ ਅਲੱਗ ਮਾਡਲ ਰਾਹੀਂ ਜ਼ਿੰਦਗੀ ਬਤੀਤ ਕਰਨ ਦੀਆਂ ਸਲਾਹਾਂ ਦੇਣੀਆਂ ਬਰਾਬਰੀ ਅਤੇ ਸਦਾਚਾਰਕ ਕਦਰਾਂ-ਕੀਮਤਾਂ ਦੇ ਅਨੁਕੂਲ ਨਹੀਂ।

“ਕੇਵਲ ਕਿਸਾਨ ਹੀ ਖੁਦਕੁਸ਼ੀਆਂ ਕਰਦੇ ਹਨ”

ਇਹ ਧਾਰਨਾ ਕਿ ਮਜ਼ਦੂਰ ਜਾਂ ਹੋਰ ਗ਼ਰੀਬ ਤਬਕੇ ਖ਼ੁਦਕੁਸ਼ੀਆਂ ਨਹੀਂ ਕਰਦੇ ਕੇਵਲ ਕਿਸਾਨ ਹੀ ਕਰਦੇ ਹਨ, ਹਕੀਕਤ ਤੋਂ ਕੋਹਾਂ ਦੂਰ ਹੈ। ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਦੇ 2000-2010 ਦੇ ਸਰਵੇਖਣ ਅਨੁਸਾਰ ਪੰਜਾਬ ਵਿੱਚ ਸੱੱਤ ਹਜ਼ਾਰ ਖ਼ੁਦਕੁਸ਼ੀਆਂ ਵਿੱਚੋਂ ਚਾਰ ਹਜ਼ਾਰ ਕਿਸਾਨ ਅਤੇ ਤਿੰਨ ਹਜ਼ਾਰ ਮਜ਼ਦੂਰ ਸਨ।ਪੰਜਾਬ ਵਿੱਚ 20 ਲੱਖ ਕਿਸਾਨ ਅਤੇ 15 ਲੱਖ ਮਜ਼ਦੂਰ ਹਨ।ਸਪਸ਼ਟ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਖ਼ੁਦਕੁਸ਼ੀਆਂ ਦਾ ਰੁਝਾਨ ਉਨ੍ਹਾਂ ਦੀ ਆਬਾਦੀ ਦੇ ਅਨੁਸਾਰ ਬਰਾਬਰ ਹੈ।

ਕੀ ਨਸ਼ਈ ਖੁਦਕੁਸ਼ੀਆਂ ਕਰਦੇ ਹਨ?

ਖ਼ੁਦਕੁਸ਼ੀਆਂ ਦੇ ਵਰਤਾਰੇ ਨੂੰ ਨਸ਼ਿਆਂ ਨਾਲ ਦੇਖਣ ਦੀ ਪ੍ਰਵਿਰਤੀ ਵੀ ਹਕੀਕਤ ਨਾਲ ਮੇਲ ਨਹੀਂ ਖਾਂਦੀ।ਪੰਜਾਬ ਦੇ ਕਿਸਾਨ ਨਸ਼ਿਆਂ ਉੱਪਰ ਆਪਣੇ ਕੁਲ ਖ਼ਰਚੇ ਦਾ 2.3 ਫ਼ੀਸਦੀ ਖ਼ਰਚ ਕਰਦੇ ਹਨ।ਘੱੱਟ ਮਨੁੱਖੀ ਵਿਕਾਸ ਸੂਚਕ ਅਤੇ ਨਸ਼ਿਆਂ ਦੀ ਮੁਕਾਬਲਤਨ ਵੱਧ ਮਾਰ ਹੇਠ ਆਏ ਬਠਿੰਡਾ ਅਤੇ ਸੰਗਰੂਰ ਜ਼ਿਲ੍ਹਿਆਂ ਦੀ ਰਿਪੋਰਟ ਦਰਸਾਉਂਦੀ ਹੈ ਕਿ ਖ਼ੁਦਕੁਸ਼ੀਆਂ ਕਰਨ ਵਾਲਿਆਂ ਵਿੱਚ ਸੰਗਰੂਰ ਜ਼ਿਲ੍ਹੇ ਦੇ 65 ਫ਼ੀਸਦੀ ਅਤੇ ਬਠਿੰਡਾ ਜ਼ਿਲ੍ਹੇ ਦੇ 59 ਫ਼ੀਸਦੀ ਕਿਸਾਨ ਉਹ ਸਨ ਜਿਹੜੇ ਨਸ਼ਿਆਂ ਦਾ ਸੇਵਨ ਬਿਲਕੁਲ ਨਹੀਂ ਕਰਦੇ ਸਨ।

ਕਿਸਾਨ ਖ਼ੁਦਕੁਸ਼ੀਆਂ ਦੀ ਹਕੀਕਤ ਸਮਝਣ ਲਈ ਇਨ੍ਹਾਂ ਦੇ ਕਾਰਨ ਜਾਣਨੇ ਜ਼ਰੂਰੀ ਹਨ। ਸਭ ਤੋਂ ਪਹਿਲਾਂ ਕਾਰਨ ਖੇਤੀ ਲਾਗਤਾਂ ਵਿੱਚ ਲਗਾਤਾਰ ਵਾਧਾ ਹੋਣਾ ਅਤੇ ਇਸ ਦੇ ਮੁਕਾਬਲੇ ਫ਼ਸਲਾਂ ਦੀਆਂ ਕੀਮਤਾਂ ਵਿੱਚ ਖੜੋਤ ਆਉਣੀ। ਵਿਸ਼ਵੀਕਰਨ ਨੀਤੀਆਂ, ਨਰਮੇ ਦੀ ਫ਼ਸਲ ਦਾ ਮਰਨਾ ਅਤੇ ਖੇਤੀ-ਉਦਯੋਗ ਵਪਾਰਕ ਸ਼ਰਤਾਂ ਖੇਤੀ ਦੇ ਉਲਟ ਹੋਣ ਕਰਕੇ ਖੇਤੀ ਨੂੰ ਬਹੁਤ ਨੁਕਸਾਨ ਹੋਇਆ ਹੈ। ਖੇਤੀ ਸੈੱਕਟਰ ਵਿੱਚ ਰੁਜ਼ਗਾਰ ਅਤੇ ਵਿਕਾਸ ਦਰ ਦਾ ਘਟਣਾ ਇੱਕ ਹੋਰ ਵੱਡਾ ਕਾਰਨ ਹੈ।

ਖ਼ੁਦਕੁਸ਼ੀਆਂ ਦਾ ਅਗਲਾ ਕਾਰਨ ਹੈ ਆਮਦਨ ਦੇ ਮੁਕਾਬਲੇ ਕਰਜ਼ੇ ਅਤੇ ਵਿਆਜ ਦੇ ਭਾਰ ਵਿੱਚ ਲਗਾਤਾਰ ਵਾਧਾ ਹੋਣਾ। ਅੱੱਜ ਪੰਜਾਬ ਦੀ ਕਿਸਾਨੀ ਸਿਰ 80 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਇੱਥੇ 10.5 ਲੱੱਖ ਖੇਤੀ ਪਰਿਵਾਰ ਹਨ ਅਤੇ ਔਸਤਨ ਕਰਜ਼ਾ 8 ਲੱੱਖ ਰੁਪਏ ਹੈ। ਇਸ ਕਰਜ਼ੇ ਦਾ ਵਿਆਜ ਇੱਕ ਲੱੱਖ ਰੁਪਏ ਸਲਾਨਾ ਬਣਦਾ ਹੈ। ਆਮਦਨ ਤੋਂ ਕਰਜ਼ਾ ਚਾਰ ਗੁਣਾ ਹੈ। ਇਸ ਸਥਿਤੀ ਨੂੰ ਦਿਵਾਲੀਆ ਕਹਿੰਦੇ ਹਨ। ਛੋਟੀ ਕਿਸਾਨੀ ਦਾ ਵੱੱਡਾ ਹਿੱੱਸਾ ਤਾਂ ਵਿਆਜ ਵੀ ਮੋੜਨ ਦੇ ਸਮਰੱਥ ਨਹੀਂ। ਇਸੇ ਤਰ੍ਹਾਂ ਸੇਵਾਵਾਂ ਦੇ ਖੇਤਰ ਦੀਆਂ ਸਰਕਾਰੀ ਸੰਸਥਾਵਾਂ ਦਾ ਭੋਗ ਅਤੇ ਨਿੱਜੀ ਸੰਸਥਾਵਾਂ ਦਾ ਬੋਲਬਾਲਾ ਹੋਣ ਕਰਕੇ ਖੇਤੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਸਰਕਾਰੀ-ਨਿੱਜੀ-ਭਾਈਵਾਲ ਮਾਡਲ ਰਾਹੀਂ ਸਰਕਾਰੀ ਜਾਇਦਾਦ ਤੇ ਕੰਟਰੋਲ ਅਤੇ ਨਿੱਜੀ ਖੇਤਰ ਦੀ ਇਜਾਰੇਦਾਰੀ ਦੀਆਂ ਪ੍ਰਵਿਰਤੀਆਂ ਕਰਕੇ ਜ਼ਿੰਦਗੀ ਦੀਆਂ ਬਹੁਤ ਜ਼ਰੂਰੀ ਸੇਵਾਵਾਂ ਵੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਅਸਲ ਵਿੱਚ ਖੇਤੀ ਆਮਦਨ ਨਾਲ ਸਿਹਤ ਸੇਵਾਵਾਂ, ਪੜ੍ਹਾਈ ਅਤੇ ਹੋਰ ਰੋਜ਼ਮਰ੍ਹਾ ਚੀਜ਼ਾਂ ਦੀ ਮਹਿੰਗਾਈ ਦੇ ਖ਼ਰਚੇ ਪੂਰੇ ਕਰਨੇ ਕਿਸਾਨਾਂ ਦੀ ਸਮਰੱਥਾ ਵਿੱਚ ਨਹੀਂ ਰਹੇ। ਬੱਚਿਆਂ ਨੂੰ ਮਹਿੰਗੀ ਵਿੱਦਿਆ ਹਾਸਲ ਕਰਾਉਣ ਦੇ ਬਾਵਜੂਦ ਵੀ ਰੁਜ਼ਗਾਰ ਦੇ ਮੌਕੇ ਨਾ ਹੋਣ ਕਾਰਨ ਲੋਕ ਬੇਵਸੀ ਦੀ ਹਾਲਤ ਵਿੱਚ ਧੱਕੇ ਗਏ। ਬੈਂਕਾਂ ਅਤੇ ਸੂਦਖੋਰਾਂ ਵੱਲੋਂ ਉੱਚੀਆਂ ਵਿਆਜ ਦਰਾਂ ਅਤੇ ਸਖ਼ਤ ਸ਼ਰਤਾਂ ਅਧੀਨ ਲਏ ਕਰਜ਼ੇ ਦੀ ਭਾਰੀ ਪੰਡ ਤੋਂ ਸੁਰਖਰੂ ਹੋਣਾ ਕਿਸਾਨਾਂ ਲਈ ਬਹੁਤ ਔਖਾ ਹੋ ਗਿਆ। ਇਨ੍ਹਾਂ ਹਾਲਤਾਂ ਨੇ ਸਮੁੱਚੇ ਦੇਸ਼ ਅੰਦਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਖ਼ੁਦਕੁਸ਼ੀ ਦੇ ਰਸਤੇ ‘ਤੇ ਚੱਲਣ ਲਈ ਮਜਬੂਰ ਕਰ ਦਿੱਤਾ। ਇਸ ਲਈ ਲੋੜ ਹੈ ਗ਼ਲਤ ਧਾਰਨਾਵਾਂ ਨੂੰ ਤਿਆਗਿਆ ਜਾਵੇ ਅਤੇ ਵਿਗਿਆਨਕ ਆਧਾਰ ‘ਤੇ ਤਿਆਰ ਕੀਤੀਆਂ ਰਿਪੋਰਟਾਂ ਅਨੁਸਾਰ ਹਕੀਕਤ ਨੂੰ ਸਮਝਿਆ ਜਾਵੇ ਤਾਂ ਕਿ ਇਸ ਗੰਭੀਰ ਸੰਕਟ ਦੇ ਹੱੱਲ ਲਈ ਠੋਸ ਕਦਮ ਚੁੱੱਕੇ ਜਾ ਸਕਣ।

*ਮੁਖੀ, ਆਰਥਿਕ ਅਤੇ ਸਮਾਜਿਕ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.