ਏਐੱਨਆਈ, ਨਵੀਂ ਦਿੱਲੀ : ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿਚ ਭਾਜਪਾ ਨੂੰ ਸ਼ਾਨਦਾਰ ਜਿੱਤ ਮਿਲੀ ਹੈ। ਇਸ ਜਿੱਤ ਨੇ ਵਿਰੋਧੀ ਆਗੂਆਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕਣ ਤੋਂ ਬਾਜ਼ ਨਹੀਂ ਆਉਂਦੇ।

ਤਿੰਨਾਂ ਸੂਬਿਆਂ ਵਿਚ ਭਾਜਪਾ ਦੀ ਜਿੱਤ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਨੇਤਾ ਮਾਇਆਵਤੀ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਨੂੰ ਰਾਸ ਨਹੀਂ ਆ ਰਹੀ। ਅੱਜ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਵੀ ਈਵੀਐੱਮ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਕੀਤੇ ਹਨ।

ਦਿਗਵਿਜੈ ਸਿੰਘ ਨੇ ਈਵੀਐੱਮ ‘ਤੇ ਚੁੱਕੇ ਸਵਾਲ

ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਚਿਪ ਵਾਲੀ ਕਿਸੇ ਵੀ ਮਸ਼ੀਨ ਨੂੰ ਹੈਕ ਕੀਤਾ ਜਾ ਸਕਦਾ ਹੈ। ਮੈਂ 2003 ਤੋਂ ਈਵੀਐੱਮ ਰਾਹੀਂ ਵੋਟ ਪਾਉਣ ਦਾ ਵਿਰੋਧ ਕਰਦਾ ਆ ਰਿਹਾ ਹਾਂ। ਕੀ ਅਸੀਂ ਆਪਣੇ ਭਾਰਤੀ ਲੋਕਤੰਤਰ ਨੂੰ ਪੇਸ਼ੇਵਰ ਹੈਕਰਾਂ ਦੁਆਰਾ ਨਿਯੰਤਰਿਤ ਕਰਨ ਦੀ ਇਜਾਜ਼ਤ ਦੇ ਸਕਦੇ ਹਾਂ! ਇਹ ਮੌਲਿਕ ਸਵਾਲ ਹੈ ਜਿਸ ਦਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੱਲ ਕਰਨਾ ਹੋਵੇਗਾ। ਮਾਣਯੋਗ ਚੋਣ ਕਮਿਸ਼ਨ ਅਤੇ ਮਾਣਯੋਗ ਸੁਪਰੀਮ ਕੋਰਟ, ਕੀ ਤੁਸੀਂ ਕਿਰਪਾ ਕਰਕੇ ਸਾਡੇ ਭਾਰਤੀ ਲੋਕਤੰਤਰ ਦੀ ਰੱਖਿਆ ਕਰੋਗੇ?

6 ਦਸੰਬਰ ਨੂੰ ਆਈਐੱਨਡੀਆਈਏ ਗਠਜੋੜ ਦੀ ਹੋਵੇਗੀ ਮੀਟਿੰਗ

ਇਸ ਦੇ ਨਾਲ ਹੀ ਕਾਂਗਰਸੀ ਆਗੂ ਨੇ ਇਕ ਅੰਗਰੇਜ਼ੀ ਅਖਬਾਰ ਦਾ ਆਰਟੀਕਲ ਵੀ ਸਾਂਝਾ ਕੀਤਾ ਹੈ। ਤਿੰਨ ਸੂਬਿਆਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਵਿਰੋਧੀ ਪਾਰਟੀਆਂ ‘ਚ ਖਲਬਲੀ ਮਚ ਗਈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜਾਣਕਾਰੀ ਸਾਹਮਣੇ ਆਈ ਸੀ ਕਿ I.N.D.I.A. ਗਠਜੋੜ ਦੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ ਹੈ। ਹਾਲਾਂਕਿ ਕੁਝ ਸਮੇਂ ਬਾਅਦ ਕਾਂਗਰਸੀ ਆਗੂ ਨੇ ਕਿਹਾ ਕਿ ਮੀਟਿੰਗ ਹੋਵੇਗੀ। ਇਹ ਮੀਟਿੰਗ 6 ਦਸੰਬਰ ਦੀ ਸ਼ਾਮ ਨੂੰ ਹੋਵੇਗੀ। ਸੀਐਮ ਮਮਤਾ ਬੈਨਰਜੀ ਅਤੇ ਸਪਾ ਨੇਤਾ ਅਖਿਲੇਸ਼ ਯਾਦਵ ਨੇ ਇਸ ਬੈਠਕ ‘ਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ।