ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਪੰਜਾਬ ਸਰਕਾਰ ਵੱਲੋਂ ਆਈਆਂ ਹਦਾਇਤਾਂ ‘ਤੇ ਐੱਸਐੱਸਪੀ ਖੰਨਾ ਅਵਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚੱਲਦਿਆਂ ਐੱਸਐੱਸਪੀ ਸਮਰਾਲਾ ਜਸਪਿੰਦਰ ਸਿੰਘ ਵੱਲੋਂ ਆਪਣੇ ਅਧੀਨ ਆਉਂਦੇ ਮਾਛੀਵਾੜਾ ਤੇ ਸਮਰਾਲਾ ਥਾਣਿਆਂ ਦੀ ਪੁਲਿਸ ਨੂੰ ਨਾਲ ਲੈ ਕੇ ਪਿੰਡਾਂ ‘ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਰਚ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇੱਥੇ ਥਾਣਾ ਮਾਛੀਵਾੜਾ ਵਿਖੇ ਦੋਵੇਂ ਪੁਲਿਸ ਥਾਣਿਆਂ ‘ਚ ਨਿਯੁਕਤ ਥਾਣਾ ਮੁਖੀ ਮਾਛੀਵਾੜਾ ਭਿੰਦਰ ਸਿੰਘ ਖੰਗੂੜਾ ਤੇ ਥਾਣਾ ਮੁਖੀ ਸਮਰਾਲਾ ਰਾਓ ਵਰਿੰਦਰ ਸਿੰਘ ਤੋਂ ਇਲਾਵਾ ਦੋਵੇਂ ਥਾਣਿਆਂ ‘ਚੋਂ ਹੋਰ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਡੀਐੱਸਪੀ ਜਸਪਿੰਦਰ ਸਿੰਘ ਨੇ ਕਿਹਾ ਕਿ ਮੌਤ ਦੇ ਸੌਦਾਗਰਾਂ ‘ਤੇ ਸਿਕੰਜ਼ਾ ਕਸਣ ਲਈ ਅਸੀਂ ਹਰ ਯਤਨ ਕਰਾਂਗੇ। ਉਨਾਂ੍ਹ ਜਿੱਥੇ ਪੁਲਿਸ ਮੁਲਾਜ਼ਮਾਂ ਨੂੰ ਸਰਚ ਅਭਿਆਨ ਤਹਿਤ ਆਉਣ ਵਾਲੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ, ਉੱਥੇ ਉਨਾਂ੍ਹ ਦਾ ਹੌਂਸਲਾ ਬੁਲੰਦ ਕਰਦਿਆਂ ਕਿਹਾ ਕਿ ਉਹ ਪੂਰੇ ਤਨ, ਮਨ ਨਾਲ ਪੂਰੀ ਮੁਸ਼ਤੈਦੀ ਵਰਤਦਿਆਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ। ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਸਮਾਜ ‘ਚੋਂ ਖਦੇੜਨ ਲਈ ਹਰ ਹੀਲਾ ਵਰਤਿਆ ਜਾਵੇਗਾ, ਇਸ ਕਰਕੇ ਹਰੇਕ ਮੁਲਾਜ਼ਮ ਨੂੰ ਪੂਰੀ ਹਿੰਮਤ, ਹੌਸਲੇ ਤੇ ਸਵੈ ਵਿਸ਼ਵਾਸ ਨਾਲ ਆਪਣੀ ਡਿਊਟੀ ਨੂੰ ਨਿਭਾਉਣਾ ਚਾਹੀਦਾ ਹੈ। ਉਹ ਅੱਜ ਨੇੜਲੇ ਪਿੰਡ ਜਲਾਹ ਮਾਜਰਾ ਤੇ ਹੋਰ ਨੇੜਲੇ ਇਲਾਕੇ ‘ਚ ਆਪਣਾ ਸਰਚ ਅਭਿਆਨ ਚਲਾਉਣਗੇ ਤੇ ਪੂਰੀ ਬਰੀਕੀ ਨਾਲ ਜਾਂਚ ਪੜਤਾਲ ਕਰਨਗੇ। ਇਸ ਮੌਕੇ ਬਲਦੇਵ ਸਿੰਘ, ਮਦਨ ਲਾਲ, ਵਿਜੈ ਕੁਮਾਰ, ਜਸਵੰਤ ਸਿੰਘ, ਲਖਵਿੰਦਰ ਕੌਰ ਜਟਾਣਾ (ਸਾਰੇ ਸਹਾਇਕ ਥਾਣੇਦਾਰ) ਸਮੇਤ ਪੁਲਿਸ ਕਰਮਚਾਰੀ ਮੌਜੂਦ ਸਨ।