ਸੁਰਿੰਦਰ ਛਿੰਦਾ ਪੰਜਾਬੀ ਸੰਗੀਤ ਜਗਤ ’ਚ ਉਹ ਨਾਂ ਸੀ, ਜੋ ਪਿਛਲੇ ਚਾਰ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਸਰਗਰਮ ਸੀ ਅਤੇ ਗਾਇਕੀ ਦੇ ਮੈਦਾਨ ’ਚ ਹਿੱਕ ਤਾਣ ਗਾਉਂਦਾ ਨਜ਼ਰ ਆਉਂਦਾ ਰਿਹਾ ਹੈ। ਜੇ ਉਸ ਦੇ ਗਾਇਕੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਉਹ ਲੋਕ ਰੰਗ, ਸੱਭਿਆਚਾਰਕ, ਲੋਕ ਗਾਥਾਵਾਂ ਤੇ ਪਰਿਵਾਰਕ ਰਿਸ਼ਤਿਆਂ ਦੇ ਰੰਗ ’ਚ ਰੰਗੇ ਚੁਲਬੁਲੇ ਦੋਗਾਣਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਅੱਜ ਵੀ ਉਸ ਦੀ ਆਵਾਜ਼ ’ਚ ਪਹਿਲਾਂ ਜਿਹੀ ਧਮਕ ਹੈ, ਜੋ ਸੁਣਨ ਵਾਲੇ ਨੂੰ ਕਿਸੇ ਹੋਰ ਹੀ ਦੁਨੀਆ ’ਚ ਲੈ ਜਾਂਦੀ ਹੈ। ਉਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਸਰੋਤਿਆਂ ਦੀ ਪਸੰਦ ਹੈ। ਕਈ ਸਾਲਾਂ ਬਾਅਦ ਅੱਜ ਵੀ ਉਸ ਦੇ ਸਾਰੇ ਗਾਣੇ ਸਦਾਬਹਾਰ ਜਾਪਦੇ ਹਨ।
ਕੀਲ ਕੇ ਰੱਖ ਦਿੰਦੈ ਸਰੋਤੇ
ਸੁਰਿੰਦਰ ਛਿੰਦਾ ਆਪਣੇ ਸਮਕਾਲੀ ਗਾਇਕਾਂ ਮੁਹੰਮਦ ਸਦੀਕ, ਕੁਲਦੀਪ ਮਾਣਕ, ਕਰਤਾਰ ਰਮਲਾ, ਕਰਨੈਲ ਗਿੱਲ, ਦੀਦਾਰ ਸੰਧੂ, ਜਸਵੰਤ ਸੰਦੀਲਾ, ਕੇ. ਦੀਪ, ਜਗਮੋਹਨ ਕੌਰ, ਗੁਰਮੀਤ ਬਾਵਾ, ਨਰਿੰਦਰ ਬੀਬਾ ਤੇ ਹਾਕਮ ਬਖਤੜੀ ਵਾਲਾ ਵਰਗੇ ਅਨੇਕਾਂ ਹੀ ਹੋਰ ਕਲਾਕਾਰਾਂ ’ਚੋਂ ਸਿਰਕੱਢਵਾਂ ਗਵੱਈਆ ਸੀ। ਖੁੱਲ੍ਹੇ-ਡੁੱਲ੍ਹੇ ਸਰੀਰ ਵਾਲਾ ਸੁਰਿੰਦਰ ਛਿੰਦਾ ਜਦੋਂ ਚੌੜੀ ਛਾਤੀ ਤਾਣ ਸਟੇਜ ’ਤੇ ਆਪਣੀਆਂ ਸੁਰ ਕਲਾਵਾਂ ਨੂੰ ਛੇੜਦਾ ਸੀ ਤਾਂ ਉਹ ਪੰਡਾਲ ’ਚ ਬੈਠੇ ਸਰੋਤਿਆਂ ਨੂੰ ਹੀ ਨਹੀਂ ਬਲਕਿ ਵਗਦੀਆਂ ਹਵਾਵਾਂ ਨੂੰ ਵੀ ਰੁਮਕਣ (ਝੂਮਣ) ਲਾ ਦਿੰਦਾ ਸੀ।
ਸ਼ੁਰੂ ਤੋਂ ਹੀ ਸੀ ਗਾਇਕੀ ਦਾ ਸ਼ੌਕ
ਆਪਣੀ ਗਾਇਕੀ ਦਾ ਇਤਿਹਾਸ ਸਿਰਜਣ ਵਾਲੇ ਸੁਰਿੰਦਰ ਛਿੰਦੇ ਦਾ ਜਨਮ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਛੋਟੀ ਅਯਾਲੀ ਦੇ ਰਹਿਣ ਵਾਲੇ ਮਿਸਤਰੀ ਪਿਤਾ ਬਚਨ ਰਾਮ ਅਤੇ ਮਾਤਾ ਵਿਦਿਆਵਤੀ ਦੇ ਘਰ 20 ਮਈ 1953 ਨੂੰ ਹੋਇਆ। ਪਰਿਵਾਰਕ ਰਿਸ਼ਤਿਆਂ ’ਚੋਂ ਮਿਲੀ ਸੰਗੀਤ ਦੀ ਗੁੜ੍ਹਤੀ ਨੇ ਅੱਖਾਂ ਖੋਲ੍ਹਦਿਆਂ ਹੀ ਸੁਰਿੰਦਰ ਪਾਲ ਧਾਮੀ ਅੰਦਰ ਸੰਗੀਤ ਦਾ ਅਜਿਹਾ ਬੀਜ ਬੀਜਿਆ, ਜੋ ਉਮਰ ਦੇ ਪੜਾਅ ਨਾਲ ਅੰਦਰੋਂ-ਅੰਦਰੀ ਜਵਾਨ ਹੋਣ ਲੱਗਿਆ। ਆਪਣੇ ਸ਼ੌਕ ਦੀ ਪੂਰਤੀ ਲਈ ਉਸ ਨੇ ਸੰਗੀਤ ਜਗਤ ਦੇ ਉਸਤਾਦ ਮੰਨੇ ਜਾਣ ਵਾਲੇ ਸੰਗੀਤਕ ਗੁਰੂ ਜਨਾਬ ਜਸਵੰਤ ਭੰਵਰਾ ਨੂੰ ਆਪਣਾ ਮੁਰਸ਼ਦ ਧਾਰ ਕੇ ਸੰਗੀਤ ਦੀਆਂ ਬਾਰੀਕੀਆਂ ਨੂੰ ਸਿੱਖਿਆ। ਲੰਮੀ ਮਿਹਨਤ-ਮੁਸ਼ੱਕਤ ਤੋਂ ਬਾਅਦ ਜਦੋਂ ਉਸਤਾਦ ਰੂਪੀ ਮਾਲੀ ਨੂੰ ਆਪਣੇ ਬੂਟੇ ’ਤੇ ਸੰਗੀਤਕ ਕਲਾਵਾਂ ਦਾ ਬੂਰ ਨਜ਼ਰ ਆਉਣ ਲੱਗਿਆ ਤਾਂ ਉਸ ਨੂੰ ਆਪਣੇ ਆਸ਼ੀਰਵਾਦ ਦਾ ਪਾਣੀ ਪਾ ਵਿਸ਼ਾਲ ਰੁੱਖ ਬਣਨ ਲਈ ਸੰਗੀਤ ਦੇ ਵਿਹੜੇ ਲਾ ਦਿੱਤਾ। ਸੰਗੀਤ ਦੇ ਸੰਘਣੇ ਰੁੱਖਾਂ ’ਚ ਪੁੰਗਰਦਾ ਗਾਇਕੀ ਦਾ ਇਹ ਬੂਟਾ ਆਪਣੀ ਮਿਹਨਤ ਦੀ ਹਵਾ ਨਾਲ ਕਲਾ ਦੀ ਮਿੱਠੀ-ਮਿੱਠੀ ਮਹਿਕ ਖਿੰਡਾਉਣ ਲੱਗਾ। ਸਮੇਂ ਦੇ ਨਾਲ ਸੰਗੀਤ ਦਾ ਇਹ ਬੂਟਾ ਆਸਾਂ ਦੀ ਜ਼ਮੀਨ ’ਚ ਆਪਣੀ ਕਾਮਯਾਬੀ ਦੀਆਂ ਜੜ੍ਹਾਂ ਨੂੰ ਮਿਹਨਤ ਦੇ ਹਲ ਨਾਲ ਹੋਰ ਡੂੰਘਾਈ ’ਚ ਲਾਉਂਦਾ ਗਿਆ ਤੇ ਆਖ਼ਰਕਾਰ ਸੰਗੀਤ ਦੇ ਪਿੜ ’ਚੋਂ ਸ਼ਬਦ ਅਤੇ ਆਵਾਜ਼ ਦੇ ਸੁਮੇਲ ਨਾਲ ‘ਉੱਚਾ ਬੁਰਜ ਲਾਹੌਰ ਦਾ’ ਨਾਂ ਦੀ ਅਜਿਹੀ ਹਨੇਰੀ ਆਈ, ਜਿਸ ਨੇ ਗਾਇਕੀ ਦੇ ਸੰਘਣੇ ਰੁੱਖਾਂ ਦੀਆਂ ਜੜ੍ਹਾਂ ਤੱਕ ਹਿਲਾ ਦਿੱਤੀਆਂ। ਬਸ ਉਸ ਤੋਂ ਬਾਅਦ ਸੁਰਿੰਦਰ ਛਿੰਦਾ ਨਾਂ ਦਾ ਇਹ ਵਾਵਰੋਲਾ ਸੰਗੀਤ ਦੇ ਖੇਤਰ ’ਚ ਗਾਇਕੀ ਦਾ ਤੂਫ਼ਾਨ ਬਣ ਕੇ ਵੱਡੀ ਤੋਂ ਵੱਡੀ ਸੰਗੀਤਕ ਚੱਟਾਨ ਨੂੰ ਹਿਲਾਉਣ ਦੀ ਸਮਰੱਥਾ ਰੱਖਣ ਲੱਗਿਆ।
ਫਿਲਮਾਂ ’ਚ ਵੀ ਕਾਮਯਾਬੀ
ਸੁਰਿੰਦਰ ਛਿੰਦਾ ਉਨ੍ਹਾਂ ਸਮਿਆਂ ਦਾ ਪੁਰਾਤਨ ਗਾਇਕ ਹੈ, ਜਦੋਂ ਰਿਕਾਰਡ ਦਾ ਯੁੱਗ ਸੱਭਿਆਚਾਰ ਦੀ ਹਿੱਕ ’ਤੇ ਧਾਂਕ ਜਮਾਈ ਬੈਠਾ ਸੀ। ਉਹ ਆਪਣੇ ਸਮਕਾਲੀ ਗਾਇਕਾਂ ਦੇ ਨਾਲ ਅੱਜ ਵੀ ਪੰਜਾਬੀਅਤ ਦਾ ਝੰਡਾ ਚੁੱਕ ਮੋਹਰੀ ਤੁਰਿਆ ਆ ਰਿਹਾ ਹੈ। ਸੁਰਿੰਦਰ ਛਿੰਦੇ ਨੇ ਪੰਜਾਬੀ ਸੰਗੀਤ ਤੋਂ ਇਲਾਵਾ ਫਿਲਮਾਂ ’ਚ ਵੀ ਆਪਣੇ ਧੜੱਲੇਦਾਰ ਅਭਿਨੈ ਨਾਲ ਅਦਾਕਾਰੀ ਦੀ ਅਜਿਹੀ ਵੱਖਰੀ ਛਾਪ ਛੱਡੀ ਹੈ ਕਿ ਉਸ ਦੇ ਸਿਰਜੇ ਇਤਿਹਾਸ ਨੂੰ ਸੁਨਹਿਰੀ ਅੱਖਰਾਂ ’ਚ ਲਿਸ਼ਕਾ ਰਹੀ ਹੈ। ਉਸ ਦੀ ਅਦਾਕਾਰੀ ਨਾਲ ਸਜੀਆਂ ਫਿਲਮਾਂ ’ਚ ‘ਪੁੱਤ ਜੱਟਾਂ ਦੇ’, ‘ਉੱਚਾ ਦਰ ਬਾਬੇ ਨਾਨਕ ਦਾ’, ‘ਬਦਲਾ ਜੱਟੀ ਦਾ’, ‘ਜੱਟ ਜਿਊਣਾ ਮੌੜ’, ‘ਬਗ਼ਾਵਤ’, ‘ਹੰਕਾਰ’, ‘ਚੜ੍ਹਦਾ ਸੂਰਜ’, ‘ਟਰੱਕ ਡਰਾਈਵਰ’, ‘ਜੱਟ ਪੰਜਾਬ ਦਾ’ ਅਤੇ ‘ਜੱਟ ਯੋਧੇ’ ਅਤੇ ਹੋਰ ਸ਼ਾਮਲ ਹਨ।
ਕਈ ਗੀਤਕਾਰਾਂ ਦੇ ਬੋਲਾਂ ਨੂੰ ਦਿੱਤੀ ਆਵਾਜ਼
ਹਰ ਪੱਖ ਤੋਂ ਕਾਮਯਾਬੀ ਹਾਸਲ ਕਰਨ ਵਾਲਾ ਸੁਰਿੰਦਰ ਛਿੰਦਾ ਰਿਕਾਰਡਾਂ ਦੇ ਯੁੱਗ ਤੋਂ ਲੈ ਕੇ ਅੱਜ ਸਿੰਗਲ ਟ੍ਰੈਕ ਦੇ ਦੌਰ ਵਿਚ ਵੀ ਆਪਣੀ ਗਾਇਕੀ ਦਾ ਲੋਹਾ ਮਨਵਾ ਰਿਹਾ ਹੈ। ਉਸ ਦੇ ਨਵੇਂ ਗੀਤ ਉਸ ਦੀ ਦਮਦਾਰ ਆਵਾਜ਼ ਦੀ ਗਵਾਹੀ ਭਰਦੇ ਹਨ। ਉਸ ਨੇ ਦੇਵ ਥਰੀਕਿਆਂ ਵਾਲਾ, ਜੱਗਾ ਗਿੱਲ ਨੱਥੋ ਹੇੜੀ ਵਾਲਾ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਹਾਕਮ ਬਖਤੜੀ ਵਾਲਾ, ਸੇਵਾ ਨੌਰਥ, ਸਨਮੁੱਖ ਆਜ਼ਾਦ, ਕਰਨੈਲ ਸਿਵੀਆ, ਅਮਰੀਕ ਸਿੰਘ ਤਲਵੰਡੀ, ਬਚਨ ਬੇਦਿਲ ਜਿਹੀਆਂ ਪੁਰਾਣੀਆਂ ਕਲਮਾਂ ਤੋਂ ਲੈ ਕੇ ਅਜੋਕੇ ਦੌਰ ’ਚ ਭੱਟੀ ਭੜੀਵਾਲਾ, ਕਾਲਾ ਸੰਘਿਆਂ ਵਾਲਾ, ਜਸਵੀਰ ਗੁਣਾਚੌਰੀਆ, ਬਿੱਟੂ ਦੌਲਤਪੁਰੀਆ ਨੂੰ ਗਾਉਣ ਦਾ ਮਾਣ ਹਾਸਲ ਕਰ ਰਿਹਾ ਹੈ। ਅਜੋਕੇ ਗਾਇਕਾਂ ਨੂੰ ਉਸ ਤੋਂ ਸੇਧ ਲੈਣ ਦੀ ਲੋੜ ਹੈ।
ਪੰਜਾਬੀ ਗਾਇਕੀ ਦਾ ਇਹ ਸ਼ਾਹ ਅਸਵਾਰ ਗਾਇਕ ਅੱਜ ਵੀ ਸੰਗੀਤ ਦੇ ਬਦਲਵੇਂ ਦੌਰ ’ਚ ਸੱਭਿਆਚਾਰ ਦੇ ਮੈਦਾਨ ’ਚ ਡਟ ਕੇ ਪੰਜਾਬੀਅਤ ਦੇ ਝੰਡੇ ਨੂੰ ਬੁਲੰਦ ਕਰ ਰਿਹਾ ਹੈ। ਪਰਮਾਤਮਾ ਕਰੇ ਪੰਜਾਬੀ ਗਾਇਕੀ ਦਾ ਇਹ ਸਪੂਤ ਆਪਣੀ ਦਹਾਕੜ ਆਵਾਜ਼ ਨਾਲ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਦਾ ਹੋਇਆ ਲੋਕ ਗੀਤਾਂ ਜਿੰਨੀ ਉਮਰ ਮਾਣਦਾ ਰਹੇ।
ਹਿੱਟ ਗੀਤਾਂ ਨਾਲ ਬਣਿਆ ਸਿਰਮੌਰ ਗਾਇਕ
ਜੇ ਸੁਰਿੰਦਰ ਛਿੰਦੇ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਸ ਨੇ ਇੱਕ ਨਹੀਂ, ਦੋ ਨਹੀਂ ਸਗੋਂ ਸੈਂਕੜਿਆਂ ਦੀ ਤਾਦਾਦ ’ਚ ਗੀਤ ਰਿਕਾਰਡ ਕਰਵਾ ਕੇ ਆਪਣੇ ਨਾਂ ਦੀ ਵੱਖਰੀ ਮਿਸਾਲ ਕਾਇਮ ਕੀਤੀ। ਉਸ ਦੇ ਦਰਜਨਾਂ ਹਿੱਟ ਗੀਤਾਂ ਨੇ ਮੱਲੋ-ਮੱਲੀ ਉਸ ਨੂੰ ਸਿਰਮੌਰ ਗਾਇਕ ਦਾ ਖ਼ਿਤਾਬ ਦਿਵਾ ਦਿੱਤਾ ਜਿਵੇਂ
>> ‘ਉੱਚਾ ਬੁਰਜ ਲਾਹੌਰ ਦਾ’
>> ‘ਜੱਟ ਮਿਰਜ਼ਾ ਖਰਲਾਂ ਦਾ’
>> ‘ਪੁੱਤ ਜੱਟਾਂ ਦੇ’
>> ‘ਰੱਖ ਲੈ ਕਲੀਂਡਰ ਯਾਰਾ’
>> ‘ਦੋ ਊਠਾਂ ਵਾਲੇ’
>> ‘ਤਾਰਾ ਰਾਣੀ’
>> ‘ਇਹ ਮਿੱਤ ਕਿਸੇ ਦਾ ਨਾ’
>> ‘ਨੈਣਾਂ ਦੇ ਵਣਜਾਰੇ’
>> ‘ਜਿਊਣਾ ਮੌੜ’
>> ‘ਤੀਆਂ ਲੌਂਗੋਵਾਲ ਦੀਆਂ’
>> ‘ਰਾਮ ਕੌਰ’
>> ‘ਜੱਗਾ ਜੱਟ’
>> ‘ਮੈਂ ਨਾ ਅੰਗਰੇਜ਼ੀ ਜਾਣਦੀ’
>> ‘ਦਿੱਲੀ ਸ਼ਹਿਰ ਦੀਆਂ ਕੁੜੀਆਂ’
>> ‘ਗੱਲਾਂ ਸੋਹਣੇ ਯਾਰ ਦੀਆਂ’
>> ‘ਬਾਬਿਆਂ ਦੇ ਚੱਲ ਚੱਲੀਏ’
>> ‘ਮੈਂ ਡਿੱਗੀ ਤਿਲਕ ਕੇ’
>> ‘ਇੱਕ ਮਹੀਨਾ ਜੇਠ ਦਾ’
>> ‘ਗੱਡੀ ਦੇ ਸਿਲੰਡਰ ਦੀ’
>> ‘ਜੰਨ ਚੜ੍ਹੀ ਅਮਲੀ ਦੀ’
>> ‘ਮੁੰਡੇ ਕਹਿਣ ਮਿਸ ਇੰਡੀਆ’
ਅਤੇ ਅਨੇਕਾਂ ਹੋਰ ਗੀਤ।
ਝੋਲੀ ਪਏ ਕਈ ਸਨਮਾਨ
ਆਪਣੀ ਗਾਇਕੀ ਦਾ ਲੰਬਾ ਸਫ਼ਰ ਤੈਅ ਕਰਦਿਆਂ ਮਾਂ-ਬੋਲੀ ਪੰਜਾਬੀ ਦੇ ਸੱਭਿਆਚਾਰਕ ਸ਼ੇਰ ਸੁਰਿੰਦਰ ਛਿੰਦਾ ਨੇ ਆਪਣੀ ਦਹਾਕੜ ਆਵਾਜ਼ ਨਾਲ ਦੇਸ਼-ਵਿਦੇਸ਼ ਦੀ ਧਰਤੀ ’ਤੇ ਅਨੇਕਾਂ ਮਾਣ- ਸਨਮਾਨ ਪ੍ਰਾਪਤ ਕਰ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਕੱਦ ਨੂੰ ਉੱਚਾ ਕੀਤਾ। ਧਰੂ ਤਾਰੇ ਵਾਂਗ ਚਮਕਦਾ ਹੋਇਆ ਸੁਰਿੰਦਰ ਛਿੰਦੇ ਦਾ ਨਾਂ ਉਦੋਂ ਹੋਰ ਵੀ ਸੁਨਹਿਰੀ ਲਿਸ਼ਕ ਬਿਖੇਰਨ ਲੱਗਿਆ ਜਦੋਂ ਪੰਜਾਬ ਸਰਕਾਰ ਨੇ ਉਸ ਨੂੰ ਸ਼੍ਰੋਮਣੀ ਗਾਇਕ ਦੇ ਐਵਾਰਡ ਨਾਲ ਨਿਵਾਜ ਕੇ ਇਸ ਦੇ ਗਾਇਕੀ ਦੇ ਇਤਿਹਾਸ ਨੂੰ ਸੁਨਹਿਰੀ ਹਰਫ਼ਾਂ ’ਚ ਪਰੋ ਦਿੱਤਾ।



