Ad-Time-For-Vacation.png

ਭਾਰਤ ਮਾਤਾ ਦਾ ਨਾਂ ਲੈ ਕੇ ਗੁਮਰਾਹ ਕਰਨ ਦੀ ਸਾਜ਼ਸ਼

ਭਾਰਤ ਮਾਤਾ ਕੌਣ ਹੈ ਅਤੇ ਕਿਹੋ ਜਿਹੀ ਦਿਸਦੀ ਹੈ, ਇਸ ਦਾ ਠੀਕ-ਠਾਕ ਉੁੱਤਰ ਸ਼ਾਇਦ ਹੀ ਕੋਈ ਇਤਿਹਾਸਕਾਰ, ਵਿਚਾਰਕ, ਫ਼ਿਲਾਸਫ਼ਰ, ਸਾਹਿਤਕਾਰ ਜਾਂ ਕੋਈ ਹੋਰ ਦੇ ਸਕੇ ਪਰ ਇਸ ਗੱਲ ਤੋਂ ਕੋਈ ਨਾਂਹ ਨਹੀਂ ਕਰ ਸਕਦਾ ਕਿ ਭਾਰਤ ਮਾਤਾ ਸ਼ਬਦ ਦਿਮਾਗ਼ ਵਿਚ ਆਉਂਦੇ ਸਾਰ ਇਕ ਮਹਿਲਾ ਦੀ ਜਿਹੜੀ ਫ਼ੋਟੋ ਦਿਮਾਗ਼ ਵਿਚ ਬਣਦੀ ਹੈ, ਉਹ ਹਿੰਦੂ ਦੇਵੀਆਂ ਨਾਲ ਮੇਲ ਖਾਂਦੀ ਹੈ ਜਿਸ ਦੇ ਚਾਰ ਹੱਥ ਹਨ, ਮੱਥੇ ਉਤੇ ਮੁਕਟ ਹੈ, ਉਹ ਕੇਸਰੀ ਜਾਂ ਸਫ਼ੈਦ ਸਾੜੀ ਪਹਿਨਦੀ ਹੈ, ਸ਼ੇਰ ਉਤੇ ਸਵਾਰ ਹੈ ਅਤੇ ਉਸ ਦਾ ਇਕ ਹੱਥ ਆਸ਼ੀਰਵਾਦ ਦੇਣ ਦੀ ਕਿਰਿਆ ਵਿਚ ਹੈ।

ਹਿੰਦੂ ਦੇਵੀਆਂ ਦੁਰਗਾ, ਪਾਰਵਤੀ, ਸਸਰਸਵਤੀ ਅਤੇ ਲਕਸ਼ਮੀ ਦਾ ਮਿਸ਼ਰਣ ਜਾਪਦੀ ਭਾਰਤ ਮਾਤਾ ਦੇ ਹੱਥ ਵਿਚ ਤ੍ਰਿਸ਼ੂਲ ਦੀ ਥਾਂ ਤਿਰੰਗਾ ਝੰਡਾ ਹੈ ਪਰ ਉਸ ਦੇ ਗਹਿਣੇ, ਜਿਵੇਂ ਗਲੇ ਦਾ ਹਾਰ, ਪਰੰਪਰਾਗਤ ਹਿੰਦੂ ਦੇਵੀਆਂ ਵਰਗਾ ਹੈ।ਯਾਨੀ ਭਾਰਤ ਮਾਤਾ ਹਿੰਦੂਤਵ ਦੀ ਪ੍ਰਤੀਨਿਧਤਾ ਕਰਦੀ ਇਕ ਆਕ੍ਰਿਤੀ (ਮੂਰਤੀ, ਸ਼ਕਲ, ਰੂਪ) ਹੈ ਜਿਸ ਦੇ ਕੁੱਝ ਮੰਦਰ ਵੀ ਦੇਸ਼ ਵਿਚ ਹਨ।

ਭਾਰਤ ਮਾਤਾ ਕੀ ਜੈ ਅਤੇ ਹਰ ਹਰ ਮਹਾਂਦੇਵ ਅਤੇ ਜੈ ਜੈ ਸ੍ਰ੍ਰੀ ਰਾਮ ਜਾਂ ਫਿਰ ਰਾਧੇ ਰਾਧੇ ਕਹਿਣ ਵਿਚ ਸੰਵਿਧਾਨਕ ਤੌਰ ‘ਤੇ ਕੋਈ ਖ਼ਾਸ ਫ਼ਰਕ ਮਾਨਸਕ ਜਾਂ ਵਿਚਾਰਕ ਪੱਧਰ ‘ਤੇ ਨਹੀਂ ਪੈਂਦਾ, ਸਿਵਾਏ ਇਸ ਦੇ ਕਿ ਭਾਰਤ ਮਾਤਾ ਦਾ ਜ਼ਿਕਰ ਕਿਧਰੇ ਵੇਦਾਂ, ਪੁਰਾਣਾਂ ਜਾਂ ਦੂਜੇ ਧਰਮ-ਗ੍ਰੰਥਾਂ ਵਿਚ ਨਹੀਂ ਮਿਲਦਾ, ਨਾ ਹੀ ਘਰਾਂ ਵਿਚ ਉਸ ਦੀ ਧਾਰਮਕ ਤੌਰ ‘ਤੇ ਪੂਜਾ ਹੁੰਦੀ ਹੈ। ਉਸ ਲਈ ਵਰਤ ਵੀ ਨਹੀਂ ਰਖਿਆ ਜਾਂਦਾ, ਨਾ ਹੀ ਦਾਨ ਦਛਣਾ ਦਾ ਹਾਲੇ ਤਕ ਕੋਈ ਵਿਧਾਨ ਹੈ। ਸਿੱਧੇ ਤੌਰ ‘ਤੇ ਕਿਹਾ ਜਾਵੇ ਤਾਂ ਭਾਰਤ ਮਾਤਾ ਇਕ ਕਲਪਿਤ ਉਪਜ ਹੈ ਜਿਸ ਦਾ ਇਕ ਵਿਸ਼ੇਸ਼ ਉਦੇਸ਼ ਆਜ਼ਾਦੀ/ਸੁਤੰਤਰਤਾ ਅੰਦੋਲਨ ਦੇ ਸਮੇਂ ਸੀ। ਉਸ ਦੀ ਜੈ ਬੋਲਣ ਦੀ ਆਦਤ ਭਾਰਤੀਆਂ ਖ਼ਾਸ ਤੌਰ ‘ਤੇ ਹਿੰਦੂਆਂ ਨੂੰ ਪਏ ਨੂੰ ਲਗਭਗ 150 ਸਾਲ ਹੋ ਚੁੱਕੇ ਹਨ। ਦੋ ਟੁੱਕ ਕਿਹਾ ਜਾਵੇ ਤਾਂ ਭਾਰਤ ਮਾਤਾ ਦੀ ਜੈ ਬੋਲਣਾ ਕਿਸੇ ਤਰ੍ਹਾਂ ਦੀ ਧਾਰਮਕ ਜਾਂ ਸੰਵਿਧਾਨਕ ਮਜਬੂਰੀ ਨਹੀਂ ਹੈ, ਇਸ ਲਈ ਇਸ ਮੁੱਦੇ ‘ਤੇ ਕਦੇ ਝਗੜਾ, ਹਿੰਸਾ ਜਾਂ ਦੰਗੇ ਨਹੀਂ ਹੋਏ। ਲੋਕ ਹਾਲੇ ਤਕ ਇਹੀ ਸਮਝਦੇ ਰਹੇ ਸਨ ਕਿ ਭਾਰਤ ਮਾਤਾ ਇਸ ਭੂ-ਭਾਗ ਦੀ ਨਕਸ਼ਾਈ ਆਕ੍ਰਿਤੀ ਹੈ ਜਿਸ ਵਿਚ ਅਸੀਂ ਰਹਿੰਦੇ ਹਾਂ ਅਤੇ ਉਸ ਦੇ ਪ੍ਰਤੀ ਅਹਿਸਾਨਮੰਦ ਰਹਿੰਦੇ ਹਾਂ ਕਿਉਂਕਿ ਅਸੀਂ ਇਸ ਧਰਤੀ ਅਤੇ ਦੇਸ਼ ਵਿਚ ਪੈਦਾ ਹੋਏ ਹਾਂ।

ਪਰ ਹੁਣ ਕਿਸੇ ਵੀ ਸਮੇਂ, ਦੰਗੇ ਹੋਣ ਦੇ ਸ਼ੰਕੇ ਤੋਂ ਕੋਈ ਨਾਂਹ ਨਹੀਂ ਕਰ ਰਿਹਾ। ਕਾਰਨ, ਭਾਰਤ ਮਾਤਾ ਨੂੰ ਸਿੱਧੇ ਸਿੱਧੇ ਹਿੰਦੂ ਧਰਮ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਅਤੇ ਸਾਜ਼ਸ਼ਾਂ ਸ਼ੁਰੂ ਹੋ ਗਈਆਂ ਹਨ। ਦੇਸ਼ ਅਤੇ ਧਰਮ ਵੱਖ-ਵੱਖ ਸ਼ਬਦ ਹਨ ਜਿਨ੍ਹਾਂ ਦੇ ਅਰਥ ਵੀ ਵਖਰੇ ਹਨ। ਦੇਸ਼ ਵਿਚ ਸੱਭ ਕੁੱਝ ਸ਼ਾਮਲ ਹੈ, ਸਾਰੇ ਧਰਮ, ਜਾਤਾਂ, ਸਮੂਹ ਅਤੇ ਲੋਕ ਪਰ ਇਸ ਦੇ ਉਲਟ ਧਰਮ ਸੁੰਗੜਿਆ ਹੁੰਦਾ ਹੈ। ਉਸ ਵਿਚ ਕੁੱਝ ਖ਼ਾਸ ਕਿਸਮ ਦੇ ਲੋਕ ਹੁੰਦੇ ਹਨ ਜਿਨ੍ਹਾਂ ਦੇ ਅਪਣੇ ਉਦੇਸ਼ ਅਤੇ ਲਾਲਚ ਹੁੰਦੇ ਹਨ। ਆਜ਼ਾਦੀ ਤੋਂ ਬਾਅਦ ਲੋਕਤੰਤਰ ਦੀ ਕਾਇਮੀ ਹੋਈ ਜਿਸ ਵਿਚ ਫ਼ੌਰੀ ਤੌਰ ‘ਤੇ ਇਹ ਕਿਹਾ ਗਿਆ ਕਿ ਦੇਸ਼ ਸੱਭ ਦਾ ਹੈ ਅਤੇ ਸੰਵਿਧਾਨ ਧਰਮ ਦੇ ਆਧਾਰ ‘ਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦਾ। ਦੇਸ਼ ‘ਤੇ ਸੱਭ ਦਾ ਬਰਾਬਰ ਦਾ ਹੱਕ/ ਅਧਿਕਾਰ ਹੈ ਵਗ਼ੈਰਾ ਵਗ਼ੈਰਾ।

ਪਰ ਅਜਿਹਾ ਹੈ ਨਹੀਂ ਭਾਰਤ ਮਾਤਾ ਅਤੇ ਉਸ ਦੀ ਜੈ ਹੁਣ ਝਗੜਿਆਂ ਵਿਚ ਹੈ ਜਿਸ ਦੀ ਸ਼ੁਰੂਆਤ ਦਰਅਸਲ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਜੇ. ਐਨ. ਯੂ. ਰੌਲਾ-ਰੱਪਾ ਪੈਣ ਤੋਂ ਬਾਅਦ ਤਿੰਨ ਮਾਰਚ ਨੂੰ ਇਹ ਕਹਿੰਦੇ ਹੋਏ ਕੀਤੀ ਸੀ ਕਿ ਹੁਣ ਸਾਰਿਆਂ ਨੂੰ ਭਾਰਤ ਮਾਤਾ ਦੀ ਜੈ ਬੋਲਣਾ ਸਿਖਣਾ ਹੋਵੇਗਾ।

ਇਸ ਗੱਲ ਵਿਚ ਖੋਟ ਅਤੇ ਬਦਨੀਤੀ ਸ਼ਾਮਲ ਸੀ। ਇਸ ਨੂੰ ਬੀਤੀ 14 ਮਾਰਚ ਨੂੰ ਆਲ ਇੰਡੀਆ ਮਜਲਿਸੇ ਇਤਿਹਾਦੁਲ ਮੁਸਲਮੀਨ ਯਾਨੀ ਏ.ਆਈ.ਐਮ.ਆਈ.ਐਮ. ਦੇ ਮੁਖੀ ਅਸਾਦੁਦੀਨ ਉਵੈਸੀ ਨੇ ਮਹਾਂਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੀ ਤਹਿਸੀਲ ਉਦਗੀਰ ਦੀ ਇਕ ਜਨਤਕ ਸÎਭਾ ਵਿਚ ਇਹ ਕਹਿ ਕੇ ਉਜਾਗਰ ਕੀਤਾ ਕਿ ਉਹ ਕਦੇ ਵੀ ਭਾਰਤ ਮਾਤਾ ਦੀ ਜੈ ਨਹੀਂ ਬੋਲਣਗੇ ਭਾਵੇਂ ਇਸ ਲਈ ਕੋਈ ਉਨ੍ਹਾਂ ਦੀ ਗਰਦਨ ਉਤੇ ਛੁਰੀ ਵੀ ਰੱਖ ਦੇਵੇ। ਇਹ ਇਕ ਕੱਟੜਵਾਦੀ ਦੀ ਦੂਜੇ ਕੱਟੜਵਾਦੀ ਨੂੰ ਦਿਤੀ ਗਈ ਨਸੀਹਤ ਹੀ ਸੀ। ਉਵੈਸੀ ਨੇ ਮੋਹਨ ਭਾਗਵਤ ਨੂੰ ਚੁਨੌਤੀ ਵੀ ਇਹ ਕਹਿੰਦੇ ਹੋਏ ਦਿਤੀ ਕਿ ਮੈਂ ਭਾਰਤ ਮਾਤਾ ਦੀ ਜੈ ਨਹੀਂ ਬੋਲਾਂਗਾ, ਤੁਸੀਂ ਕੀ ਕਰ ਲਵੋਗੇ ਭਾਗਵਤ ਸਾਹਿਬ? ਸੰਵਿਧਾਨ ਵਿਚ ਕਿਥੇ ਲਿਖਿਆ ਹੈ ਕਿ ਸਭਨਾਂ ਨੂੰ ਭਾਰਤ ਮਾਤਾ ਦੀ ਜੈ ਬੋਲਣਾ ਪਵੇਗਾ? ਉਵੈਸੀ ਇਹ ਦੱਸਣ ਵਿਚ ਕਾਮਯਾਬ ਰਹੇ ਕਿ ਦੇਸ਼ ਨੂੰ ਕੱਟੜ ਹਿੰਦੂਵਾਦੀ ਹੱਕ ਰਹੇ ਹਨ ਅਤੇ ਅਪਣੀ ਗੱਲ ਮੜ੍ਹਦੇ ਹੋਏ ਉਹ ਸੰਵਿਧਾਨ ਦੀ ਵੀ ਅਣਦੇਖੀ ਕਰ ਰਹੇ ਹਨ। ਅੱਜ ਭਾਰਤ ਮਾਤਾ ਦੀ ਜੈ ਬੋਲਣ ਦੀ ਧੌਂਸ ਦਿਤੀ ਜਾ ਰਹੀ ਹੈ ਤਾਂ ਕਲ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਗੰਗਾ ਅਤੇ ਗਊਮਾਤਾ ਦੀ ਵੀ ਜੈ ਬੋਲੋ। ਪ੍ਰਸੰਗਵੱਸ ਗਾਂ ਦੇ ਮਾਮਲੇ ਵਿਚ ਅਜਿਹਾ ਹੋ ਵੀ ਰਿਹਾ ਹੈ।

ਮੋਹਨ ਭਾਗਵਤ ਅਤੇ ਅਸਾਦੁਦੀਨ ਉਵੈਸੀ ਦੋਹਾਂ ਦੀਆਂ ਗੱੱਲਾਂ ਦਰਅਸਲ ਦੇਸ਼ ਦਾ ਮਾਹੌਲ ਵਿਗਾੜਨ ਵਾਲੀਆਂ ਸਨ। ਛੇਤੀ ਹੀ ਇਨ੍ਹਾਂ ਦਾ ਅਸਰ ਵਿਖਾਈ ਦਿਤਾ ਅਤੇ ਭਜਭਜ ਮੰਡਲੀ ਨੇ ਇਕਜੁਟ ਹੋ ਕੇ ਉਵੈਸੀ ਉਤੇ ਚੜ੍ਹਾਈ ਕਰ ਦਿਤੀ-ਕਿਉਂਕਿ ਇਸ ਵਾਰੀ ਗੱਲ ਸਿੱਧੇ ਤੌਰ ‘ਤੇ ਹਿੰਦੂਤਵ ਦੀ ਨਹੀਂ, ਸਗੋਂ ਦੇਸ਼ ਦੀ ਸੀ, ਇਸ ਲਈ ਸਾਰਿਆਂ ਨੇ ਉਵੈਸੀ ਨੂੰ ਘੇਰਿਆ। ਪਹਿਲਾ ਬਿਆਨ ਇਕਦਮ ਸ਼ਿਵਸੈਨਾ ਵਲੋਂ ਆਇਆ ਕਿ ਉਵੈਸੀ ਜੇ ਭਾਰਤ ਮਾਤਾ ਦੀ ਜੈ ਨਹੀਂ ਬੋਲ ਸਕਦੇ ਤਾਂ ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਉਸ ਦੇ ਇਕ ਵੱਡੇ ਲੀਡਰ ਰਾਮਦਾਸ ਕਦਮ ਨੇ ਕਿਹਾ ਕਿ ਉਵੈਸੀ ਭਾਰਤ ਵਿਚ ਰਹਿਣ ਦੇ ਲਾਇਕ ਹੀ ਨਹੀਂ ਕਿਉਂਕਿ ਉਹ ਦੇਸ਼ ਦਾ ਸਨਮਾਨ ਕਰਨਾ ਨਹੀਂ ਜਾਣਦੇ ਜਿਸ ਨੇ ਉਨ੍ਹਾਂ ਨੂੰ ਏਨਾ ਕੁੱਝ ਦਿਤਾ ਹੈ।

ਸ਼ਿਵ ਸੈਨਾ ਇਹ ਜਤਾਉਣ ਦੀ ਕੋਸ਼ਿਸ਼ ਕਰਦੀ ਰਹੀ ਕਿ ਦਰਅਸਲ ਹਿੰਦੂਤਵ ਅਤੇ ਭਾਰਤੀਅਤਾ ਕੋਈ ਵੱਖ-ਵੱਖ ਗੱਲਾਂ ਨਹੀਂ ਹਨ। ਇਸ ਨੂੰ ਉਲਟ ਕੇ ਵੇਖੀਏ ਤਾਂ ਸਿੱਟਾਂ ਇਹ ਨਿਕਲਦਾ ਹੈ ਕਿ ਭਾਰਤੀ ਉਹੀ ਹੈ ਜੋ ਹਿੰਦੂ ਹੈ। ਇਸ ਲਈ ਏ.ਆਈ.ਐਮ.ਆਈ.ਐਮ. ਦਾ ਬੁਲਾਰਾ ਅਤੇ ਵਿਧਾਇਕ ਵਾਰਿਸ ਪਠਾਣ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸ਼ਿਵ ਸੈਨਾ ਹੁੰਦੀ ਕੌਣ ਹੈ ਉਨ੍ਹਾਂ ਦੇ ਲੀਡਰਾਂ ਨੂੰ ਪਾਕਿਸਤਾਨ ਜਾਣ ਲਈ ਕਹਿਣ ਵਾਲੀ? ਉਹ ਭਾਰਤ ਦੇ ਨਿਵਾਸੀ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਦੇਸ਼ ਛੱਡਣ ਲਈ ਮਜਬੂਰ ਨਹੀਂ ਕਰ ਸਕਦਾ। ਬਾਅਦ ਵਿਚ ਵਾਰਸ ਪਠਾਣ ਨੂੰ ਭਾਰਤ ਮਾਤਾ ਦੀ ਜੈ ਨਾ ਬੋਲਣ ਕਾਰਨ ਮਹਾਂਰਾਸ਼ਟਰ ਦੀ ਵਿਧਾਨ ਸਭਾ ‘ਚੋਂ ਕੱਢ ਦਿਤਾ ਗਿਆ ਸੀ। ਇਸ ਵਿਚ ਕਾਂਗਰਸ ਅਤੇ ਐਨ.ਸੀ.ਪੀ. ਵੀ ਹਿੰਦੂਵਾਦੀ ਭਾਜਪਾ ਅਤੇ ਸ਼ਿਵ ਸੈਨਾ ਸਰਕਾਰ ਨਾਲ ਖੜੀ ਵਿਖਾਈ ਦਿਤੀ ਸੀ। ਇਨ੍ਹਾਂ ਗੱਲਾਂ ਦੇ ਵੀ ਅਪਣੇ ਮਤਲਬ ਸਨ ਪਰ ਭਾਰਤ ਮਾਤਾ ਦੀ ਜੈ ਬੋਲੇ ਜਾਣ ਲਈ ਕਿਸੇ ਨੂੰ ਮਜਬੂਰ ਕੀਤਾ ਜਾਵੇ ਜਾਂ ਨਹੀਂ, ਇਸ ਉਤੇ ਸਾਰੇ ਦੇਸ਼ ਵਿਚ ਬਹਿਸ ਛਿੜ ਗਈ। ਦਿਲਚਸਪ ਗੱਲ ਇਹ ਸੀ ਕਿ ਇਸ ਵਿਚ ਤਥਾਕਥਿਤ ਉਨਤੀਸ਼ੀਲ ਮੁਸਲਮਾਨ ਅਤੇ ਕਥਿਤ ਉਦਾਰਵਾਦੀ ਹਿੰਦੂਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਦੋਹਾਂ ਵਰਗਾਂ ਦੇ ਬੁੱਧੀਜੀਵੀਆਂ ਨੇ ਅਲੱਗ-ਅਲੱਗ ਗੱਲਾਂ ਆਖੀਆਂ। ਸੰਸਦ ਵਿਚ ਗੀਤਕਾਰ ਜਾਵੇਦ ਅਖ਼ਤਰ ਵੀ ਅਪਣੇ ਲੰਮੇ-ਚੌੜੇ ਜਜ਼ਬਾਤੀ ਭਾਸ਼ਨ ਵਿਚ ਦੇਸ਼ ਪਿਆਰ ਵਿਖਾਉਂਦੇ ਹੋਏ ਤਿੰਨ ਵਾਰ ਭਾਰਤ ਮਾਤਾ ਦੀ ਜੈ ਬੋਲੇ। ਉਨ੍ਹਾਂ ਅਨੁਸਾਰ, ਭਾਰਤ ਮਾਤਾ ਦੀ ਜੈ ਬੋਲਣਾ ਕੋਈ ਹਰਜ ਜਾਂ ਨੁਕਸਾਨ ਵਾਲੀ ਗੱਲ ਨਹੀਂ। ਜਾਵੇਦ ਦੀ ਹੀਰੋਇਨ ਪਤਨੀ ਸ਼ਬਾਨਾ ਆਜ਼ਮੀ ਨੇ ਵੀ ਉਵੈਸੀ ‘ਤੇ ਵਿਅੰਗ ਕੀਤਾ, ”ਕਿਆ ਵੋਹ ਭਾਰਤ ਅੰਮੀ ਕੀ ਜੈ ਬੋਲੇਂਗੇ?”

ਦੇਸ਼ ਦੇ ਆਮ ਲੋਕਾਂ ਨੂੰ ਵੀ ਗੱਲ ਦਾ ਅਸਲ ਮੰਤਵ ਸਮਝ ਨਹੀਂ ਆਇਆ ਜਿਹੜੇ ਇਹ ਮੰਨ ਕੇ ਚੱਲ ਰਹੇ ਸਨ ਕਿ ਇਹ ਕੋਈ ਖ਼ਾਸ ਗੱਲ ਨਹੀਂ, ਦੇਸ਼ ਭਗਤੀ ਦੀ ਗੱਲ ਹੈ, ਇਸ ਲਈ ਭਾਰਤ ਮਾਤਾ ਦੀ ਜੈ ਬੋਲਣਾ ਹਰ ਭਾਰਤੀ ਦਾ ਫ਼ਰਜ਼ ਹੈ। ਇਸ ਲਈ ਸੋਸ਼ਲ ਮੀਡੀਆ ਉਤੇ ਭਾਰਤ ਮਾਤਾ ਦੀ ਜੈ ਦੇ ਨਾਹਰੇ ਲੱਗਣ ਲਗੇ। ਥਾਂ-ਥਾਂ ਪ੍ਰਦਰਸ਼ਨ ਹੋਏ ਅਤੇ ਇਸ ਗੱਲ ਦੇ ਪੱਖ ਵਿਰੋਧ ਵਿਚ ਸਭਨਾਂ ਨੇ ਅਪਣੀ ਰਾਇ ਰੱਖੀ। ਇਕ ਵਰਗ ਦਾ ਮੰਨਣਾ ਸੀ ਕਿ ਜਦ ਸੰਵਿਧਾਨ ਵਿਚ ਨਹੀਂ ਕਿਹਾ ਗਿਆ ਤਾਂ ਕਿਉਂ ਮੁਸਲਮਾਨਾਂ ਨੂੰ ਜੈ ਬੋਲਣ ਨੂੰ ਮਜਬੂਰ ਕੀਤਾ ਜਾਵੇ? ਉਹ ਭਾਰਤ ਮਾਤਾ ਦੀ ਜੈ ਨਾ ਵੀ ਬੋਲਣ ਤਾਂ ਕਿਥੋਂ ਦਾ ਪਹਾੜ ਡਿਗ ਰਿਹਾ ਹੈ।

ਮਾਹੌਲ ਵਿਗੜਦਾ ਵੇਖ ਕੇ ਮੋਦੀ ਮੰਤਰੀ ਮੰਡਲ ਦੇ ਹੋਣਹਾਰਾਂ ਅਰੁਣ ਜੇਤਲੀ, ਰਾਜਨਾਥ ਸਿੰਘ ਅਤੇ ਵੈਂਕਈਆ ਨਾਇਡੂ ਨੇ ਵੀ ਭਾਰਤ ਮਾਤਾ ਦੀ ਜੈ ਬੋਲਣ ਦੀ ਵਕਾਲਤ ਕੀਤੀ ਤਾਂ ਸਾਫ਼ ਲੱਗਾ ਕਿ ਇਸ ਝਗੜੇ ਦੇ ਚਾਰ ਦਿਨ ਪਹਿਲਾਂ ਹੀ ਭਾਜਪਾ ਮੁਖੀ ਅਮਿਤ ਸ਼ਾਹ ਨੇ ਆਰ.ਐਸ.ਐਸ. ਨੂੰ ਗ਼ਲਤ ਨਹੀਂ ਦਸਿਆ ਸੀ ਕਿ ਭਾਜਪਾ ਕਿਵੇਂ ਉਸ ਦੇ ਏਜੰਡੇ ਦਾ ਪ੍ਰਚਾਰ-ਪ੍ਰਸਾਰ ਕਰ ਰਹੀ ਹੈ ਅਤੇ ਉਸ ਨੂੰ ਅਮਲੀ ਜਾਮਾ ਪਹਿਨਾ ਰਹੀ ਹੈ।

‘ਇਸ ਦੇਸ਼ ਵਿਚ ਜੇਕਰ ਰਹਿਣਾ ਹੋਵੇਗਾ ਤਾਂ ਵੰਦੇ ਮਾਤਰਮ ਕਹਿਣਾ ਹੋਵੇਗਾ’ ਨਾਹਰੇ ਦਾ ਨਵਾਂ ਸੰਸਕਰਣ ‘ਭਾਰਤ ਮਾਤਾ ਦੀ ਜੈ ਬੋਲਣਾ ਪਵੇਗਾ’, ‘ਜੈ ਸ਼੍ਰੀਰਾਮ ਹੋ ਗਿਆ ਕਾਮ’ ਦੀ ਤਰਜ਼ ਉਤੇ ਦੇਸ਼ ਦਾ ਮਾਹੌਲ ਅੰਦਰੂਨੀ ਤੌਰ ‘ਤੇ ਪਾਗਲਪਨ ਹੋ ਗਿਆ ਤਾਂ ਪਾਂਡੇ-ਪੁਜਾਰੀਆਂ, ਮੌਲਵੀਆਂ ਅਤੇ ਕੱਟੜਵਾਦੀ ਜਥੇਬੰਦੀਆਂ ਦੀਆਂ ਵਾਛਾਂ ਖਿੜ ਗਈਆਂ ਕਿਉਂਕਿ ਜੋ ਉਹ ਚਾਹੁੰਦੇ ਹਨ, ਉਹ ਬੜੇ ਸਲੀਕੇ ਨਾਲ ਹੋਇਆ ਹੈ।

ਮੁਸਲਿਮ ਧਰਮ ਗੁਰੂਆਂ ਨੇ ਤਾਂ ਭਾਰਤ ਮਾਤਾ ਦੀ ਜੈ ਬੋਲਣ ਨੂੰ ਇਸਲਾਮ ਦੇ ਬੁਨਿਆਦੀ ਅਸੂਲਾਂ ਵਿਰੁਧ ਦਸਿਆ ਹੀ ਪਰ ਹੈਰਾਨੀ ਉਸ ਸਮੇਂ ਹੋਈ ਜਦ ਸਿੱਖਾਂ ਨੇ ਵੀ ਇਸ ਦੀ ਰੀਸ ਕੀਤੀ। ਇਕ ਬੇਵਜ੍ਹਾ ਦੇ ਮੁੱਦੇ ‘ਤੇ ਧਰਮ ਗੁਰੂਆਂ ਦੀ ਰਾਇ ਅਹਿਮ ਹੋ ਗਈ, ਜਿਵੇਂ ਕਿ ਮਸਲਾ ਧਰਮ ਦਾ ਹੋਵੇ, ਰਾਸ਼ਟਰ ਦਾ ਨਹੀਂ।

ਭੋਪਾਲ ਵਿਚ ਇਕ ਜੈਨ ਮੁਨੀ ਨੇ ਅਪਣੇ ਦੈਨਿਕ ਪ੍ਰਵਚਨਾਂ ਵਿਚ ਭਾਰਤ ਮਾਤਾ ਕੀ ਜੈ ਬੋਲਣ ਦੀ ਹਮਾਇਤ ਕੀਤੀ ਤਾਂ ਇਸ ਦਾ ਇਕੱਲਾ ਕਾਰਨ ਇਹੋ ਸੀ ਕਿ ਧਾਰਮਕ ਪਖੰਡਾਂ ਦੇ ਮਾਮਲੇ ਵਿਚ ਜੈਨ ਧਰਮ ਹਿੰਦੂ ਧਰਮ ਦੇ ਕਾਫ਼ੀ ਨੇੜੇ ਹੈ। ਜੈਨ ਅਤੇ ਇਸਲਾਮ ਦੇ ਧਾਰਮਕ ਸਿਧਾਂਤ ਮੇਲ ਨਹੀਂ ਖਾਂਦੇ ਵਰਨਾ ਕਿਸੇ ਧਰਮ ਗੁਰੂ ਦਾ ਇਸ ਮੁੱਦੇ ‘ਤੇ, ਜੋ ਸੰਵੇਦਨਸ਼ੀਲ ਹੁੰਦਾ ਜਾ ਰਿਹਾ ਹੋਵੇ, ਬੋਲਣਾ ਗ਼ੈਰ ਜ਼ਰੂਰੀ ਗੱਲ ਸੀ।

ਦੇਸ਼ ਬਨਾਮ ਧਰਮ: ਕੱਟੜ ਹਿੰਦੂਵਾਦੀਆਂ ਦਾ ਨਾਹਰਾ ਅਤੇ ਮਨਸ਼ਾ ਸ਼ੁਰੂ ਤੋਂ ਹੀ ਸਪੱਸ਼ਟ ਹੈ, ਉਹ ਹੈ ‘ਹਿੰਦੀ, ਹਿੰਦੂ ਤੇ ਹਿੰਦੂਸਤਾਨ’। ਹਿੰਦੂਵਾਦੀ ਜਥੇਬੰਦੀਆਂ ਦੀ ਨਜ਼ਰ ਵਿਚ ਹਿੰਦੂਤਵ ਇਕ ਜੀਵਨਸ਼ੈਲੀ ਅਤੇ ਪਧਤੀ (ਢੰਗ, ਕਾਰਜ ਵਿਧੀ, ਵਿਧਾਨ, ਰਿਵਾਜ) ਹੈ ਜਿਸ ਨੂੰ ਲਾਗੂ ਕੀਤੇ ਜਾਣ ‘ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਅਤੇ ਜਿਸ ਨੂੰ ਇਤਰਾਜ਼ ਹੈ, ਉਹ ਦੇਸ਼ ਛੱਡ ਕੇ ਚਲਾ ਜਾਵੇ। ਇਹ ਵਿਆਖਿਆ ਦਰਅਸਲ ਦਾਮੋਦਰ ਸਾਵਰਕਰ ਦੀ ਦਿਤੀ ਹੋਈ ਹੈ ਜੋ ਚਾਹੁੰਦੇ ਸਨ ਕਿ ਦੇਸ਼ ਦਾ ਨਾਂ ਸੰਵਿਧਾਨਕ ਤੌਰ ‘ਤੇ ਹਿੰਦੂਸਤਾਨ ਹੋਵੇ ਜਿਸ ਨੂੰ ਹੁਣ ਹਿੰਦੂਵਾਦੀ ਸੰਗਠਨ ਖੁਲ੍ਹ ਕੇ ਅਪਣਾਅ ਰਹੇ ਹਨ। ਆਜ਼ਾਦੀ ਦੀ ਲੜਾਈ ਦੌਰਾਨ ਮਹਾਤਮਾ ਗਾਂਧੀ ਨੇ ਭਾਰਤ ਮਾਤਾ ਦੀ ਜੈ ਦੇ ਨਾਹਰੇ ਲਾਏ ਸਨ ਅਤੇ 1936 ਵਿਚ ਉਨ੍ਹਾਂ ਨੇ ਵਾਰਾਣਸੀ ਸਥਿਤ ਹਿੰਦੂ ਵਿਸ਼ਵਿਦਿਆਲਯਾ ਵਿਚ ਭਾਰਤ ਮਾਤਾ ਮੰਦਰ ਦਾ ਉਦਘਾਟਨ ਵੀ ਕੀਤਾ ਸੀ। ਇਹ ਵਿਚਾਰਕ ਮਤਭੇਦ ਅਜਿਹੇ ਸਮੇਂ ਫੁੱਟ ਰਹੇ ਹਨ ਜਦ ਦੇਸ਼ ਨੂੰ ਆਰਥਕ ਤਰੱਕੀ, ਰੁਜ਼ਗਾਰ ਅਤੇ ਵਿਗਿਆਨ ਦੀ ਲੋੜ ਹੈ ਪਰ ਹੋ ਇਕਦਮ ਉਲਟ ਰਿਹਾ ਹੈ, ਗੱਲਾਂ, ਬਹਿਸਾਂ ਅਤੇ ਮੁੱਦੇ ਧਰਮ ਦੇ ਆਲੇ-ਦੁਆਲੇ ਸਮੇਟੇ ਜਾ ਰਹੇ ਹਨ। ਭਾਰਤ ਮਾਤਾ ਨਵਾਂ ਬਹਾਨਾ ਹੈ ਜਿਸ ਦੇ ਜ਼ਰੀਏ ਪਾਂਡੇ-ਪੁਜਾਰੀਆਂ ਨੂੰ ਰੁਜ਼ਗਾਰ ਅਤੇ ਇਕ ਨਵਾਂ ਪ੍ਰੋਡਕਟ ਦੇਣ ਦੀ ਸ਼ੁਰੂਆਤ ਹੋ ਚੁੱਕੀ ਹੈ।

ਦੇਸ਼ ਸ਼ੁਰੂ ਤੋਂ ਹੀ ਦੇਵੀ-ਦੇਵਤਿਆਂ ਅਤੇ ਮਾਤਾਵਾਂ ਦਾ ਰਿਹਾ ਹੈ ਅਤੇ ਅੱਜ ਵੀ ਹੈ। 33 ਕਰੋੜ ਦੇਵੀ ਦੇਵਤਿਆਂ ਦੇ ਟੱਬਰ ਵਿਚੋਂ ਇਕ ਨਵੀਂ ਦੇਵੀ ਜਾਂ ਮਾਤਾ ਸ਼ਾਮਲ ਹੋ ਰਹੀ ਹੈ ਯਾਨੀ ਨਫ਼ਰਤ ਦੇ ਬੀਜ ਵੱਡੀ ਮਾਤਰਾ ਵਿਚ ਬੀਜੇ ਜਾ ਰਹੇ ਹਨ। ਪਸ਼ੂ-ਪੰਛੀ, ਸਬਜ਼ੀ ਅਤੇ ਫੱਲ ਤਕ ਹਿੰਦੂ-ਮੁਸਲਮਾਨਾਂ ਵਿਚ ਵੰਡ ਦਿਤੇ ਗਏ ਹਨ। ਦਿਸ਼ਾਵਾਂ ਅਤੇ ਪੂਜਾ ਪਧਤੀਆਂ ਤਾਂ ਪਹਿਲਾਂ ਤੋਂ ਹੀ ਵੰਡੀਆਂ ਹੋਈਆਂ ਸਨ। ਰਾਸ਼ਟਰ ਭਗਤੀ ਦੀਆਂ ਨਵੀਆਂ-ਨਵੀਆਂ ਪਰਿਭਾਸ਼ਾਵਾਂ ਘੜੀਆਂ ਜਾ ਰਹੀਆਂ ਹਨ। ਘਨਈਆ ਕੁਮਾਰ ਰਾਸ਼ਟਰ ਧ੍ਰੋਹੀ ਕਰਾਰ ਦਿਤਾ ਜਾਂਦਾ ਹੈ ਕਿਉਂਕਿ ਉਹ ਹਿੰਦੂਵਾਦੀਆਂ ਦੀ ਅਸਲੀ ਮਨਸ਼ਾ ਉਤੇ ਵਿਚਾਰਕ ਸੱਟ ਮਾਰਦਾ ਹੈ।

ਰਾਸ਼ਟਰ ਭਗਤੀ ਦੇ ਪੈਮਾਨੇ ‘ਤੇ ਮੁਸਲਮਾਨ ਕਿਧਰੇ ਫ਼ਿੱਟ ਨਹੀਂ ਬੈਠਦੇ। ਇਸ ਲਈ ਉਹ ਸੁਭਾਵਕ ਰੂਪ ਵਿਚ ਦੇਸ਼ ਧ੍ਰੋਹੀ ਮੰਨੇ ਜਾਂਦੇ ਹਨ ਅਤੇ ਹੁਣ ਤਾਂ ਉਹ ਭਾਰਤ ਮਾਤਾ ਦੀ ਜੈ ਬੋਲਣ ਤੋਂ ਨਾਂਹ ਕਰ ਰਹੇ ਹਨ ਕਿਉਂਕਿ ਪ੍ਰਾਪਤ ਸਬੂਤ ਦਸਦੇ ਹਨ ਕਿ ਭਾਰਤ ਮਾਤਾ ਮੂਲ ਰੂਪ ਵਿਚ ਇਕ ਹਿੰਦੂ ਦੇਵੀ ਹੈ। ਧਰਮ ਨੂੰ ਕਦੇ ਇਸ ਚਲਾਕੀ ਨਾਲ ਰਾਸ਼ਟਰ ਨਾਲ ਜੋੜਿਆ ਜਾਵੇਗਾ, ਇਸ ਦੀ ਕਲਪਨਾ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।

ਇਹ ਇਤਫ਼ਾਕ ਜਾਂ ਸੰਜੋਗ ਦੀ ਗੱਲ ਨਹੀਂ, ਸਗੋਂ 2014 ਵਿਚ ਭਾਜਪਾ ਦੀ ਵਧੀ ਰਾਜਨੀਤਕ ਤਾਕਤ ਨੂੰ ਕੈਸ਼ ਕਰਾਉਣ ਦੀ ਸਾਜ਼ਸ਼ ਦਾ ਨਤੀਜਾ ਹੈ ਕਿ ਦੋ ਸਾਲ ਵਿਚ ਸ਼ਹਿਣਸ਼ੀਲਤਾ, ਵੰਦੇਮਾਤਰਮ, ਰਾਸ਼ਟਰ ਭਗਤੀ ਅਤੇ ਰਾਖਵਾਂਕਰਨ ‘ਤੇ ਮੁਕੰਮਲ ਹੱਲਾ-ਗੁੱਲਾ ਮਚਿਆ ਅਤੇ ਅੱਗੇ ਨੂੰ ਵੀ ਮਚਦਾ ਰਹੇਗਾ ਤਾਕਿ ਆਮ ਲੋਕਾਂ ਦਾ ਧਿਆਨ ਪਰੇਸ਼ਾਨੀਆਂ ਅਤੇ ਮੁਸੀਬਤਾਂ ਤੋਂ ਹਟ ਕੇ ਇਨ੍ਹਾਂ ਰੌਲਿਆਂ ਵਿਚ ਉਲਝਿਆ ਰਹੇ।

ਕੋਈ ਵਿਜੇ ਮਾਲਿਆ ਦੇਸ਼ ਦੇ ਅਰਬਾਂ ਡਕਾਰ ਕੇ ਵਿਦੇਸ਼ ਭੱਜ ਜਾਵੇ ਜਾਂ ਕੋਈ ਸ੍ਰੀ ਸ੍ਰੀ ਅਰਬਾਂ ਰੁਪਏ ਫੂਕ ਕੇ ਧਾਰਮਕ ਤਮਾਸ਼ਾ ਵਿਖਾਏ। ਉਨ੍ਹਾਂ ‘ਤੇ ਧਿਆਨ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਖੇਡ ਪੈਸਿਆਂ ਦੀ ਹੈ। ਇਸ ਦਾ ਰਾਸ਼ਟਰ ਨਾਲ ਕੋਈ ਸਬੰਧ ਨਹੀਂ। ਲੋਕ ਗੰਗਾ ਨਹਾਉਣ, ਗਊ ਦੀ ਪੂਜਾ ਕਰਨ, ਪਾਂਡਿਆਂ ਨੂੰ ਚੜ੍ਹਾਵਾ ਦਿੰਦੇ ਰਹਿਣ, ਪੂਜਾ ਪਾਠ, ਯੱਗ, ਹਵਨ ਕਰਦੇ ਰਹਿਣ, ਇਹ ਇਨ੍ਹਾਂ ਨਵੇਂ ਫ਼ਸਾਦਾਂ ਦਾ ਅਸਲ ਉਦੇਸ਼ ਜਾਂ ਮਕਸਦ ਹੈ। ਇਹ ਹੈਰਾਨੀ ਨਹੀਂ ਹੋਣੀ ਚਾਹੀਦੀ ਜੇ ਕਲ ਨੂੰ ਮੰਦਰਾਂ ਵਿਚ ਭਾਰਤ ਮਾਤਾ ਨਾਂ ਦੀ ਮੂਰਤੀ ਵੀ ਸਥਾਪਤ ਕੀਤੀ ਜਾਣ ਲੱਗੇ ਅਤੇ ਉਸ ਦੇ ਨਾਂ ‘ਤੇ ਲੋਕਾਂ ਤੋਂ ਦਾਨ ਦਛਣਾ ਵਸੂਲੀ ਜਾਣ ਲੱਗੇ।

ਸ਼ਰਾਬ ਜਾਂ ਕੋਈ ਦੂਜਾ ਨਸ਼ਾ ਇਕ ਵਾਰ ਸ਼ਾਇਦ ਗ਼ਮ ਨਾ ਭੁਲਾਵੇ ਪਰ ਧਰਮ ਜ਼ਰੂਰ ਭੁਲਾ ਦਿੰਦਾ ਹੈ। ਲੋਕਾਂ ਨੂੰ ਪੂਜਾ ਕਰਨ ਅਤੇ ਪੈਸਾ ਚੜ੍ਹਾਉਣ ਲਈ ਇਕ ਅਦਦ ਮੂਰਤੀ ਦੀ ਲੋੜ ਹੁੰਦੀ ਹੈ, ਉਹ ਰਾਮ ਦੀ ਹੋਵੇ ਜਾਂ ਸ਼ੰਕਰ ਦੀ ਜਾਂ ਫਿਰ ਦੁਰਗਾ, ਕਾਲੀ ਦੀ, ਇਸ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਇਸ ਲਈ ਜ਼ਾਇਕਾ/ਸੁਆਦ ਬਦਲਣ ਲਈ ਹੁਣ ਨਵੀਂ ਮੂਰਤੀ ਦੀ ਵਕਾਲਤ ਕੀਤੀ ਜਾ ਰਹੀ ਹੈ। ਉਦੇਸ਼ ਪੁਰਾਣਾ ਹੈ ਕਿ ਲੋਕ ਸੋਚਣ ਨਾ, ਬਸ ਉਹੀ ਕਰਨ ਜਿਹੜਾ ਪਾਂਡੇ-ਪੁਜਾਰੀ ਚਾਹੁੰਦੇ ਹਨ।

ਸੰਵਿਧਾਨ ਵਿਚ ਕੀ ਲਿਖਿਆ ਹੈ, ਇਸ ਨੂੰ ਜਾਣਨ ਦੀ ਕਿਸੇ ਨੂੰ ਲੋੜ ਨਹੀਂ ਹੈ। ਭਗਵਦ ਗੀਤਾ ਅਤੇ ਰਾਮਾਇਣ ਵਿਚ ਕੀ ਲਿਖਿਆ ਹੈ, ਉਸ ਨੂੰ ਲੋਕ ਪੜ੍ਹਦੇ ਰਹਿਣ ਤਾਂ ਧਾਰਮਕ ਵੀ ਬਣੇ ਰਹਿਣਗੇ ਜੋ ਹੁਣ ਦੇਸ਼ ਭਗਤੀ ਸਮਅਰਥੀ ਜਾਂ ਪਰੰਪਰਾ ਵੀ ਬਣਦਾ ਜਾ ਰਿਹਾ ਹੈ। ਮੁਸਲਮਾਨਾਂ ਦੀ ਕਥਿਤ ਵਧਦੀ ਆਬਾਦੀ ਅਤੇ ਧਾਰਮਕ ਡਰ ਦੇ ਹਵਾਲੇ ਗਿਣ ਕੇ ਉਨ੍ਹਾਂ ਨੂੰ ਇਹ ਦਸਿਆ ਜਾਂਦਾ ਹੈ ਕਿ ਤੁਹਾਡੀ ਰਖਿਆ ਸੈਨਾ ਨਹੀਂ, ਅਸੀਂ ਕਰ ਰਹੇ ਹਾਂ। ਉਧਰ, ਉਵੈਸੀ ਵਰਗੇ ਕੱਟੜਪੰਥੀ ਵੀ ਇਨ੍ਹਾਂ ਤੋਂ ਵਖਰੇ ਨਹੀਂ ਜਿਹੜੇ ਮੁਸਲਮਾਨਾਂ ਨੂੰ ਡਰਾਉਂਦੇ ਅਤੇ ਬਹਿਕਾਉਂਦੇ ਰਹਿੰਦੇ ਹਨ ਕਿ ਇਸ ਦੇਸ਼ ਵਿਚ ਤੁਸੀਂ ਹੋ ਤਾਂ ਜ਼ਰੂਰ ਪਰ ਤੁਹਾਡੀ ਹੈਸੀਅਤ ਦੋਇਮ (ਦੂਜੇ) ਨੰਬਰ ‘ਤੇ ਹੈ। ਅਸੀਂ ਨਾ ਹੋਈਏ ਤਾਂ ਇਹ ਹਿੰਦੂਵਾਦੀ ਤੁਹਾਨੂੰ ਕਦੇ ਵੀ ਮਾਰ ਮਾਰ ਕੇ ਖਦੇੜ ਦੇਣਗੇ। ਇਸ ਲਈ ਇਸਲਾਮ ਦੇ ਨਾਂ ਉਤੇ ਸਾਨੂੰ ਪੁਛਦੇ ਰਹੋ ਤਾਂ ਮਹਿਫ਼ੂਜ਼ ਰਹੋਗੇ, ਨਹੀਂ ਤਾਂ ਇਸ ਦੇਸ਼ ਵਿਚ ਹਰ ਮੁਸਲਮਾਨ ਅਤਿਵਾਦੀ ਸਮਝਿਆ ਜਾਂਦਾ ਹੈ ਹਾਲਾਂਕਿ ਇਸ ਦੇ ਜ਼ਿੰਮੇਵਾਰ ਹਾਲ-ਫ਼ਿਲਹਾਲ ਭਾਜਪਾ ਅਤੇ ਹਿੰਦੂਵਾਦੀ ਸੰਗਠਨ ਹਨ ਜਿਨ੍ਹਾਂ ਨੂੰ ਤਰਸਾਉਣ ਦੀ ਤਾਕਤ ਸਾਡੇ ਵਿਚ ਹੀ ਹੈ।

ਇਸ ਲਈ ਹੋਰ ਇਸ ਤਰ੍ਹਾਂ ਦੇ ਸਾਰੇ ਸਟੰਟਾਂ (ਸਨਸਨੀਖ਼ੇਜ਼ ਕਮਾਲਾਂ) ਦਾ ਸਾਰ ਇਹ ਨਿਕਲਦਾ ਹੈ ਕਿ ਜੇ ਅਪਣੀ ਹੋਂਦ ਬਣਾਈ ਰਖਣੀ ਹੈ ਤਾਂ ਘੰਟੇ-ਘੜਿਆਲ ਵਜਾਉਂਦੇ ਰਹੋ, ਭਗਵਾਨ ਨੂੰ ਪੂਜਦੇ ਰਹੋ, ਨਮਾਜ਼ ਪੜ੍ਹਦੇ ਰਹੋ, ਭਾਈਚਾਰੇ ਦਾ ਡਰਾਮਾ ਕਰਦੇ ਰਹੋ ਪਰ ਦਿਲਾਂ ਵਿਚ ਕੱਟੜਵਾਦ ਯਾਨੀ ਧਰਮ ਨੂੰ ਸੰਭਾਲੀ ਰੱਖੋ ਵਰਨਾ ਖ਼ਤਮ ਹੋ ਜਾਉਗੇ।

ਇਹ ਵਪਾਰ/ ਕਾਰੋਬਾਰ ਕੁੱਝ ਇਸ ਤਰ੍ਹਾਂ ਨਾਲ ਫੱਲ ਫੁੱਲ ਰਿਹਾ ਹੈ ਕਿ ਹੁਣ ਇਸ ਵਿਚ ਕਲਾਕਾਰ, ਸਾਹਿਤਕਾਰ, ਬੁੱਧੀਜੀਵੀ ਅਤੇ ਮੀਡੀਆ ਸੱਭ ਕੁੱਝ ਸ਼ਾਮਲ ਹੋ ਗਏ ਹਨ ਅਤੇ ਆਹਮਣੇ-ਸਾਹਮਣੇ ਸਹਿਜੀਵਤਾ ਦੇ ਸਿਧਾਂਤ ਉਤੇ ਫੱਲ ਫੁੱਲ ਰਹੇ ਹਨ। ਆਮ ਆਦਮੀ ਭਾਵੇਂ ਹਿੰਦੂ ਹੋਣ, ਮੁਸਲਮਾਨ ਹੋਣ ਜਾਂ ਫਿਰ ਕਿਸੇ ਹੋਰ ਧਰਮ ਨੂੰ ਮੰਨਣ ਵਾਲੇ, ਇਨ੍ਹਾਂ ਦੇ ਝਾਂਸਿਆਂ ਅਤੇ ਚਾਲਾਂ ਨੂੰ ਸਮਝਦੇ ਹੋਏ ਇਨ੍ਹਾਂ ਦੀ ਪਕੜ ਤੋਂ ਆਜ਼ਾਦ ਹੋ ਜਾਣ ਤਾਂ ਜ਼ਰੂਰ ਇਨ੍ਹਾਂ ਦੀ ਹੋਂਦ ਅਤੇ ਦੁਕਾਨਦਾਰੀ ਖ਼ਤਮ ਹੋ ਜਾਣਗੇ।

ਦੇਵੀਆਂ ਵਰਗੀ ਭਾਰਤ ਮਾਤਾ:

ਆਜ਼ਾਦੀ ਦੀ ਲੜਾਈ ਲੜਨ ਵਾਲਿਆਂ ਦਾ ਉਤਾਸ਼ਾਹ ਵਧਾਉਣ ਲਈ ਕੁੱਝ ਪ੍ਰਤੀਕ ਚਿੰਨ੍ਹਾਂ ਦੀ ਲੋੜ ਸੀ ਜਿਸ ਕਾਰਨ ਭਾਰਤ ਮਾਤਾ ਦੀ ਖੋਜ ਹੋਈ। ਸਾਲ 1873 ਵਿਚ ਕਿਰਨਚੰਦ ਬੈਨਰਜੀ ਲਿਖਤ ‘ਭਾਰਤ ਮਾਤਾ’ ਨਾਂ ਨਾਲ ਇਕ ਨਾਟਕ ਦਾ ਪ੍ਰਦਰਸ਼ਨ ਹੋਇਆ ਸੀ। ਉਥੋਂ ਹੀ ਭਾਰਤ ਮਾਤਾ ਦੀ ਜੈ ਬੋਲਣ ਦੀ ਸ਼ੁਰੂਆਤ ਹੋਈ। ਬੰਕਿਮਚੰਦਰ ਚੈਟਰਜੀ ਦੁਆਰਾ ਲਿਖਿਆ ਨਾਵਲ ‘ਆਨੰਦ-ਮਠ’ ਤੋਂ ਵੰਦੇਮਾਤਰਮ ਗੀਤ ਦੇਸ਼ ਨੂੰ ਮਿਲਿਆ। ਮੰਨਿਆ ਜਾਂਦਾ ਹੈ ਕਿ ਬੰਕਿਮਚੰਦਰ ਨੂੰ ਭਾਰਤ ਮਾਤਾ ਨਾਟਕ ਤੋਂ ਹੀ ਇਸ ਦੀ ਪ੍ਰੇਰਣਾ ਮਿਲੀ ਸੀ।

ਵਿਪਿਨ ਚੰਦਰਪਾਲ ਨੇ ਸਿੱਧੇ-ਸਿੱਧੇ ਭਾਰਤ ਮਾਤਾ ਨੂੰ ਹਿੰਦੂਤਵ ਨਾਲ ਜੋੜਿਆ। ਭਾਰਤ ਮਾਤਾ ਦੀ ਜਿਹੜੀ ਤਸਵੀਰ/ਫ਼ੋਟੋ ਪ੍ਰਚਲਨ ਵਿਚ ਹੈ, ਉਸ ਨੂੰ ਬਣਾਉਣ ਦਾ ਜੱਸ ਰਵੀਂਦਰਨਾਥ ਟੈਗੋਰ ਦੇ ਚਿਤਰਕਾਰ ਭਤੀਜੇ ਅਵੀਂਦਰਨਾਥ ਟੈਗੋਰ ਨੂੰ ਜਾਂਦਾ ਹੈ। ਉਨ੍ਹਾਂ ਨੇ ਭਾਰਤ ਮਾਤਾ ਦੀਆਂ ਚਾਰ ਬਾਹਵਾਂ ਬਣਾਈਆਂ ਅਤੇ ਉਸ ਨੂੰ ਦੇਵੀ ਦੁਰਗਾ ਦੇ ਰੂਪ ਵਿਚ ਵਿਖਾਇਆ। ਇਸ ਪੇਂਟਿੰਗ ਨੇ ਲੋਕਾਂ ਨੂੰ ਆਜ਼ਾਦੀ ਦੀ ਲੜਾਈ ਲੜਨ ਦੀ ਪ੍ਰੇਰਨਾ ਦਿਤੀ ਯਾਨੀ ਮੌਜੂਦਾ ਭਾਰਤ ਮਾਤਾ ਇਕ ਤਰ੍ਹਾਂ ਦੀ ਦੇਵੀ ਦਾ ਰੂਪ ਹੈ ਜਿਸ ਦੀ ਉਤਪਤੀ ਅਤੇ ਵਿਕਾਸ ਪਛਮੀ ਬੰਗਾਲ ਵਿਚ ਹੋਇਆ ਹੈ। ਵਿਵੇਕਾਨੰਦ ਦੀ ਚੇਲੀ ਸਿਸਟਰ ਨਿਵੇਦਿਤਾ ਨੇ ਇਸ ਤਸਵੀਰ ਨੂੰ ਹੋਰ ਵਿਸਥਾਰ ਦਿੰਦਿਆਂ ਪੈਰਾਂ ਪਾਸ ਕਮਲ ਦੇ ਫੁੱਲ ਵਿਖਾਏ ਅਤੇ ਹਰਿਆਲੀ ਦੇ ਨਾਲ-ਨਾਲ ਤਸਵੀਰ ਦੇ ਪਿੱਛੇ ਨੀਲਾ ਆਕਾਸ਼ ਵੀ ਦਰਸਾਇਆ। ਇਸ ਦੇ ਬਾਅਦ ਇਕ ਸੁਤੰਤਰਾ ਲੜਾਈ ਦੇ ਸੈਨਾਪਤੀ ਸੁਬਰਮਣਯਮ ਭਾਰਤੀ ਨੇ ਭਾਰਤ ਮਾਤਾ ਦੀ ਵਿਆਖਿਆ ਗੰਗਾ ਦੇ ਰੂਪ ਵਿਚ ਕੀਤੀ।

ਫਿਰ ਤਾਂ ਭਾਰਤ ਮਾਤਾ ਦੇ ਰੂਪ ਬਦਲਦੇ ਰਹੇ ਅਤੇ ਕੁੱਝ ਮੰਦਰ ਵੀ ਬਣੇ। 1939 ਵਿਚ ਮਹਾਤਮਾ ਗਾਂਧੀ ਨੇ ਕਾਸ਼ੀ ਵਿਚ ਭਾਰਤ ਮਾਤਾ ਮੰਦਰ ਦਾ ਉਦਘਾਟਨ ਕੀਤਾ ਤਾਂ ਸਾਲ 1983 ਵਿਚ ਇੰਦਰਾ ਗਾਂਧੀ ਨੇ ਹਰਿਦੁਆਰ ਵਿਚ ਬਣੇ ਭਾਰਤ ਮਾਤਾ ਮੰਦਰ ਦਾ ਉਦਘਾਟਨ ਕੀਤਾ ਸੀ। ਇਸ ਮੰਦਰ ਨੂੰ, ਹੈਰਾਨੀ ਦੀ ਗੱਲ ਹੈ ਕਿ ਵਿਸ਼ਵ ਹਿੰਦੂ ਪਰਿਸ਼ਦ ਨੇ ਬਣਾਇਆ ਸੀ। ਫਿਰ ਹੌਲੀ-ਹੌਲੀ ਭਾਰਤ ਮਾਤਾ ਭਾਰਤੀ ਸੈਨਾ ਦੇ ਜੋਸ਼ ਦੀ ਪ੍ਰੇਰਨਾ ਬਣਦੀ ਗਈ।
ਪਰ ਹੁਣ ਭਾਰਤ ਮਾਤਾ ਜੋ ਪੂਰੀ ਤਰ੍ਹਾਂ ਨਾਲ ਹਿੰਦੂਤਵ ਦੇ ਰੰਗ ਵਿਚ ਰੰਗੀ ਹੈ, ਦੀ ਕਿਵੇਂ ਵਰਤੋਂ ਹੋ ਰਹੀ ਹੈ, ਇਹ ਸਾਰਾ ਦੇਸ਼ ਵੇਖ ਰਿਹਾ ਹੈ। ਹਿੰਦੂਤਵ ਦੇ ਪੈਰੋਕਾਰਾਂ ਦੀ ਨਜ਼ਰ ਵਿਚ ਅੱਜ ਕਿਸੇ ਨੂੰ ਹੱਕ ਨਹੀਂ ਕਿ ਉਹ ਉਸ ਦੀ ਜੈ ਬੋਲਣ ਤੋਂ ਨਾਂਹ ਕਰੇ, ਭਾਵੇਂ ਹੀ ਉਸ ਦਾ ਵਿਵੇਕ/ ਅਕਲ ਜਾਂ ਧਰਮ ਇਸ ਦੀ ਆਗਿਆ ਨਾ ਦੇਂਦਾ ਹੋਵੇ।

ਦੇਸ਼ ਭਗਤ, ਦੇਸ਼ ਧਰੋਹੀ ਅਤੇ ਭਾਰਤ ਮਾਤਾ

ਦੇਸ਼ ਭਗਤੀ ਅਤੇ ਹਿੰਮਤ ਲਈ ਪਛਾਣੇ ਜਾਣ ਵਾਲੇ ਸਿੱਖ ਸਮੂਹ ਨੇ ਉਵੈਸੀ ਤੋਂ ਜ਼ਿਆਦਾ ਸਖ਼ਤ ਲਹਿਜੇ ਵਿਚ ਸਾਫ਼ ਕਹਿ ਦਿਤਾ ਹੈ ਕਿ ਸਿੱਖ ਭਾਰਤ ਮਾਤਾ ਦੀ ਜੈ ਨਹੀਂ ਬੋਲ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਿਮਰਨਜੀਤ ਸਿੰਘ ਮਾਨ ਦੀ ਮੰਨੀਏ ਤਾਂ ਸਿੱਖ ਕਿਸੇ ਵੀ ਰੂਪ ਵਿਚ ਦੇਵੀਆਂ/ਇਸਤਰੀਆਂ ਦੀ ਪੂਜਾ ਨਹੀਂ ਕਰਦੇ, ਇਸ ਲਈ ਉਹ ਇਹ ਨਾਹਰਾ ਨਹੀਂ ਲਗਾਉਣਗੇ।

ਰਾਸ਼ਟਰ ਭਗਤੀ ਦੇ ਮਾਮਲੇ ਵਿਚ ਸਿੱਖਾਂ ਦੀ ਉਦਾਹਰਣ ਦਿਤੀ ਜਾਂਦੀ ਹੈ। ਅਜਿਹੇ ਵਿਚ ਹਿੰਦੂਵਾਦੀਆਂ ਦਾ ਇਹ ਕਹਿਣਾ ਕਿ ਭਾਰਤ ਮਾਤਾ ਦੀ ਜੈ ਨਾ ਬੋਲਣ ਵਾਲੇ ਦੇਸ਼ ਭਗਤ ਨਹੀਂ ਹੋ ਸਕਦੇ ਅਤੇ ਉਨ੍ਹਾਂ ਵਿਰੁਧ ਮੁਕੱਦਮਾ ਚਲਾਇਆ ਜਾ ਸਕਦਾ ਹੈ, ਕਈਆਂ ਦੇ ਗਲੇ ‘ਚੋਂ ਨਹੀਂ ਉਤਰ ਰਿਹਾ ਹੈ।

ਗ੍ਰਹਿ ਮੰਤਰੀ ਰਾਜਨਾਥ ਸਿੰਘ ਅੰਗਰੇਜ਼ਾਂ ਦੇ ਬਣਾਏ ਦੇਸ਼ ਧ੍ਰੋਹ ਕਾਨੂੰਨ ਨੂੰ ਬਦਲਣ ਦੀ ਗੱਲ ਕਰ ਰਹੇ ਹਨ ਤਾਂ ਇਸ ਲਈ ਦੇਸ਼ਵਾਸੀਆਂ ਤੋਂ ਰਾਏ ਲਈ ਜਾਣੀ ਚਾਹੀਦੀ ਹੈ। ਰਿਸ਼ਵਤਖੋਰ ਅਧਿਕਾਰੀ ਕਰਮਚਾਰੀ, ਘਪਲੇਬਾਜ਼ ਰਾਜ ਲੀਡਰ, ਟੈਕਸ ਚੋਰ ਉਦਯੋਗਪਤੀ ਅਤੇ ਧਰਮ ਦੇ ਨਾਂ ‘ਤੇ ਉਗਰਾਹੀ ਕਰਨ ਵਾਲੇ ਪਾਂਡੇ ਆਦਿ ਦੇਸ਼ ਧ੍ਰੋਹੀ ਕਿਉਂ ਨਹੀਂ?

ਭਾਰਤ ਮਾਤਾ ਦੀ ਜੈ ਦਾ ਦੇਸ਼ ਧ੍ਰੋਹ ਨਾਲ ਕੋਈ ਸਬੰਧ ਹੋਣਾ ਹੀ ਨਹੀਂ ਚਾਹੀਦਾ। ਖ਼ੁਦ ਭਾਜਪਾ ਦੇ ਵੱਡੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਜਿਨ੍ਹਾਂ ਦੀ ਸੋਭਾ ਕੱਟੜਵਾਦੀ ਲੀਡਰ ਵਜੋਂ ਹੈ, ਨੇ 23 ਮਾਰਚ ਨੂੰ ਗਾਂਧੀਨਗਰ ਵਿਚ ਮੰਨਿਆ ਸੀ ਕਿ ਸੰਵਿਧਾਨ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਭਾਰਤ ਮਾਤਾ ਦੀ ਜੈ ਬੋਲੀ ਹੀ ਜਾਵੇ। ਅਡਵਾਨੀ ਦੇ ਲਹਿਜੇ ਤੋਂ ਲੱਗਾ ਸੀ ਕਿ ਉਹ ਇਸ ਝਗੜੇ ਨੂੰ ਹਵਾ ਦੇਣ ਦੇ ਪੱਖ ਵਿਚ ਨਹੀਂ ਹਨ।

ਫਿਰ ਝਗੜਾ ਕੀ ਹੈ? ਝਗੜਾ ਹੈ ਧਰਮ ਗੁਰੂ ਜੋ ਅਪਣੀ ਆਲੋਚਨਾ ਸਹਿਣ ਨਹੀਂ ਕਰਦੇ ਅਤੇ ਅਜਿਹੇ ਵਿਵਾਦਾਂ ਨੂੰ ਲੀਡਰਾਂ ਦੇ ਜ਼ਰੀਏ ਹਵਾ ਦਿੰਦੇ ਰਹਿੰਦੇ ਹਨ। ਰਹੀ ਗੱਲ ਆਮ ਲੋਕਾਂ ਦੀ ਤਾਂ ਉਹ ਧਰਮ ਦੇ ਨਾਂ ‘ਤੇ ਜਜ਼ਬਾਤੀ ਹੁੰਦੇ ਹਨ। ਇਸ ਲਈ ਧਰਮ ਅਤੇ ਰਾਸ਼ਟਰ ਦਾ ਫ਼ਰਕ ਖ਼ਤਮ ਕੀਤਾ ਜਾ ਰਿਹਾ ਹੈ। ਜੇ ਭਾਰਤ ਮਾਤਾ ਸੱਭ ਦੀ ਹੈ ਤਾਂ ਕੀ ਇਸ ਦਾ ਮੁਸਲਮਾਨ ਪੁੱਤਰ ਇਸ ਨੂੰ ਮੁਲਸਮਾਨ ਸਮੂਹ ਵਿਚ ਪ੍ਰਚੱਲਤ ਪਹਿਰਾਵਾ, ਬੁਰਕਾ ਪਾ ਕੇ ਇਬਾਦਤ ਕਰ ਸਕਦਾ ਹੈ? ਸ਼ਾਇਦ, ਹਿੰਦੂ ਇਸ ਗੱਲ ‘ਤੇ ਸਹਿਮਤ ਹੋਣਗੇ ਕਿਉਂਕਿ ਭਾਰਤ ਮਾਤਾ ਹਿੰਦੂਆਂ ਦੀ ਘੜੀ ਗਈ ਨਵੀਂ ਦੇਵੀ ਹੈ ਜਿਸ ਦੀ ਓਟ ਵਿਚ ਧੰਦੇ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ।

ਧਨਵਾਦ ਸਹਿਤ ਮੈਗ਼ਜ਼ੀਨ ‘ਸਰਿਤਾ’ ਜੂਨ (ਪਹਿਲਾ) 2016

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.