ਜਾਸ, ਜੈਪੁਰ : ਸ੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ ਹੱਤਿਆ ਦਾ ਅਸਲੀ ਕਾਰਨ ਸਾਹਮਣੇ ਆ ਗਿਆ ਹੈ। ਦਰਅਸਲ ਰਾਜਸਥਾਨ ’ਚ ਪਿਛਲੇ ਡੇਢ ਦਹਾਕੇ ਤੋਂ ਲਾਰੈਂਸ ਤੇ ਆਨੰਦਪਾਲ ਸਿੰਘ ਦਾ ਗੈਂਗ ਸਰਗਰਮ ਹੈ। ਸੁਖਦੇਵ ਸਿੰਘ ਦੀ ਹੱਤਿਆ ਕਰਵਾਉਣ ਵਾਲਾ ਰੋਹਿਤ ਗੋਦਾਰਾ ਲਾਰੈਂਸ ਦੀ ਗੈਂਗ ’ਚ ਸ਼ਾਮਲ ਸੀ। ਦੋਵੇੇਂ ਗੈਂਗਾਂ ਦਾ ਆਪਸ ’ਚ ਵਿਵਾਦ ਹੁੰਦਾ ਰਹਿੰਦਾ ਸੀ। 2017 ’ਚ ਆਨੰਦਪਾਲ ਦੀ ਪੁਲਿਸ ਮੁਕਾਬਲੇ ’ਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲਾਰੈਂਸ ਗੈਂਗ ਰਾਜਸਥਾਨ ’ਚ ਪੂਰੀ ਤਰ੍ਹਾਂ ਸਰਗਰਮ ਹੋ ਗਿਆ। ਲਾਰੈਂਸ ਗੈਂਗ ਵੱਲੋਂ ਰੋਹਿਤ ਗੋਦਾਰਾ ਵਪਾਰੀਆਂ ਨੂੰ ਧਮਕੀ ਦੇ ਕੇ ਪੈਸੇ ਵਸੂਲਦਾ ਸੀ। ਇਸ ਕਾਰਨ ਕਈ ਵਪਾਰੀ ਗੋਗਾਮੇੜੀ ਤੋਂ ਮਦਦ ਮੰਗਦੇ ਸਨ। ਗੋਗਾਮੇੜੀ ਇਨ੍ਹਾਂ ਵਪਾਰੀਆਂ ਨੂੰ ਸੁਰੱਖਿਆ ਦੇਣ ਦਾ ਭਰੋਸਾ ਦੇ ਕੇ ਫਿਰੌਤੀ ਨਾ ਦੇਣ ਲਈ ਕਹਿੰਦਾ ਸੀ। ਇਸੇ ਗੱਲ ਤੋਂ ਲਾਰੈਂਸ ਗੈਂਗ ਗੋਗਾਮੇੜੀ ਤੋਂ ਨਾਰਾਜ਼ ਸੀ। ਗੋਗਾਮੇੜੀ ਨੇ ਲਾਰੈਂਸ ਗੈਂਗ ਤੋਂ ਪੀੜਤ ਵਪਾਰੀਆਂ ਨੂੰ ਸੁਰੱਖਿਆ ਦੇਣੀ ਜਾਰੀ ਰੱਖੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੁਰੱਖਿਆ ਦੇਣ ਦੇ ਬਦਲੇ ਗੋਗਾਮੇੜੀ ਇਨ੍ਹਾਂ ਵਪਾਰੀਆਂ ਤੋਂ ਪੈਸੇ ਲੈਂਦਾ ਸੀ। ਇਸੇ ਗੱਲ ਨੂੰ ਲੈ ਕੇ ਗੋੋਗਾਮੇੜੀ ਤੇ ਲਾਰੈਂਸ ਗੈਂਗ ਦਰਮਿਆਨ ਤਣਾਅ ਵਧਦਾ ਜਾ ਰਿਹਾ ਸੀ। ਤਿੰਨ ਦਿਨ ਪਹਿਲਾਂ ਹੋਈ ਗੋਗਾਮੇੜੀ ਦੀ ਹੱਤਿਆ ਇਸੇ ਦਾ ਨਤੀਜਾ ਦੱਸੀ ਜਾ ਰਹੀ ਹੈ।

50 ਲੱਖ ਰੁਪਏ ਦੀ ਮੰਗੀ ਸੀ ਫਿਰੌਤੀ

ਜਾਣਕਾਰੀ ਅਨੁਸਾਰ ਦਸੰਬਰ 2022 ’ਚ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਵਪਾਰੀ ਮਹੀਪਾਲ ਸਿੰਘ ਨੂੰ ਰੋਹਿਤ ਗੋਦਾਰਾ ਦੇ ਨਾਂ ’ਤੇ ਧਮਕੀ ਦੇ ਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਫਿਰੌਤੀ ਨਾ ਦੇਣ ’ਤੇ ਹੱਤਿਆ ਕਰਨ ਦੀ ਗੱਲ ਕਹੀ ਗਈ। ਇਸ ਤੋਂ ਬਾਅਦ ਮਹੀਪਾਲ ਨੇ ਗੋਗਾਮੇੜੀ ਦੀ ਮਦਦ ਕੀਤੀ। ਗੋਗਾਮੇੜੀ ਨੇ ਪੈਸੇ ਨਾ ਦੇਣ ਲਈ ਕਿਹਾ। ਇਸ ਗੱਲ ਤੋਂ ਲਾਰੈਂਸ ਗੈਂਗ ਜ਼ਿਆਦਾ ਨਾਰਾਜ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਬਠਿੰਡਾ ਜੇਲ੍ਹ ’ਚ ਬੰਦ ਲਾਰੈਂਸ ਗੈਂਗ ਦੇ ਗੈਂਗਸਟਰ ਸੰਪਤ ਨਹਿਰਾ ਨੇ ਗੋਗਾਮੇੜੀ ਦੀ ਹੱਤਿਆ ਦੀ ਸਾਜ਼ਿਸ਼ ਇਸ ਸਾਲ ਫਰਵਰੀ ’ਚ ਰਚੀ ਸੀ।

ਦਿੱਲੀ ਜਾਂ ਹਰਿਆਣੇ ’ਚ ਲੁਕੇ ਹੋਏ ਹਨ ਸ਼ੂਟਰ

ਦੂਜੇ ਪਾਸੇ ਰਾਜਸਥਾਨ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਗੋਗਾਮੇੜੀ ਦੀ ਹੱਤਿਆ ਕਰਨ ਵਾਲੇ ਦੋਵੇਂ ਸ਼ੂਟਰ ਦਿੱਲੀ ਜਾਂ ਹਰਿਆਣੇ ’ਚ ਸ਼ਰਨ ਲਈ ਬੈਠੇ ਹਨ। ਇਸ ਸਬੰਧੀ ਰਾਜਸਥਾਨ ਪੁਲਿਸ ਨੇ ਹਰਿਆਣਾ ਦੇ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ ਹੈ। ਹੁਣ ਤੱਕ ਦੀ ਜਾਂਚ ’ਚ ਪਤਾ ਲੱਗਿਆ ਹੈ ਕਿ ਦੋਵੇਂ ਸ਼ੂਟਰ ਜੈਪੁਰ ਤੋਂ ਰੇਲ ਰਾਹੀਂ ਡੀਡਵਾਨਾ ਪਹੁੰਚੇ ਤੇ ਇੱਥੋਂ 1500 ਰੁਪਏ ’ਚ ਟੈਕਸੀ ਕਿਰਾਏ ’ਤੇ ਲੈ ਕੇ ਸੁਜਾਨਗੜ੍ਹ ਗਏ ਸਨ, ਫਿਰ ਇੱਥੋਂ ਬੱਸ ’ਚ ਬੈਠ ਕੇ ਦਿੱਲੀ ਲਈ ਚਲੇ ਗਏ। ਪੁਲਿਸ ਟੈਕਸੀ ਡਰਾਈਵਰ ਤੱਕ ਪਹੁੰਚ ਗਈ ਹੈ ਪਰ ਉਸ ਦਾ ਨਾਂ ਜਨਤਕ ਨਹੀਂ ਕਰ ਰਹੀ।

ਤਿੰਨ ਵਾਰ ਮੰਗੀ ਪੁਲਿਸ ਸੁਰੱਖਿਆ

ਗੋਗਾਮੇੜੀ ਦੀ ਹੱਤਿਆ ਲਈ ਲਾਰੈਂਸ ਏਕੇ-47 ਦਾ ਪ੍ਰਬੰਧ ਕਰਨ ’ਚ ਜੁਟਿਆ ਸੀ। ਇਸ ਗੱਲ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਨੇ ਰਾਜਸਥਾਨ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਦਿੱਤੀ ਸੀ। ਇਸ ਤੋਂ ਬਾਅਦ ਗੋਗਾਮੇੜੀ ਨੇ ਤਿੰਨ ਵਾਰ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਸੀ। ਲਾਰੈਂਸ ਗੈਂਗ ਤੋਂ ਗੋਗਾਮੇੜੀ ਨੂੰ ਲਗਾਤਾਰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਸੀ। ਪੁਲਿਸ ਤੋਂ ਸੁਰੱਖਿਆ ਨਾ ਮਿਲਦੀ ਦੇਖ ਗੋਗਾਮੇੜੀ ਨੇ ਆਪਣੇ ਪੱਧਰ ’ਤੇ ਛੇ ਸੁਰੱਖਿਆ ਮੁਲਾਜ਼ਮ ਲਾਏ ਸਨ ਪਰ ਵਿਧਾਨ ਸਭਾ ਚੋਣਾਂ ਕਰਕੇ ਚੋਣ ਜ਼ਾਬਤਾ ਲੱਗਾ ਹੋਣ ਕਾਰਨ ਸੁਰੱਖਿਆ ਮੁਲਾਜ਼ਮਾਂ ਦੇ ਹਥਿਆਰ ਪੁਲਿਸ ਥਾਣੇ ’ਚ ਜਮ੍ਹਾਂ ਸਨ। ਖ਼ੁਦ ਗੋਗਾਮੇੜੀ ਦੇ ਹਥਿਆਰ ਵੀ ਪੁਲਿਸ ਥਾਣੇ ’ਚ ਜਮ੍ਹਾਂ ਸਨ। ਇਹੋ ਕਾਰਨ ਸੀ ਕਿ ਗੋਗਾਮੇੜੀ ਨੇ ਪੰਜ ਸੁਰੱਖਿਆ ਮੁਲਾਜ਼ਮਾਂ ਨੂੰ ਛੁੱਟੀ ’ਤੇ ਭੇਜ ਦਿੱਤਾ। ਇਕ ਸੁਰੱਖਿਆ ਮੁਲਾਜ਼ਮ ਉਸ ਦੇ ਨਾਲ ਸੀ ਪਰ ਉਸ ਕੋਲ ਹਥਿਆਰ ਨਹੀਂ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਸ਼ੂਟਰਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਸੀ। ਉਨ੍ਹਾਂ ਨੇ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਪੰਜ ਦਸੰਬਰ ਨੂੰ ਗੋਗਾਮੇੜੀ ਦੇ ਘਰ ਪਹੁੰਚ ਕੇ ਉਸ ਦੀ ਹੱਤਿਆ ਕਰ ਦਿੱਤੀ।