ਪੁਨੀਤ ਬਾਵਾ, ਲੁਧਿਆਣਾ : ਦੁਸਹਿਰੇ ‘ਤੇ ਅੱਜ ਲੁਧਿਆਣਾ ਵਿਖੇ ਯੂਥ ਕਾਂਗਰਸ ਵੱਲੋਂ ਚਿੱਟੇ ਰੂਪੀ ਰਾਵਣ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਗਟਾਇਆ ਗਿਆ। ਯੂਥ ਕਾਂਗਰਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਵੀ ਫ਼ੂਕੇ। ਯੂਥ ਕਾਂਗਰਸੀਆਂ ਵੱਲੋਂ ਹੱਥਾਂ ‘ਚ ਤਖ਼ਤੀਆਂ ਫੜ੍ਹ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਹ ਰੋਸ ਪ੍ਰਦਰਸ਼ਨ ਯੂਥ ਕਾਂਗਰਸ ਲੁਧਿਆਣਾ ਦੇ ਪ੍ਰਧਾਨ ਹੈਪੀ ਲਾਲੀ ਦੀ ਅਗਵਾਈ ‘ਚ ਕੀਤਾ ਗਿਆ। ਹੈਪੀ ਲਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ‘ਚ ਨਸ਼ਿਆਂ ਨੂੰ ਸਮਾਪਤ ਕਰਨ ‘ਤੇ ਨਸ਼ਾਮੁਕਤ ਪੰਜਾਬ ਸਿਰਜਣ ਦਾ ਵਾਅਦਾ ਕਰ ਕੇ ਸੱਤਾ ਪ੍ਰਰਾਪਤ ਕੀਤੀ ਸੀ। ਪਿਛਲੇ ਡੇਢ ਸਾਲ ਵਿੱਚ ਪੰਜਾਬ ਅੰਦਰ ਨਸ਼ਾ ਘੱਟ ਹੋਣ ਦੀ ਬਜਾਏ ਵਧਿਆ ਹੈ। ਨਸ਼ਿਆਂ ਦੇ ਮੁੱਦੇ ‘ਤੇ ਸਰਕਾਰ ਬੁਰ੍ਹੀ ਤਰ੍ਹਾਂ ਫੇਲ੍ਹ ਹੋਈ ਹੈ। ਉਨਾਂ੍ਹ ਕਿਹਾ ਕਿ ਸਰਕਾਰ ਤੋਂ ਅੱਜ ਹਰ ਵਰਗ ਨਿਰਾਸ਼ ਹੋ ਚੁੱਕਾ ਹੈ ਅਤੇ ਸਰਕਾਰ ਦੇ ਖ਼ਿਲਾਫ਼ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕ ਮਸਲਿਆਂ ਤੋਂ ਭੱਜੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਗਾਉਣ ਲਈ ਹਰ ਪੱਧਰ ‘ਤੇ ਰੋਸ ਪ੍ਰਦਰਸ਼ਨ ਤੇ ਧਰਨੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।

ਇਸ ਮੌਕੇ ਯੋਗੇਸ਼ ਹਾਂਡਾ ਸਾਬਕਾ ਪ੍ਰਧਾਨ ਯੂਥ ਕਾਂਗਰਸ ਲੁਧਿਆਣਾ, ਕਮਲ ਸਿੱਕਾ, ਮਨਰਾਜ ਸਿੰਘ ਠੁਕਰਾਲ, ਪੰਕਜ ਭਾਰਤੀ, ਸੰਨੀ ਚੌਧਰੀ, ਨਿਤਿਨ ਟੰਡਨ, ਚੇਤਨ ਢੱਲ, ਅਮਰ ਗੋਗਨਾ, ਰਾਹੁਲ ਰੁਪਾਲ, ਜਗਜੋਤ ਬਦੇਸ਼ਾ, ਕਿੱਟੂ ਦੁੱਗਰੀ, ਰੋਸ਼ਨ ਲਾਲਕਾ, ਜਸ਼ਨੇਸ਼ਵਰ ਵਾਲੀਆ, ਗੌਤਮ ਸ਼ਰਮਾ ਆਦਿ ਹਾਜ਼ਰ ਸਨ।