ਨਵੀਂ ਦਿੱਲੀ (ਪੀਟੀਆਈ) : ਸਟਾਰ ਹਰਫ਼ਨਮੌਲਾ ਹਾਰਦਿਕ ਪਾਂਡਿਆ ਭਾਰਤ ਦੇ ਅਗਲੇ ਦੋ ਵਿਸ਼ਵ ਕੱਪ ਮੁਕਾਬਲਿਆਂ ’ਚੋਂ ਬਾਹਰ ਰਹਿ ਸਕਦੇ ਹਨ ਕਿਉਂਕਿ ਉਹ ਗਿੱਟੇ ਦੀ ਸੱਟ ਤੋਂ ਠੀਕ ਨਹੀਂ ਹੋ ਸਕੇ ਹਨ ਜਿਸ ਕਾਰਨ ਪਿਛਲੇ ਮੈਚ ਵਿਚ ਨਹੀਂ ਖੇਡ ਸਕੇ ਸਨ। ਪੁਣੇ ਵਿਚ 19 ਅਕਤੂਬਰ ਨੂੰ ਬੰਗਲਾਦੇਸ਼ ਖ਼ਿਲਾਫ਼ ਆਪਣੀ ਹੀ ਗੇਂਦ ’ਤੇ ਫੀਲਡਿੰਗ ਕਰਦੇ ਹੋਏ ਪਾਂਡਿਆ ਦੇ ਗਿੱਟੇ ਵਿਚ ਸੱਟ ਲੱਗੀ ਸੀ ਤੇ ਉਹ 22 ਅਕਤੂਬਰ ਨੂੰ ਧਰਮਸ਼ਾਲਾ ਵਿਚ ਨਿਊਜ਼ੀਲੈਂਡ ਖ਼ਿਲਾਫ਼ ਨਹੀਂ ਖੇਡ ਸਕੇ ਸਨ।

ਬੜੌਦਾ ਦਾ ਇਹ ਖਿਡਾਰੀ ਸੱਟ ਤੋਂ ਠੀਕ ਹੋਣ ਲਈ ਸੋਮਵਾਰ ਨੂੰ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨਸੀਏ) ਚਲਾ ਗਿਆ ਸੀ। ਐੱਨਸੀਏ ਦੇ ਸੂਤਰ ਨੇ ਦੱਸਿਆ ਕਿ ਹਾਰਦਿਕ ਦਾ ਇਲਾਜ ਚੱਲ ਰਿਹਾ ਹੈ। ਉਸ ਦੇ ਗਿੱਟੇ ਦੀ ਸੋਜ ਕਾਫੀ ਘੱਟ ਹੋਈ ਹੈ ਪਰ ਉਹ ਹਫ਼ਤੇ ਦੇ ਅੰਤ ’ਚ ਹੀ ਗੇਂਦਬਾਜ਼ੀ ਦੀ ਸ਼ੁਰੂਆਤ ਕਰੇਗਾ। ਇਸ ਸਮੇਂ ਉਸ ਨੂੰ ਠੀਕ ਹੋਣ ਲਈ ਸਮਾਂ ਦੇਣਾ ਮਹੱਤਵਪੂਰਨ ਹੈ। ਭਾਰਤ ਹੁਣ ਤੱਕ ਆਪਣੇ ਪੰਜ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਪੁੱਜਣ ਲਈ ਕਾਫੀ ਮਜ਼ਬੂਤ ਸਥਿਤੀ ਵਿਚ ਹੈ ਇਸ ਲਈ ਪਾਂਡਿਆ ਨੂੰ ਅਗਲੇ ਦੋ ਮੈਚਾਂ ਲਈ ਆਰਾਮ ਦਿੱਤਾ ਜਾ ਸਕਦਾ ਹੈ ਜਿਸ ਨਾਲ ਉਨ੍ਹਾਂ ਨੂੰ ਸੈਮੀਫਾਈਨਲ ਤੋਂ ਪਹਿਲਾਂ ਪੂਰੀ ਤਰ੍ਹਾਂ ਠੀਕ ਹੋਣ ਦਾ ਮੌਕਾ ਮਿਲੇਗਾ। ਬੀਸੀਸੀਆਈ ਦੇ ਇਕ ਸੂਤਰ ਨੇ ਕਿਹਾ ਕਿ ਪਾਂਡਿਆ ਨੂੰ ਗੰਭੀਰ ਮੋਚ ਆਈ ਹੈ ਪਰ ਕਿਸਮਤ ਨਾਲ ਫਰੈਕਚਰ ਨਹੀਂ ਹੋਇਆ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਵੱਧ ਤੋਂ ਵੱਧ ਅਹਿਤਿਆਤ ਵਰਤਣਾ ਚਾਹੁੰਦੀ ਹੈ। ਉਨ੍ਹਾਂ ਦੇ ਅਗਲੇ ਦੋ ਤੋਂ ਤਿੰਨ ਮੈਚਾਂ ’ਚ ਬਾਹਰ ਰਹਿਣ ਦੀ ਸੰਭਾਵਨਾ ਹੈ। ਟੀਮ ਚਾਹੁੰਦੀ ਹੈ ਕਿ ਉਹ ਨਾਕਆਊਟ ਗੇੜ ਲਈ ਪੂਰੀ ਤਰ੍ਹਾਂ ਫਿੱਟ ਹੋਣ। ਪਾਂਡਿਆ ਦੀ ਵੀਰਵਾਰ ਨੂੰ ਫਿਟਨੈੱਸ ਜਾਂਚ ਹੋ ਸਕਦੀ ਹੈ ਤੇ ਬੀਸੀਸੀਆਈ ਦੀ ਮੈਡੀਕਲ ਟੀਮ ਇਸੇ ਆਧਾਰ ’ਤੇ ਉਨ੍ਹਾਂ ਦੀ ਵਾਪਸੀ ਦੀ ਤਰੀਕ ਤੈਅ ਕਰੇਗੀ। ਇਸ ਦੌਰਾਨ ਉਨ੍ਹਾਂ ਦੀ ਗੇਂਦਬਾਜ਼ੀ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ ਤੇ ਦੇਖਿਆ ਜਾਵੇਗਾ ਕਿ ਪੂਰਾ ਜ਼ੋਰ ਲਾ ਕੇ ਗੇਂਦਬਾਜ਼ੀ ਕਰਦੇ ਹੋਏ ਖੱਬੇ ਪੈਰ ਦੇ ਗਿੱਟੇ ਨੂੰ ਲੈ ਕੇ ਉਹ ਅਸਹਿਜ ਤਾਂ ਨਹੀਂ ਹਨ।

ਇੰਗਲੈਂਡ ਖ਼ਿਲਾਫ਼ ਅਸ਼ਵਿਨ ਨੂੰ ਮਿਲ ਸਕਦਾ ਹੈ ਮੌਕਾ :

ਭਾਰਤ ਨੇ ਆਪਣੇ ਅਗਲੇ ਮੁਕਾਬਲੇ ਪਿਛਲੀ ਵਾਰ ਦੀ ਚੈਂਪੀਅਨ ਟੀਮ ਇੰਗਲੈਂਡ ਖ਼ਿਲਾਫ਼ 29 ਅਕਤੂਬਰ ਨੂੰ ਲਖਨਊ ਵਿਚ ਤੇ ਦੋ ਨਵੰਬਰ ਨੂੰ ਮੁੰਬਈ ਵਿਚ ਸ੍ਰੀਲੰਕਾ ਨਾਲ ਖੇਡਣੇ ਹਨ। ਪਾਂਡਿਆ ਦੀ ਗ਼ੈਰਮੌਜੂਦਗੀ ਵਿਚ ਨਿਊਜ਼ੀਲੈਂਡ ਖ਼ਿਲਾਫ਼ ਆਖ਼ਰੀ ਇਲੈਵਨ ਵਿਚ ਸੂਰਿਆ ਕੁਮਾਰ ਯਾਦਵ ਤੇ ਮੁਹੰਮਦ ਸ਼ਮੀ ਨੂੰ ਥਾਂ ਮਿਲੀ ਸੀ। ਸ਼ਮੀ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਵਿਕਟਾਂ ਹਾਸਲ ਕੀਤੀਆਂ ਸਨ ਪਰ ਲਖਨਊ ਦੀ ਪਿੱਚ ਤੋਂ ਹੌਲੀ ਗੇਂਦਬਾਜ਼ਾਂ ਨੂੰ ਮਦਦ ਮਿਲਣ ਦੀ ਸੰਭਾਵਨਾ ਹੈ ਤੇ ਇਸ ਕਾਰਨ ਇਸ ਮੈਚ ਵਿਚ ਰਵੀਚੰਦਰਨ ਅਸ਼ਵਿਨ ਨੂੰ ਆਖ਼ਰੀ ਇਲੈਵਨ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਬੱਲੇਬਾਜ਼ੀ ਵੀ ਮਜ਼ਬੂਤ ਹੋਵੇਗੀ ਕਿਉਂਕਿ ਅਸ਼ਵਿਨ ਅੱਠਵੇਂ ਨੰਬਰ ’ਤੇ ਖੇਡਣਗੇ।

ਮੇਰਾ ਟੀਚਾ ਹਮੇਸ਼ਾ ਬਿਹਤਰ ਹੋਣਾ ਹੈ : ਕੋਹਲੀ

ਚੇਨਈ (ਪੀਟੀਆਈ) : ਮੌਜੂਦਾ ਵਿਸ਼ਵ ਕੱਪ ਵਿਚ ਚੰਗੀ ਲੈਅ ਵਿਚ ਚੱਲ ਰਹੇ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ ਹਮੇਸ਼ਾ ਬਿਹਤਰ ਹੋਣਾ ਰਿਹਾ ਹੈ, ਉੱਤਮਤਾ ਦੇ ਪਿੱਛੇ ਭੱਜਣਾ ਨਹੀਂ।

ਕੋਹਲੀ ਅਜੇ ਟੂਰਨਾਮੈਂਟ ਵਿਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ ਪੰਜ ਮੈਚਾਂ ਵਿਚ 118.00 ਦੀ ਔਸਤ ਨਾਲ 354 ਦੌੜਾਂ ਬਣਾਈਆਂ ਹਨ ਜਿਸ ਵਿਚ ਇਕ ਸੈਂਕੜਾ ਤੇ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਕੋਹਲੀ ਨੇ ਕਿਹਾ ਕਿ ਮੈਂ ਹਮੇਸ਼ਾ ਇਸ ’ਤੇ ਕੰਮ ਕੀਤਾ ਹੈ ਕਿ ਮੈਂ ਹਰ ਦਿਨ, ਹਰ ਅਭਿਆਸ ਸੈਸ਼ਨ, ਹਰ ਸਾਲ ਤੇ ਹਰ ਸੈਸ਼ਨ ਵਿਚ ਖ਼ੁਦ ਨੂੰ ਬਿਹਤਰ ਕਿਵੇਂ ਬਣਾ ਸਕਦਾ ਹਾਂ। ਇਸੇ ਨੇ ਮੈਨੂੰ ਇੰਨੇ ਲੰਬੇ ਸਮੇਂ ਤੱਕ ਖੇਡਣ ਤੇ ਪ੍ਰਦਰਸ਼ਨ ਕਰਨ ਵਿਚ ਮਦਦ ਕੀਤੀ ਹੈ। ਮੈਨੂੰ ਨਹੀਂ ਲਗਦਾ ਕਿ ਇਸ ਮਾਨਸਿਕਤਾ ਤੋਂ ਬਿਨਾ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਸੰਭਵ ਹੈ ਕਿਉਂਕਿ ਜੇ ਪ੍ਰਦਰਸ਼ਨ ਹੀ ਤੁਹਾਡਾ ਟੀਚਾ ਹੈ ਤਾਂ ਕੋਈ ਵੀ ਕੁਝ ਸਮੇਂ ਬਾਅਦ ਸੰਤੁਸ਼ਟ ਹੋ ਸਕਦਾ ਹੈ ਤੇ ਆਪਣੀ ਖੇਡ ’ਤੇ ਕੰਮ ਕਰਨਾ ਬੰਦ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਟੀਚਾ ਹਮੇਸ਼ਾ ਬਿਹਤਰ ਹੋਣਾ ਰਿਹਾ ਹੈ ਨਾ ਕਿ ਉੱਤਮਤਾ ਦਾ ਪਿੱਛਾ ਕਰਨਾ ਕਿਉਂਕਿ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਨਹੀਂ ਜਾਣਦਾ ਕਿ ਉੱਤਮਤਾ ਦੀ ਪਰਿਭਾਸ਼ਾ ਕੀ ਹੈ। ਇਸ ਦੀ ਕੋਈ ਹੱਦ ਨਹੀਂ ਹੈ ਨਾ ਹੀ ਕੋਈ ਤੈਅ ਮਾਪਦੰਡ ਹੈ ਕਿ ਜਦ ਤੁਸੀਂ ਇੱਥੇ ਪੁੱਜੋਗੇ ਤਾਂ ਤੁਸੀਂ ਉੱਤਮਤਾ ਹਾਸਲ ਕਰ ਲਵੋਗੇ।