Skip to content
Monday, November 2, 2026 6°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਗੱਲਾਂ ਗੱਲਾਂ ਵਿੱਚ ਹੀ ਬਣ ਗਈ ‘ਮੁੰਨਾ ਮਾਈਕਲ’ : ਸਬੀਰ ਖ਼ਾਨ

By Admin Published 5 min read

ਓ.ਪੀ. ਨੱਈਅਰ ਅਤੇ ਆਰ.ਡੀ. ਬਰਮਨ ਜਿਹੇ ਸੰਗੀਤਕਾਰਾਂ ਲਈ ਗੀਤ ਲਿਖਣ ਵਾਲੇ ਆਪਣੇ ਸਮੇਂ ਦੇ ਪ੍ਰਸਿੱਧ ਗੀਤਕਾਰ ਨੂਰ ਦੇਵਾਸੀ ਦਾ ਪੁੱਤਰ ਸਬੀਰ ਖ਼ਾਨ ਫ਼ਿਲਮ ‘ਮੁੰਨਾ ਮਾਈਕਲ’ ਦਾ ਨਿਰਦੇਸ਼ਕ ਹੈ। ਇਸ ਤੋਂ ਪਹਿਲਾਂ ਉਹ ‘ਹੀਰੋਪੰਤੀ’ ਅਤੇ ‘ਬਾਗ਼ੀ’ ਵਰਗੀਆਂ ਸਫ਼ਲ ਐਕਸ਼ਨ ਫ਼ਿਲਮਾਂ ਨਿਰਦੇਸ਼ਤ ਕਰ ਚੁੱਕਿਆ ਹੈ। ‘ਮੁੰਨਾ ਮਾਈਕਲ’ ਉਸ ਵੱਲੋਂ ਨਿਰਦੇਸ਼ਤ ਸੰਗੀਤਮਈ ਰੁਮਾਂਟਿਕ ਫ਼ਿਲਮ ਹੈ। ਪੇਸ਼ ਹੈ ਇਸ ਫ਼ਿਲਮ ਨੂੰ ਲੈ ਕੇ ਸਬੀਰ ਖ਼ਾਨ ਨਾਲ ਹੋਈ ਮੁਲਾਕਾਤ ਦੇ ਅੰਸ਼:

– ਇਹ ਫ਼ਿਲਮ ਕਿਵੇਂ ਵਜੂਦ ਵਿੱਚ ਆਈ?

– ਮੈਂ ਫ਼ਿਲਮ ‘ਹੀਰੋਪੰਤੀ’ ਦੀ ਸ਼ੂਟਿੰਗ ਸਮੇਂ ਇੱਕ ਦਿਨ ਐਵੇਂ ਹੀ ਇਸ ਫ਼ਿਲਮ ਦੀ ਕਹਾਣੀ ਟਾਈਗਰ ਸ਼ਰੌਫ਼ ਨੂੰ ਸੁਣਾਈ। ਉਸ ਮਗਰੋਂ ਮੈਂ ਇਸ ਗੱਲ ਨੂੰ ਭੁੱਲ ਚੁੱਕਿਆ ਸੀ। ਫ਼ਿਲਮ ‘ਬਾਗ਼ੀ’ ਤੋਂ ਬਾਅਦ ਮੈਂ ਛੁੱਟੀਆਂ ਮਨਾਉਣ ਜਾ ਰਿਹਾ ਸੀ। ਉਦੋਂ ਟਾਈਗਰ ਸ਼ਰੌਫ਼ ਦਾ ਫੋਨ ਆਇਆ ਕਿ ਤੁਸੀਂ ‘ਹੀਰੋਪੰਤੀ’ ਵੇਲੇ ਇੱਕ ਕਹਾਣੀ ਸੁਣਾਈ ਸੀ, ਕਿਉਂ ਨਾ ਉਸ ਉੱਤੇ ਫ਼ਿਲਮ ਬਣਾਈਏ! ਮੈਂ ਉਸ ਨੂੰ ਕਿਹਾ ਕਿ ਮੈਂ ਛੁੱਟੀਆਂ ਮਨਾਉਣ ਸਪੇਨ ਜਾ ਰਿਹਾ ਹਾਂ। ਜਦੋਂ ਮੈਂ ਵਾਪਸ ਆਇਆ ਤਾਂ ਟਾਈਗਰ ਮੇਰੇ ਕੋਲ ਆਇਆ। ਗੱਲਾਂ ਗੱਲਾਂ ਵਿੱਚ ਹੀ ਸੰਗੀਤਮਈ ਰੁਮਾਂਟਿਕ ਫ਼ਿਲਮ ‘ਮੁੰਨਾ ਮਾਈਕਲ’ ਦੀ ਕਹਾਣੀ ਬਣ ਗਈ।

– ਐਕਸ਼ਨ ਫ਼ਿਲਮ ਤੋਂ ਸੰਗੀਤਮਈ ਰੁਮਾਂਟਿਕ ਫ਼ਿਲਮ ਵੱਲ ਕਿਵੇਂ ਆਏ?

– ‘ਮੁੰਨਾ ਮਾਈਕਲ’ ਮੇਰੀਆਂ ਪਹਿਲਾਂ ਆਈਆਂ ਫ਼ਿਲਮਾਂ ਨਾਲੋਂ ਪੂਰੀ ਤਰ੍ਹਾਂ ਵੱਖਰੀ ਤਾਂ ਨਹੀਂ, ਪਰ ਮੇਰਾ ਟੀਚਾ ਹੁੰਦਾ ਹੈ ਕਿ ਫ਼ਿਲਮ ਲਈ ਅਜਿਹੀ ਕਹਾਣੀ ਦੀ ਚੋਣ ਕਰਾਂ ਜਿਸ ਨੂੰ ਪੂਰੇ ਦੇਸ਼ ਦੇ ਲੋਕ ਆਪਣੇ ਪੂਰੇ ਪਰਿਵਾਰ ਨਾਲ ਬੈਠ ਕੇ ਵੇਖ ਸਕਣ। ਉਂਜ, ‘ਹੀਰੋਪੰਤੀ’ ਅਤੇ ‘ਬਾਗ਼ੀ’ ਦੋਵੇਂ ਐਕਸ਼ਨ ਫ਼ਿਲਮਾਂ ਹੋਣ ਦੇ ਬਾਵਜੂਦ ਵੱਖੋ-ਵੱਖਰੀਆਂ ਸਨ। ਇਸ ਲਿਹਾਜ਼ ਨਾਲ ‘ਮੁੰਨਾ ਮਾਈਕਲ’ ਵੀ ਵੱਖਰੀ ਤਰ੍ਹਾਂ ਦੀ ਫ਼ਿਲਮ ਹੈ। ਇਸ ਫ਼ਿਲਮ ਵਿੱਚ ਸਿਰਫ਼ ਡਾਂਸ ਜਾਂ ਰੁਮਾਂਸ ਨਹੀਂ ਹੈ ਸਗੋਂ ਕਈ ਪਰਤਾਂ ਹਨ।

– ਇਸ ਦੀ ਕਹਾਣੀ ਕਿਸ ਤਰ੍ਹਾਂ ਦੀ ਹੈ?

– ਇਸ ਫ਼ਿਲਮ ਵਿੱਚ ਅਸੀਂ ਇਹ ਮੁੱਦਾ ਚੁੱਕਿਆ ਹੈ ਕਿ ਅਸੀਂ ਸਭ ਤਰ੍ਹਾਂ ਦੇ ਕੰਮ ਕਰਦੇ ਕਰਦੇ ਭੁੱਲ ਜਾਂਦੇ ਹਾਂ ਕਿ ਅਸਲ ਵਿੱਚ ਅਸੀਂ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੇ ਹਾਂ, ਸਾਡੇ ਆਪਣੇ ਸੁਪਨੇ ਕੀ ਹਨ। ਇਹ ਜ਼ਰੂਰੀ ਨਹੀਂ ਕਿ ਹਰ ਮਾਂ ਪਿਓ ਆਪਣੇ ਧੀ/ਪੁੱਤਰ ਨੂੰ ਡਾਕਟਰ ਜਾਂ ਇੰਜੀਨੀਅਰ ਹੀ ਬਣਾਉਣਾ ਸੋਚਣ। ਪੇਂਟਿੰਗ ਕਰਨਾ, ਗਾਣਾ ਗਾਉਣਾ, ਨ੍ਰਿਤ ਕਰਨਾ ਆਦਿ ਵੀ ਇੱਕ ਕਲਾ ਹੈ। ਜੇ ਕੋਈ ਬੱਚਾ ਕਿਸੇ ਅਜਿਹੀ ਕਲਾ ਵਿੱਚ ਦਿਲਚਸਪੀ ਰੱਖਦਾ ਹੈ ਅਤੇ ਉਸ ਦਿਸ਼ਾ ਵਿੱਚ ਕੁਝ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਅਜਿਹਾ ਕਰਨ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਡੀ ਫ਼ਿਲਮ ਵਿੱਚ ਪ੍ਰੇਮ ਕਹਾਣੀ ਵੀ ਹੈ।

– ਟਾਈਗਰ ਦੀ ਐਕਸ਼ਨ ਅਦਾਕਾਰ ਵਜੋਂ ਬਣੀ ਪਛਾਣ ਬਾਰੇ ਕੀ ਕਹੋਗੇ?

– ਉਂਜ ਤਾਂ ਹਰ ਕਲਾਕਾਰ ਆਪਣੀ ਬਣੀ ਹੋਈ ਸਾਖ ਤੋਂ ਹਟ ਕੇ ਕੰਮ ਕਰਨਾ ਚਾਹੁੰਦਾ ਹੈ, ਪਰ ਇਸ ਫ਼ਿਲਮ ਵਿੱਚ ਵੀ ਐਕਸ਼ਨ ਹੈ। ਇਸ ਦੇ ਬਾਵਜੂਦ ਇਹ ਐਕਸ਼ਨ ਦ੍ਰਿਸ਼ ਫ਼ਿਲਮ ‘ਬਾਗ਼ੀ’ ਨਾਲ ਮਿਲਦੇ ਜੁਲਦੇ ਨਹੀਂ। ਇਹ ਇੱਕ ਅਜਿਹੀ ਫ਼ਿਲਮ ਹੈ ਜਿਸ ਵਿੱਚ ਇੱਕ ਨਹੀਂ ਸਗੋਂ ਕਈ ਰਸ ਹਨ। ਹਰ ਰਸ ਦਾ ਆਪਣਾ ਵੱਖ ਮਹੱਤਵ ਹੈ। ਫਿਰ ਚਾਹੇ ਉਹ ਦੋਸਤੀ ਹੋਵੇ ਜਾਂ ਰੁਮਾਂਸ। ਇਸ ਫ਼ਿਲਮ ਵਿੱਚ ਹਾਸਰਸ, ਐਕਸ਼ਨ, ਨ੍ਰਿਤ, ਪਿਆਰ ਸਭ ਕੁਝ ਨਜ਼ਰ ਆਵੇਗਾ।

– ਇਹ ਫ਼ਿਲਮ ਕੀ ਸੁਨੇਹਾ ਦਿੰਦੀ ਹੈ?

– ‘ਮੁੰਨਾ ਮਾਈਕਲ’ ਦਾ ਸੁਨੇਹਾ ਹੈ ਕਿ ਜੇ ਤੁਹਾਡਾ ਕੋਈ ਸੁਪਨਾ ਹੈ ਤਾਂ ਉਸ ਨੂੰ ਪੂਰਾ ਕਰਨ ਦੀ ਇੱਛਾ ਰੱਖਣਾ ਠੀਕ ਹੈ। ਇਸ ਕੰਮ ਵਿੱਚ ਪੂਰੀ ਇਮਾਨਦਾਰੀ ਅਤੇ ਮਿਹਨਤ ਕਰੋ। ਇਹ ਲਾਜ਼ਮੀ ਨਹੀਂ ਹੈ ਕਿ ਦੇਸ਼ ਦਾ ਹਰ ਬੱਚਾ ਇੰਜੀਨੀਅਰ ਜਾਂ ਡਾਕਟਰ ਬਣੇ ਸਗੋਂ ਕਲਾ ਦੇ ਕਿਸੇ ਖੇਤਰ ਵਿੱਚ ਵੀ ਉਹ ਅੱਗੇ ਜਾ ਸਕਦਾ ਹੈ। ਅਸੀਂ ਇਹ ਸੁਨੇਹਾ ਵੀ ਦੇਣਾ ਚਾਹੁੰਦੇ ਹਾਂ ਕਿ ਡਾਂਸ ਇੱਕ ਅਜਿਹੀ ਕਲਾ ਹੈ ਜੋ ਉਮਰ ਦੇ ਕਿਸੇ ਵੀ ਪੜਾਅ ਉੱਤੇ ਸਿੱਖੀ ਜਾ ਸਕਦੀ ਹੈ।

– ਇਹ ਟਾਈਗਰ ਸ਼ਰੌਫ਼ ਨਾਲ ਤੁਹਾਡੀ ਤੀਜੀ ਫ਼ਿਲਮ ਹੈ।

– ਉਹ ਮੇਰੇ ਛੋਟੇ ਭਰਾ ਵਰਗਾ ਹੈ। ਜਦੋਂ ਅਸੀਂ ਇਕੱਠਿਆਂ ਪਹਿਲੀ ਫ਼ਿਲਮ ‘ਹੀਰੋਪੰਤੀ’ ਕੀਤੀ ਸੀ ਤਾਂ ਉਦੋਂ ਦੂਜੀ ਫ਼ਿਲਮ ਕਰਨ ਦੀ ਸਾਡੀ ਕੋਈ ਯੋਜਨਾ ਨਹੀਂ ਸੀ। ਇਹ ਫ਼ਿਲਮ ਦਰਸ਼ਕਾਂ ਨੂੰ ਪਸੰਦ ਆਈ ਅਤੇ ਹਿੱਟ ਹੋ ਗਈ। ਦਰਸ਼ਕਾਂ ਦੀ ਇੱਛਾ ਮੁਤਾਬਿਕ ਅਸੀਂ ਦੂਜੀ ਫ਼ਿਲਮ ‘ਬਾਗ਼ੀ’ ਕੀਤੀ। ਇਹ ਵੀ ਉਨ੍ਹਾਂ ਨੂੰ ਪਸੰਦ ਆਈ। ਹੁਣ ਦਰਸ਼ਕਾਂ ਦੀ ਇੱਛਾ ਦਾ ਮਾਣ ਰੱਖਦਿਆਂ ਅਸੀਂ ਤੀਜੀ ਫ਼ਿਲਮ ‘ਮੁੰਨਾ ਮਾਈਕਲ’ ਕੀਤੀ ਹੈ।

– ਨਵਾਜ਼ੂਦੀਨ ਸਿੱਦੀਕੀ ਨੂੰ ਫ਼ਿਲਮ ਵਿੱਚ ਲੈਣ ਦੀ ਕੀ ਵਜ੍ਹਾ ਰਹੀ?

– ਇਹ ਫ਼ਿਲਮ ਲਿਖਦਿਆਂ ਮਹੇਂਦਰ ਫ਼ੌਜੀ ਦੇ ਕਿਰਦਾਰ ਵਿੱਚ ਮੈਨੂੰ ਨਵਾਜ਼ੂਦੀਨ ਦਿਸ ਰਿਹਾ ਸੀ। ਪਟਕਥਾ ਖ਼ਤਮ ਹੁੰਦੇ ਹੁੰਦੇ ਮੈਨੂੰ ਭਰੋਸਾ ਹੋ ਗਿਆ ਕਿ ਇਹ ਕਿਰਦਾਰ ਨਵਾਜ਼ੂਦੀਨ ਲਈ ਕਮਾਲ ਦਾ ਹੋਵੇਗਾ। ਜਦੋਂ ਮੈਂ ਉਸ ਨੂੰ ਕਹਾਣੀ ਸੁਣਾਈ ਤਾਂ ਕਹਾਣੀ ਖ਼ਤਮ ਹੋਣ ਤੋਂ ਪਹਿਲਾਂ ਹੀ ਉਸ ਨੇ ਖੜ੍ਹਾ ਹੋ ਕੇ ਕਿਹਾ ਕਿ ਬਾਕੀ ਗੱਲਬਾਤ ਬਾਅਦ ਵਿੱਚ ਕਰ ਲਵਾਂਗੇ, ਮੈਂ ਮਹੇਂਦਰ ਦਾ ਕਿਰਦਾਰ ਨਿਭਾਉਣਾ ਚਾਹੁੰਦਾ ਹਾਂ। ਮੇਰੀ ਸੋਚ ਬਿਲਕੁਲ ਠੀਕ ਨਿਕਲੀ। ਨਵਾਜ਼ੁਦੀਨ ਨੇ ਮੰਨਿਆ ਕਿ ਉਸ ਨੇ ਹੁਣ ਤਕ ਇਸ ਤਰ੍ਹਾਂ ਦਾ ਕੋਈ ਕਿਰਦਾਰ ਨਹੀਂ ਨਿਭਾਇਆ।

– ਤੀਨ ਬੱਤੀ ਇਲਾਕੇ ਵਿੱਚ ਸ਼ੂਟਿੰਗ ਕਰਨ ਦੇ ਅਨੁਭਵ ਬਾਰੇ ਕੁਝ ਦੱਸੋ।

– ਟਾਈਗਰ ਦੇ ਪਿਤਾ ਜੈਕੀ ਸ਼ਰੌਫ਼ ਨੇ ਸਫ਼ਲ ਹੀਰੋ ਬਣਨ ਤੋਂ ਪਹਿਲਾਂ ਆਪਣੀ ਜ਼ਿੰਦਗੀ ਮੁੰਬਈ ਦੇ ਤੀਨ ਬੱਤੀ ਇਲਾਕੇ ਵਿੱਚ ਹੀ ਗੁਜ਼ਾਰੀ ਹੈ। ਇਸ ਇਲਾਕੇ ਤੋਂ ਟਾਈਗਰ ਸ਼ਰੌਫ਼ ਵਾਕਫ਼ ਹੈ। ਸਾਡੀ ਫ਼ਿਲਮ ਦੀ ਕਹਾਣੀ ਵੀ ਤੀਨ ਬੱਤੀ ਤੋਂ ਸ਼ੁਰੂ ਹੁੰਦੀ ਹੈ। ਮੁੰਨਾ ਉੱਥੇ ਹੀ ਜੰਮਿਆ ਪਲਿਆ ਹੈ ਤਾਂ ਸ਼ੂਟਿੰਗ ਉੱਥੇ ਹੀ ਕਰਨੀ ਸੀ। ਇਸ ਫ਼ਿਲਮ ਨੂੰ ਅਸੀਂ 90 ਦਿਨਾਂ ਵਿੱਚ ਫ਼ਿਲਮਾਇਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp