ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕੰਪਨੀ ਤੇ ਗਾਹਕਾਂ ਨੂੰ ਚੂਨਾ ਲਗਾਉਣ ਲਈ ਫਲਿਪਕਾਰਟ ਕੰਪਨੀ ਦੇ ਡਿਲੀਵਰੀ ਬੁਆਏ ਨੇ ਆਪਣੇ ਸਾਥੀ ਨਾਲ ਮਿਲ ਕੇ ਗਾਹਕਾਂ ਨੂੰ ਭੇਜੇ ਜਾਣ ਵਾਲੇ ਵੱਖ-ਵੱਖ ਪਾਰਸਲਾਂ ‘ਚੋਂ 24 ਮੋਬਾਈਲ ਫੋਨ ਚੋਰੀ ਕਰ ਲਏ l ਇਸ ਘਟਨਾ ਦਾ ਜਦ ਖੁਲਾਸਾ ਹੋਇਆ ਤਾਂ ਫਲਿਪਕਾਰਟ ਕੰਪਨੀ ਦੇ ਹੱਬ ਇੰਚਾਰਜ ਮਹਾਵੀਰ ਨਗਰ ਦੇ ਰਹਿਣ ਵਾਲੇ ਤਨੁਜ ਧੀਮਾਨ ਨੇ ਇਸ ਦੀ ਸ਼ਿਕਾਇਤ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਦਿੱਤੀl ਮਾਮਲੇ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਇੰਦਰਾ ਕਲੋਨੀ ਬਾੜੇਵਾਲ ਰੋਡ ਦੇ ਰਹਿਣ ਵਾਲੇ ਮੁਕਲ ਸਿੰਘ ਅਤੇ ਉਸਦੇ ਅਣਪਛਾਤੇ ਸਾਥੀ ਦੇ ਖਿਲਾਫ ਚੋਰੀ ਦਾ ਮੁਕਦਮਾ ਦਰਜ ਕਰ ਲਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾl

ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਤਨੁਜ ਧੀਮਾਨ ਨੇ ਦੱਸਿਆ ਕਿ ਉਹ ਫਲਿਪਕਾਰਟ ਕੰਪਨੀ ਦਾ ਹੱਬ ਇੰਚਾਰਜ ਹੈ। ਕੰਪਨੀ ਦਾ ਸਾਫਟਵੇਅਰ (ਈਆਰਪੀ) ਚੈੱਕ ਕਰਨ ‘ਤੇ ਸਾਹਮਣੇ ਆਇਆ ਕਿ ਕੰਪਨੀ ‘ਚ ਡਿਲਿਵਰੀ ਬੁਆਏ ਦੇ ਤੌਰ ‘ਤੇ ਕੰਮ ਕਰਨ ਵਾਲੇ ਮੁਕਲ ਸਿੰਘ ਨੇ 30 ਅਕਤੂਬਰ ਤੋਂ ਲੈ ਕੇ 16 ਨਵੰਬਰ ਤਕ ਗਾਹਕਾਂ ਨੂੰ ਭੇਜੇ ਗਏ ਵੱਖ-ਵੱਖ ਪਾਰਸਲਾਂ ‘ਚੋਂ 24 ਮੋਬਾਈਲ ਫੋਨ ਚੋਰੀ ਕਰ ਲਏ ਹਨ।

ਮੁਲਜ਼ਮ ਨੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਆਪਣੇ ਇਕ ਸਾਥੀ ਦੀ ਮਦਦ ਨਾਲ ਦਿੱਤਾ l ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਉਮੇਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਕਲ ਸਿੰਘ ਅਤੇ ਉਸਦੇ ਅਣਪਛਾਤੇ ਸਾਥੀ ਦੇ ਖਿਲਾਫ ਚੋਰੀ ਦਾ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੜਤਾਲ ਦੇ ਦੌਰਾਨ ਇਸ ਮਾਮਲੇ ਦੇ ਕਈ ਹੋਰ ਵੀ ਖੁਲਾਸੇ ਹੋ ਸਕਦੇ ਹਨ। ਪੁਲਿਸ ਨੂੰ ਉਮੀਦ ਹੈ ਕਿ ਮੁਲਜ਼ਮ ਜਲਦੀ ਹੀ ਗ੍ਰਿਫਤਾਰ ਕਰ ਲਏ ਜਾਣਗੇ।