ਦੇਸ਼ ਦੀਆਂ ਸਮੱਸਿਆਵਾਂ ਵਧੀ ਜਾਂਦੀਆਂ ਹਨ ਤਾਂ ਪ੍ਰਧਾਨ ਮੰਤਰੀ ਨੂੰ ਇਸ ਦੀ ਪ੍ਰਵਾਹ ਨਹੀਂ, ਇਸ ਨਾਲੋਂ ਵੱਧ ਇਹ ਗੱਲ ਧਿਆਨ ਵਿੱਚ ਹੈ ਕਿ ਸਾਰੇ ਸੰਸਾਰ ਵਿੱਚ ਮੇਰਾ ਡੰਕਾ ਵੱਜ ਰਿਹਾ ਹੈ। ਕਦੀ ਯੋਗ ਦਾ ਨਾਂਅ ਵਰਤ ਕੇ ਸਾਰੇ ਸੰਸਾਰ ਵਿੱਚ ਭਾਰਤੀ ਦੂਤਘਰਾਂ ਵਿੱਚ ਇੱਕ ਦਿਨ ਵਾਲਾ ਕੈਂਪ ਲਾ ਕੇ ਮੋਦੀ-ਮੋਦੀ ਕਰਵਾ ਲਈ ਜਾਵੇ ਤੇ ਕਦੀ ਕੋਈ ਹੋਰ ਇਹੋ ਜਿਹਾ ਮੁੱਦਾ ਸਾਂਗ ਰਚ ਲਿਆ ਜਾਵੇ ਅਤੇ ਬਹਿਜਾ-ਬਹਿਜਾ ਹੁੰਦੀ ਰਹੇ।
ਇਹ ਕੋਈ ਸਿਆਸੀ ਪ੍ਰਪੱਕਤਾ ਨਹੀਂ, ਡੰਗ ਟਪਾਉਣ ਅਤੇ ਲੋਕ ਭੁਚਲਾਉਣ ਦੀ ਉਹ ਨੀਤੀ ਹੈ, ਜਿਹੜੀ ਸੁਖਾਵੇਂ ਸਿੱਟੇ ਕੱਢਣ ਵਾਲੀ ਨਹੀਂ। ਰਘੂਰਾਮ ਰਾਜਨ ਦੇ ਜਾਣ ਵੇਲੇ ਆਪਣੀ ਆਰਥਿਕਤਾ ਨੂੰ ਝਟਕੇ ਤੋਂ ਬਚਾਉਣ ਲਈ ਜਿਵੇਂ ਵਿਦੇਸ਼ੀ ਪੂੰਜੀ ਲਈ ਗੇਟ ਖੋਲ੍ਹੇ ਗਏ ਹਨ, ਭਾਰਤ ਲਈ ਕੁਝ ਹਫਤੇ ਬਾਅਦ ਵੱਜ ਸਕਣ ਵਾਲੇ ਕਿਸੇ ਅਣਕਿਆਸੇ ਝਟਕੇ ਦਾ ਪੜੁੱਲ ਵੀ ਤਿਆਰ ਹੋ ਗਿਆ ਜਾਪਦਾ ਹੈ। ਮਨਮੋਹਨ ਸਿੰਘ ਦੀਆਂ ਨੀਤੀਆਂ ਨੇ ਹਰਸ਼ਦ ਮਹਿਤੇ ਪੈਦਾ ਕਰ ਦਿੱਤੇ ਸਨ। ਮੋਦੀ ਦੀਆਂ ਨੀਤੀਆਂ ਉਸ ਤੋਂ ਅੱਗੇ ਦੀਆਂ ਹੋਣ ਕਰ ਕੇ ਇਨ੍ਹਾਂ ਨਾਲ ਜਿਹੋ ਜਿਹੇ ਲੋਕ ਨਿਕਲਣਗੇ, ਉਨ੍ਹਾਂ ਦਾ ਅੰਦਾਜ਼ਾ ਵਿਜੇ ਮਾਲਿਆ ਅਤੇ ਲਲਿਤ ਮੋਦੀ ਦੇ ਦੋ ਕੇਸਾਂ ਤੋਂ ਲੱਗ ਜਾਂਦਾ ਹੈ। ਉਰਦੂ ਦਾ ਸ਼ੇਅਰ ਹੈ; ‘ਇਬਤਦਾਏ ਇਸ਼ਕ ਹੈ, ਰੋਤਾ ਹੈ ਕਿਆ, ਆਗੇ-ਅਗੇ ਦੇਖੀਏ ਹੋਤਾ ਹੈ ਕਿਆ!’ ਨਰਿੰਦਰ ਮੋਦੀ ਸਰਕਾਰ ਦੀ ਵੀ ਇਹ ਕੁਰਾਹੇ ਦੀ ਸ਼ੁਰੂਆਤ ਹੈ, ਜਿਸ ਦੇ ਆਗੇ-ਆਗੇ ਦੇਖੀਏ, ਹੋਤਾ ਹੈ ਕਿਆ!