ਤਿਰੂਅਨੰਤਪੁਰਮ (ਏਜੰਸੀ) : ਸਫਲ ਚੰਦਰਯਾਨ ਮਿਸ਼ਨ, ਆਦਿੱਤਿਆ ਐੱਲ-1, ਸੂਰਜੀ ਮਿਸ਼ਨ ਤੇ ਗਗਨਯਾਨ ਪ੍ਰੀਖਣ ਵਾਹਨ ਦੀ ਲਾਂਚਿੰਗ ਦਰਮਿਆਨ ਇਸਰੋ ਦੇ ਮੁਖੀ ਐੱਸ. ਸੋਮਨਾਥ ਨੇ ਬੱਚਿਆਂ ਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸਵੈ-ਜੀਵਨੀ ਲਿਖੀ ਹੈ। ਉਨ੍ਹਾਂ ਦਾ ਇਹ ਯਤਨ ਉਨ੍ਹਾਂ ਲਿਆਕਤਮੰਦ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਹੈ, ਜਿਨ੍ਹਾਂ ਵਿਚ ਹਾਲੇ ਆਤਮ-ਵਿਸ਼ਵਾਸ ਦੀ ਕਮੀ ਹੈ। ਇਸ ਕਿਤਾਬ ਵਿਚ ਉਨ੍ਹਾਂ ਨੇ ਆਪਣੇ ਕਾਲਜ ਦੇ ਦਿਨਾਂ ਵਿਚ ਪੇਸ਼ ਆਈਆਂ ਮੁਸ਼ਕਲਾਂ ਦਾ ਉਚੇਚਾ ਜ਼ਿਕਰ ਕੀਤਾ ਹੈ। ਜਿਵੇਂ ਕਿ ਬੱਸ ਯਾਤਰਾ ਲਈ ਖ਼ਰਚਾ ਕੋਲ ਨਾ ਹੋਣ ਕਾਰਨ ਪੁਰਾਣੇ ਸਾਈਕਲ ’ਤੇ ਕਾਲਜ ਜਾਣ ਤੇ ਇੰਜੀਨੀਰਿੰਗ ਕਾਲਜ ਦੀ ਹੋਸਟਲ ਫੀਸ ਦੇ ਪੈਸੇ ਨਾ ਹੋਣ ’ਤੇ ਛੋਟੇ ਜਿਹੇ ਕਮਰੇ ਵਿਚ ਰਹਿਣ ਦੀ ਮਜਬੂਰੀ ਦਾ ਵਰਣਨ ਕੀਤਾ ਹੈ। ਆਤਮਕਥਾ ‘ਨਿਲਾਵੂ ਕੁਦਿਚਾ ਸਿੰਹਾਂਗਲ’ ਮਲਿਆਲਮ ਬੋਲੀ ਵਿਚ ਲਿਖੀ ਗਈ ਹੈ। ਜਦੋਂ ਮਲਿਆਲਮ ਬੋਲੀ ਵਿਚ ਕਿਤਾਬ ਲਿਖਣ ਦੀ ਵਜ੍ਹਾ ਪੁੱਛੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਂ-ਬੋਲੀ ਵਿਚ ਲਿਖਣ ਲੱਗੇ ਸਹਿਜ ਮਹਿਸੂਸ ਕਰਦਾ ਹਾਂ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਮੈਨੂੰ ਦਿਸ਼ਾ ਵਿਖਾਉਣ ਵਾਲਾ ਕੋਈ ਰਾਹਦਸੇਰਾ ਮੌਜੂਦ ਨਹੀਂ ਸੀ। ਮੈਨੂੰ ਇਹ ਵੀ ਰੌਸ਼ਨੀ ਨਹੀਂ ਸੀ ਕਿ ਬੀਐੱਸਸੀ ਕਰਨੀ ਚਾਹੀਦੀ ਹੈ ਜਾਂ ਇੰਜੀਨੀਰਿੰਗ। ਕਿਤਾਬ ਲਿਖਣ ਦਾ ਉਦੇਸ਼ ਲੋਕਾਂ ਨੂੰ ਔਖੇ ਹਾਲਾਤ ਵਿਚ ਮੁਸ਼ਕਲਾਂ ਨਾਲ ਜੂਝਦੇ ਹੋਏ ਅੱਗੇ ਵਧਣ ਦਾ ਪੈਗ਼ਾਮ ਦੇਣਾ ਹੈ। ਜੇ ਇਹ ਕਿਤਾਬ ਪੜ੍ਹ ਕੇ ਲੋਕ ਪ੍ਰੇਰਿਤ ਹੋ ਜਾਣ ਤਾਂ ਇਹ ਸਾਡਾ ਯਤਨ ਸਫਲ ਹੋਇਆ ਮੰਨ ਲਵਾਂਗੇ। ਚੰਦਰ ਮਿਸ਼ਨ ਨੇ ਸਮਾਜ ਵਿਚ ਵੱਡਾ ਅਸਰ ਪਾਇਆ ਹੈ। ਅਸੀਂ ਵੇਖ ਸਕਦੇ ਹਾਂ ਕਿ ਕਿੰਨੇ ਲੋਕ, ਖ਼ਾਸਕਰ ਬੱਚੇ ਇਸ ਦੀ ਸਫਲਤਾ ਸਦਕਾ ਰੁਮਾਂਚਿਤ ਹਨ। ਦੇਸ਼ ਵਾਸੀ ਸਮਝ ਗਏ ਹਨ ਕਿ ਭਾਰਤ ਤੇ ਇਸ ਦੇ ਲੋਕ ਮਹਾਨ ਕਾਰਜ ਕਰ ਸਕਦੇ ਹਨ।

‘ਕਿਸਮਤ’ ਜਾਂ ਸਖ਼ਤ ਮਿਹਨਤ ਨੂੰ ਲੈੇ ਕੇ ਪੁੱਛੇ ਸਵਾਲ ’ਤੇ ਸੋਮਨਾਥ ਨੇ ਕਿਹਾ ਕਿ ਸ਼ੁਰੂਆਤ ਵਿਚ ਸਾਨੂੰ ਕਿਸਮਤ ਦਾ ਸਾਥ ਮਿਲ ਸਕਦਾ ਹੈ ਪਰ ਅਖ਼ੀਰ ਆਪਣੇ ਰਸਤੇ ਵਿਚ ਆਉਣ ਵਾਲੇ ਹਰ ਸੰਕਟ ਦਾ ਮੁਕਾਬਲਾ ਖ਼ੁਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਕਈ ਲੋਕ ਮਕਸਦ ਲੈ ਕੇ ਇਸ ਖੇਤਰ ਵਿਚ ਆਉਣਗੇ।