ਜਾਸ, ਰਾਜੌਰੀ : ਸੁਰੱਖਿਆ ਬਲਾਂ ਨੇ ਸਰਹੱਦ ਪਾਰ ਤੋਂ ਪਾਕਿਸਤਾਨ ਦੀ ਇਕ ਹੋਰ ਡ੍ਰੋਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਫ਼ੌਜ ਨੇ ਪੁਲਿਸ ਤੇ ਖੁਫ਼ੀਆ ਏਜੰਸੀਆਂ ਨਾਲ ਮਿਲ ਕੇੇ ਸ਼ੁੱਕਰਵਾਰ ਦੁਪਹਿਰ ਨੌਸ਼ਹਿਰਾ ’ਚ ਡ੍ਰੋਨ ਨਾਲ ਸੁੱਟੀ ਪਿਸਤੌਲ ਤੇ ਗੋਲ਼ੀਆਂ ਬਰਾਮਦ ਕੀਤੀਆਂ। ਇਨ੍ਹਾਂ ਨੂੰ ਚਿੱਟੇ ਰੰਗ ਦੇ ਕੱਪੜੇ ਦੀ ਪੋਟਲੀ ’ਚ ਬੰਨ੍ਹ ਕੇ ਸੁੱਟਿਆ ਗਿਆ ਸੀ। ਇਸ ਦੇ ਉੱਪਰ ਹੱਥ ਨਾਲ ਚੰਦ ਤਾਰਾ ਬਣਾਉਣ ਦੇ ਨਾਲ-ਨਾਲ ਇੰਸ਼ਾ ਅੱਲ੍ਹਾ ਲਿਖਿਆ ਗਿਆ ਹੈ। ਸੁਰੱਖਿਆ ਬਲਾਂ ਨੂੰ ਖ਼ਦਸ਼ਾ ਹੈ ਕਿ ਇਸ ਤੋਂ ਇਲਾਵਾ ਵੀ ਇਲਾਕੇ ’ਚ ਹਥਿਆਰ ਡਿੱਗੇ ਹੋ ਸਕਦੇ ਹਨ, ਇਸ ਕਾਰਨ ਵਿਆਪਕ ਤਲਾਸ਼ੀ ਮੁਹਿੰਮ ਜਾਰੀ ਹੈ।

ਜਾਣਕਾਰੀ ਅਨੁਸਾਰ ਨੌਸ਼ਹਿਰਾ ਦੇ ਤਾਈ ਖੇਤਰ ’ਚ ਤਾਇਨਾਤ ਆਰਆਰ ਬਟਾਲੀਅਨ ਦੇ ਜਵਾਨਾਂ ਨੇ ਵੀਰਵਾਰ ਦੇਰ ਰਾਤ ਰਾਜਲ ਕੋਟ ਦੇ ਜੰਗਲੀ ਇਲਾਕੇ ’ਚ ਘੱਟ ਉੱਚਾਈ ’ਤੇ ਉੱਡ ਰਹੇ ਇਕ ਕਵਾਡਕਾਪਟਰ (ਡ੍ਰੋਨ) ਦੇਖਿਆ। ਇਹ ਇਲਾਕਾ ਕੰਟਰੋਲ ਰੇਖਾ ਤੋਂ ਕਰੀਬ 35 ਕਿਲੋਮੀਟਰ ਭਾਰਤੀ ਖੇਤਰ ’ਚ ਹੈ। ਜਵਾਨਾਂ ਨੇ ਡ੍ਰੋਨ ਨੂੰ ਖਦੇੜਣ ਲਈ ਗੋਲ਼ੀਆਂ ਚਲਾਈਆਂ, ਜਿਸ ਤੋਂ ਬਾਅਦ ਉਹ ਅੱਖਾਂ ਤੋਂ ਓਹਲੇ ਹੋ ਗਿਆ। ਇਸ ਤੋਂ ਬਾਅਦ ਸ਼ੁੱਕਰਵਾਰ ਤੜਕੇ ਇਲਾਕੇ ’ਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਆਰਆਰ ਬਟਾਲੀਅਨ ਦੇ ਜਵਾਨ ਨੂੰ ਚਿੱਟੇ ਕੱਪੜੇ ਦੀ ਪੋਟਲੀ ਮਿਲੀ। ਸਾਵਧਾਨੀ ਨਾਲ ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਇਸ ’ਚੋਂ ਇਕ ਪਿਸਤੌਲ ਤੇ ਗੋਲ਼ੀਆਂ ਦੇ ਅੱਠ ਰਾਊਂਡ ਬਰਾਮਦ ਕੀਤੇ ਗਏ। ਇਹ ਹਥਿਆਰ ਅੱਤਵਾਦੀਆਂ ਦੇ ਕਿਸੇ ਮਦਦਗਾਰ ਵੱਲੋਂ ਚੁੱਕ ਕੇ ਉਨ੍ਹਾਂ ਤੱਕ ਪਹੁੰਚਾਏ ਜਾਣੇ ਸਨ। ਸੁਰੱਖਿਆ ਬਲਾਂ ਨੂੰ ਖ਼ਦਸ਼ਾ ਹੈ ਕਿ ਡ੍ਰੋਨ ਨੇ ਇਲਾਕੇ ’ਚ ਹੋਰ ਹਥਿਆਰ ਵੀ ਸੁੱਟੇ ਹੋਣਗੇ। ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਉਣ ਦੇ ਨਾਲ ਹੀ ਅੱਤਵਾਦੀਆਂ ਦੇ ਮਦਦਗਾਰਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।

ਕਸ਼ਮੀਰ ’ਚ ਅੱਤਵਾਦੀਆਂ ’ਤੇ ਲਗਾਤਾਰ ਕਸੇ ਜਾ ਰਿਹੇ ਸ਼ਿਕੰਜੇ ਕਾਰਨ ਪਾਕਿਸਤਾਨ ਪਿਛਲੇ ਕਰੀਬ ਇਕ ਸਾਲ ਤੋਂ ਸਰਹੱਦੀ ਰਾਜੌਰੀ ਤੇ ਨਾਲ ਲੱਗਦੇ ਪੁਣਛ ਜ਼ਿਲ੍ਹੇ ’ਚ ਅੱਤਵਾਦੀ ਗਤੀਵਿਧੀਆਂ ਵਧਾਉਣ ’ਚ ਲੱਗਿਆ ਹੈ। ਰਾਜੌਰੀ-ਪੁਣਛ ’ਚ ਕਈ ਅੱਤਵਾਦੀ ਹਮਲਿਆਂ ਤੋਂ ਇਲਾਵਾ ਸਰਹੱਦ ਪਾਰੋਂ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਰੀਬ ਦੋ ਸਾਲ ਪਹਿਲਾਂ ਰਾਜੌਰੀ ਦੇ ਥੰਨਾਮੰਡੀ ਦੇ ਗੁਰਦਰਬਾਲ ਇਲਾਕੇ ’ਚ ਵੀ ਸਰਹੱਦ ਪਾਰ ਤੋਂ ਆਏ ਡ੍ਰੋਨ ਨੇ ਹਥਿਆਰ ਸੁੱਟੇ ਸਨ।