ਨਵੀਂ ਦਿੱਲੀ (ਏਜੰਸੀ) : ਜਹਾਜ਼ ਦੇ ਪਾਇਲਟਾਂ ਅਤੇ ਅਮਲੇ (ਸਟਾਫ ਮੈਂਬਰਾਂ) ਦੀ ਥਕਾਵਟ ਨੂੰ ਲੈ ਕੇ ਚਿੰਤਾਵਾਂ ਦਰਮਿਆਨ ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਨੇ ਫਲਾਈਟ ਦੇ ਚਾਲਕ ਦੇ ਮੈਂਬਰਾਂ ਦੀ ਸੇਵਾ ਦੇ ਨਿਯਮਾਂ ਵਿਚ ਤਬਦੀਲੀ ਦੀ ਤਜਵੀਜ਼ ਰੱਖੀ ਹੈ।
ਡੀਜੀਸੀਏ ਨੇ ਰਾਤ ਸਮੇਂ ਫਲਾਈਟ ਉਡਾਉਣ ਵਾਲੇ ਪਾਇਲਟਾਂ ਲਈ ਵੱਧ ਤੋਂ ਵੱਧ ਫਲਾਈਟ ਡਿਊਟੀ ਨੂੰ 13 ਤੋਂ ਘਟਾ ਕੇ 10 ਘੰਟੇ ਕਰਨ ਦੀ ਤਜਵੀਜ਼ ਦਿੱਤੀ ਹੈ। ਇਸ ਵਿਚ ਪਾਇਲਟਾਂ ਦੇ ਆਰਾਮ ਕਰਨ ਲਈ ਵੱਧ ਸਮਾਂ (ਰੈਸਟਿੰਗ ਟਾਈਮ) ਦੀ ਤਜਵੀਜ਼ ਹੈ। ਜਹਾਜ਼ ਦੇ ਅਮਲੇ ਦੀ ਡਿਊਟੀ ਨੂੰ ਕੰਟਰੋਲ ਕਰਨ ਵਾਲੇ ਮਾਪਦੰਡਾਂ ਵਿਚ ਕਈ ਤਬਦੀਲੀਆਂ ਕਰਨ ਦੀ ਤਜਵੀਜ਼ ਹੈ। ਤਜਵੀਜ਼ ਦੇ ਖਰੜੇ ’ਤੇ 4 ਦਸੰਬਰ ਤੱਕ ਜਨਤਾ ਤੋਂ ਪ੍ਰਤੀਕਿਰਿਆ ਮੰਗੀ ਗਈ ਹੈ।
ਬੀਤੇ ਕੁਝ ਦਿਨਾਂ ਵਿਚ ਪਾਇਲਟਾਂ ਦੀ ਥਕਾਵਟ ਦੇ ਮਾਮਲੇ ਸਾਹਮਣੇ ਆਏ ਹਨ। ਥਕਾਵਟ ਕਾਰਨ ਇੰਡੀਗੋ ਦਾ ਪਾਇਲਟ ਨਾਗਪੁਰ ਹਵਾਈ ਅੱਡੇ ’ਤੇ ਡਿੱਗ ਪਿਆ ਸੀ ਤੇ ਉਸ ਦੀ ਮੌਤ ਹੋ ਗਈ ਸੀ। ਡੀਜੀਸੀਏ ਨੇ ਰਾਤ ਸਮੇਂ ਫਲਾਈਟ ਉਡਾਉਣ ਵਾਲੇ ਪਾਇਲਟਾਂ ਲਈ ਲਗਾਤਾਰ 48 ਘੰਟੇ ਦੇ ਹਫ਼ਤਾਵਾਰੀ ਆਰਾਮ ਤੇ ਫਲਾਈਟ ਡਿਊਟੀ ਦੇ ਸਮੇਂ ਨੂੰ 10 ਘੰਟਿਆਂ ਤੱਕ ਘਟਾਉਣ ਦੀ ਤਜਵੀਜ਼ ਰੱਖੀ ਹੈ। ਏਅਰਲਾਈਨਾਂ ਦੇ ਸੰਚਾਲਨ ਮੁਖੀਆਂ ਨੂੰ ਪਿਛਲੀ ਤਿਮਾਹੀ ਦੌਰਾਨ ਥਕਾਟਵ ਬਾਰੇ ਪ੍ਰਾਪਤ ਰਿਪੋਰਟ ਤੇ ਉਸ ’ਤੇ ਕੀਤੀ ਕਾਰਵਾਈ ਬਾਰੇ ਡੀਜੀਸੀਏ ਨੂੰ ਤਿੰਨ-ਮਹੀਨਿਆਂ ਦੀ ਰਿਪੋਰਟ ਦੇਣੀ ਪਵੇਗੀ। ਇਸ ਵਿਚ ਕਿਹਾ ਗਿਆ ਹੈ ਕਿ ਪ੍ਰਬੰਧਕ ਇਹ ਯਕੀਨੀ ਬਣਾਉਣ ਕਿ ਲਗਾਤਾਰ 48 ਘੰਟਿਆਂ ਦਾ ਘੱਟੋ ਘੱਟ ਹਫ਼ਤਾਵਾਰੀ ਆਰਾਮ ਦਿੱਤਾ ਜਾਵੇ ਤਾਂ ਕਿ ਇਕ ਹਫ਼ਤਾਵਾਰੀ ਆਰਾਮ ਮੁੱਦਤ ਦੇ ਅੰਤ ਤੇ ਆਰਾਮ ਦੇ ਅਗਲੇ ਵਕਤ ਦੀ ਸ਼ੁਰੂਆਤ ਦਰਮਿਆਨ ਫ਼ਰਕ ਕਦੇ ਵੀ 163 ਘੰਟਿਆਂ ਤੋਂ ਵੱਧ ਨਾ ਹੋਵੇ। ਫ਼ਿਲਹਾਲ ਆਰਾਮ ਦਾ ਸਮਾਂ ਹਫ਼ਤੇ ਵਿਚ 36 ਘੰਟੇ ਹੁੰਦਾ ਹੈ।


