* ਸੁਖਮਿੰਦਰ ਸਿੰਘ ਸਹਿੰਸਰਾ *
ਕੋਈ ਸਮਾਂ ਸੀ ਜਦੋਂ ਸਰੂ ਜਿਡੇ ਕੱਦ, ਚੌੜੀਆਂ ਛਾਤੀਆਂ ਤੇ ਸੁਡੌਲ ਸਰੀਰ ਪੰਜਾਬੀਆਂ ਦੀ ਪਹਿਚਾਣ ਸਨ ਪਰ ਹੁਣ ਲਮਕਦੀਆਂ ਗੋਗੜਾਂ ਪੰਜਾਬੀਆਂ ਦੀ ਪਹਿਚਾਣ ਬਣ ਰਹੀਆਂ ਹਨ। ਬਹੁਤੇ ਪੰਜਾਬੀ ਬੇਹੱਦ ਮਾਣ ਨਾਲ ਆਪਣੀ ਗੋਗੜ ਨੂੰ ਰੱਜੇ-ਪੁੱਜੇ ਘਰ ਦੀ ਨਿਸ਼ਾਨੀ ਦੱਸਦੇ ਹਨ ਪਰ ਗੋਗੜ ਰੱਜੇ-ਪੁੱਜੇ ਘਰ ਦੀ ਨਿਸ਼ਾਨੀ ਨਹੀਂ, ਬਿਮਾਰੀ ਤੇ ਮਜ਼ਾਕ ਦੀ ਨਿਸ਼ਾਨੀ ਜ਼ਰੂਰ ਹੈ।
ਇਕ ਬੱਸ ਵਿਚ ਔਰਤ ਦੇ ਪਿੱਛੇ ਗੋਗੜ ਵਾਲਾ ਆਦਮੀ ਖੜ੍ਹਾ ਸੀ। ਔਰਤ ਬੋਲੀ, ‘ਭਾਈ ਸਾਹਿਬ, ਧਿਆਨ ਨਾਲ ਖਲੋਵੋ, ਧੱਕੇ ਨਾ ਮਾਰੋ।’ ਗੋਗੜ ਵਾਲਾ ਬੋਲਿਆ, ‘ਭੈਣ ਜੀ, ਮੈਂ ਧੱਕੇ ਨਹੀਂ ਮਾਰ ਰਿਹਾ, ਮੈਂ ਤਾਂ ਸਾਹ ਲੈ ਰਿਹਾ ਹਾਂ।’ ਇਕ ਗੋਗੜ ਵਾਲੇ ਨੇ ਰਿਕਸ਼ੇ ਵਾਲੇ ਨੂੰ ਪੁੱਛਿਆ, ‘ਫਲਾਣੀ ਜਗ੍ਹਾ ਲੈ ਚੱਲੇਗਾਂ?’ ਰਿਕਸ਼ੇ ਵਾਲਾ ਬੋਲਿਆ, ‘ਲੈ ਚੱਲਾਂਗੇ।’ ਗੋਗੜ ਵਾਲੇ ਨੇ ਜਦ ਪੈਸੇ ਪੁੱਛੇ ਤਾਂ ਰਿਕਸ਼ੇ ਵਾਲਾ ਬੋਲਿਆ, ‘ਹੋਰਨਾਂ ਕੋਲੋਂ ਦਸ ਰੁਪਏ ਲੈਂਦਾ ਹਾਂ, ਤੁਹਾਡੇ ਕੋਲੋਂ ਵੀਹ ਲਵਾਂਗਾ।’ ਗੋਗੜ ਵਾਲਾ ਪੁੱਛਣ ਲੱਗਾ, ‘ਮੇਰੇ ਕੋਲੋਂ ਵੀਹ ਕਿਉਂ?’ ਰਿਕਸ਼ੇ ਵਾਲੇ ਨੇ ਮਜ਼ਾਕ ਨਾਲ ਕਿਹਾ, ‘ਆਪਣੀ ਗੋਗੜ ਤਾਂ ਦੇਖੋ, ਮੈਨੂੰ ਤੁਹਾਡੇ ਦੋ ਚੱਕਰ ਲਗਾਉਣੇ ਪੈਣੇ ਆਂ।’ ਇਕ ਗੋਗੜ ਵਾਲੇ ਨੇ ਜਦ ਭਾਰ ਤੋਲਣ ਲਈ ਮਸ਼ੀਨ ਵਿਚ ਸਿੱਕਾ ਪਾਇਆ ਤਾਂ ਮਸ਼ੀਨ ਵਿਚੋਂ ਪਰਚੀ ਨਿਕਲੀ ਜਿਸ ‘ਤੇ ਲਿਖਿਆ ਸੀ ਇਕ ਸਮੇਂ ਇਕ ਵਿਅਕਤੀ ਤੋਂ ਵਧੇਰੇ ਵਿਅਕਤੀਆਂ ਨੂੰ ਭਾਰ ਤੋਲਣ ਦੀ ਇਜਾਜ਼ਤ ਨਹੀਂ ਹੈ।
ਸਿਹਤ ਮਾਹਿਰਾਂ ਅਨੁਸਾਰ ਗੋਗੜ (ਮੋਟਾਪਾ) ਦਾ ਮੁੱਖ ਕਾਰਨ ਪਾਚਣ ਪ੍ਰਣਾਲੀ (ਮੈਟਾਬੌਲਿਜ਼ਮ) ਵਿਚ ਗੜਬੜ ਹੋਣਾ ਹੈ। ਇਸ ਗੜਬੜ ਦਾ ਵੱਡਾ ਕਾਰਨ ਇਹ ਹੈ ਕਿ ਭੋਜਨ ਕਿਹੜਾ, ਕਿੰਨਾ, ਕਦੋਂ ਤੇ ਕਿਵੇਂ ਖਾਣ ਦੀ ਸਮਝ ਨਾ ਹੋਣਾ। ਇਕ ਭੋਜਨ ਵਿਗਿਆਨੀ (ਡਾਈਟੀਸ਼ੀਅਨ) ਦਾ ਕਹਿਣਾ ਹੈ ਕਿ ਭਾਵੇਂ ਗੋਗੜਾਂ ਵਾਲੇ ਬੇਹੱਦ ਸਮਝਦਾਰ ਹੋਣ ਪਰ ਉਨ੍ਹਾਂ ਦੀ ਗੋਗੜ ਨੂੰ ਦੇਖ ਕੇ ਇਹ ਸਮਝ ਆਉਂਦੀ ਹੈ ਕਿ ਉਨ੍ਹਾਂ ਨੂੰ ਭੋਜਨ ਖਾਣ ਬਾਰੇ ਬਿਲਕੁਲ ਸਮਝ ਨਹੀਂ ਹੈ। ਤਿੰਨ ਹਜ਼ਾਰ ਸਾਲ ਪਹਿਲਾਂ ਵਾਗਬੱਟ ਨਾਂਅ ਦੇ ਰਿਸ਼ੀ ਹੋਏ ਹਨ। ਉਨ੍ਹਾਂ ਦੀ ਉਮਰ 136 ਸਾਲ ਸੀ ਤੇ ਸਮੁੱਚਾ ਜੀਵਨ ਬਿਮਾਰੀਆਂ ਤੋਂ ਰਹਿਤ ਸੀ। ਉਨ੍ਹਾਂ ਨੇ ਅਸ਼ਟਾਂਗ ਸੰਗ੍ਰਹਿ ਨਾਂਅ ਦੀ ਕਿਤਾਬ ਵਿਚ ਸਰੀਰ ਦੀ ਤੰਦਰੁਸਤੀ ਲਈ ਸੱਤ ਹਜ਼ਾਰ ਸੂਤਰ ਦੱਸੇ ਹਨ। ਉਨ੍ਹਾਂ ਅਨੁਸਾਰ ਮੋਟਾਪੇ ਦਾ ਕਾਰਨ ਸਰੀਰ ਵਿਚ ਵਾਤ, ਪਿਤ ਤੇ ਕਫ਼ ਦੇ ਸੰਤੁਲਨ ਦਾ ਵਿਗੜਣਾ ਹੈ। ਇਸ ਸੰਤੁਲਨ ਨੂੰ ਕਾਇਮ ਰੱਖਣਾ ਸਭ ਤੋਂ ਵੱਡੀ ਕਲਾ ਹੈ। ਉਹ ਦੱਸਦੇ ਹਨ ਕਿ ਇਸ ਸੰਤੁਲਨ ਵਾਸਤੇ ਭੋਜਨ ਤੋਂ ਬਾਅਦ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ, ਕੁਝ ਸਮਾਂ ਬਾਅਦ ਪਾਣੀ ਪੀਣਾ ਚਾਹੀਦਾ ਹੈ। ਤੁਰੰਤ ਪਾਣੀ ਪੀਣਾ ਜ਼ਹਿਰ ਪੀਣ ਦੇ ਬਰਾਬਰ ਹੈ। ਪਰਮਾਤਮਾ ਦੀ ਬਣਾਈ ਹੋਈ ਕਿਰਿਆ ਅਨੁਸਾਰ ਸਾਡੇ ਸਰੀਰ ਅੰਦਰ ਭੋਜਨ ਨੂੰ ਪਚਾਉਣ ਲਈ ਪੈਦਾ ਹੁੰਦੀ ਅਗਨੀ ਤੁਰੰਤ ਪਾਣੀ ਪੀਣ ਨਾਲ ਬੁਝ ਜਾਂਦੀ ਹੈ। ਜਿਸ ਕਾਰਨ ਪਾਚਣ ਕਿਰਿਆ ਮੱਧਮ ਪੈ ਜਾਂਦੀ ਹੈ ਜਾਂ ਰੁਕ ਜਾਂਦੀ ਹੈ ਤੇ ਪਾਚਣ ਪ੍ਰਣਾਲੀ ਵਿਗੜ ਜਾਂਦੀ ਹੈ। ਪਾਚਣ ਪ੍ਰਣਾਲੀ ਵਿਚ ਵਿਗਾੜ ਕਾਰਨ ਸਰੀਰ ਵਿਚ ਮੋਟਾਪਾ ਤੇ ਹੋਰ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ।
ਆਯੁਰਵੇਦ ਦੇ ਮਾਹਿਰਾਂ ਅਨੁਸਾਰ ਹਮੇਸ਼ਾ ਭੋਜਨ ਸੂਰਜ ਦੀ ਰੋਸ਼ਨੀ ਅਨੁਸਾਰ ਖਾਣਾ ਚਾਹੀਦਾ ਹੈ। ਸੂਰਜ ਦੀ ਰੋਸ਼ਨੀ ਦਾ ਭਾਵ ਸੂਰਜ ਦਿਸਣ ਤੋਂ ਨਹੀਂ, ਦਿਨ ਦੇ ਸਮੇਂ ਤੋਂ ਹੈ। ਸਵੇਰ ਤੇ ਦੁਪਹਿਰ ਨੂੰ ਰੱਜਵਾਂ ਭੋਜਨ ਖਾਧਾ ਜਾ ਸਕਦਾ ਪਰ ਰਾਤ ਨੂੰ ਹਲਕਾ ਭੋਜਨ ਖਾਣਾ ਚਾਹੀਦਾ ਹੈ ਕਿਉਂਕਿ ਦਿਨ ਸਮੇਂ ਸਰੀਰ ਵਿਚਲੀ ਅਗਨੀ ਪ੍ਰਬਲ ਹੋਣ ਕਾਰਨ ਭੋਜਨ ਛੇਤੀ ਪਚ ਜਾਂਦਾ ਹੈ। ਰਾਤ ਸਮੇਂ ਅਗਨੀ ਵਧੇਰੇ ਪ੍ਰਬਲ ਨਾ ਹੋਣ ਕਾਰਨ ਭੋਜਨ ਛੇਤੀ ਨਹੀਂ ਪਚਦਾ ਤੇ ਗੋਗੜਾਂ ਦਾ ਕਾਰਨ ਬਣ ਜਾਂਦਾ ਹੈ। ਪਰ ਅਸੀਂ ਉਲਟ ਕਰਦੇ ਹਾਂ।
ਵੈਸੇ ਭੋਜਨ ਦਾ ਸੰਬੰਧ ਸਵਾਦ ਨਾਲ ਨਹੀਂ, ਭੁੱਖ ਨਾਲ ਹੈ। ਭੁੱਖ ਲੱਗੀ ਹੋਵੇ ਤਾਂ ਸਬਜ਼ੀ ਤੋਂ ਬਗੈਰ ਇਕੱਲੀ ਰੋਟੀ ਹੀ ਸਵਾਦ ਲਗਦੀ ਹੈ। ਭੁੱਖ ਨਾ ਹੋਵੇ ਤਾਂ ਸਵਾਦਲੇ ਪਦਾਰਥ ਵੀ ਸਵਾਦ ਨਹੀਂ ਲਗਦੇ। ਗੋਗੜਾਂ ਵਾਲੇ ਸ਼ਾਇਦ ਭੁੱਖ ਮਿਟਾਉਣ ਲਈ ਨਹੀਂ, ਸਵਾਦ ਲਈ ਖਾਂਦੇ ਹਨ। ਉਨ੍ਹਾਂ ਦੀ ਸੱਤਰ ਗ੍ਰਾਮ ਦੀ ਜ਼ੁਬਾਨ ਕਵਿੰਟਲ ਦੀ ਗੋਗੜ ਬਣਾ ਦਿੰਦੀ ਹੈ।
ਫਾਸਟ ਤੇ ਜੰਕ ਫੂਡ ਜਿਵੇਂ ਪੀਜ਼ਾ, ਬਰਗਰ ਆਦਿ ਬੇਹੱਦ ਕੈਲਰੀਜ਼ ਭਰਪੂਰ ਹੁੰਦੇ ਹਨ। ਇਹ ਬਹੁਤ ਔਖੇ ਤੇ ਦੇਰ ਨਾਲ ਹਜ਼ਮ ਹੁੰਦੇ ਹਨ। ਇਸ ਨਾਲ ਪਾਚਣ ਪ੍ਰਣਾਲੀ ‘ਤੇ ਮਾੜਾ ਅਸਰ ਪੈਂਦਾ ਹੈ। ਮੈਂ ਬਰਗਰ ਨੂੰ ਬੇੜਾਗਰਕ ਕਹਿੰਦਾ ਹਾਂ।
ਗੋਗੜ ਘਟਾਉਣ ਦਾ ਸੌਖਾ ਤਰੀਕਾ ਇਹ ਹੈ ਕਿ ਜਮ੍ਹਾਂ ਹੋਈਆਂ ਕੈਲਰੀਜ਼ ਨੂੰ ਸੈਰ ਜਾਂ ਕਸਰਤ ਆਦਿ ਦੁਆਰਾ ਨਸ਼ਟ ਕਰ ਦਿਓ ਤੇ ਭਵਿੱਖ ਵਿਚ ਕੈਲਰੀਜ਼ ਵਾਲੇ ਭੋਜਨ ਤੋਂ ਪ੍ਰਹੇਜ਼ ਕਰੋ। ਕਈ ਗੋਗੜ ਘਟਾਉਣ ਲਈ ਦਵਾਈਆਂ ਖਾਣਗੇ, ਭੋਜਨ ਵਿਗਿਆਨੀਆਂ ਕੋਲ ਜਾਣਗੇ ਪਰ ਕੈਲਰੀਜ਼ ਭਰਪੂਰ ਭੋਜਨ ਖਾਣਾ ਬੰਦ ਨਹੀਂ ਕਰਨਗੇ। ਗੋਗੜ ਘਟਾਉਂਦਿਆਂ ਉਨ੍ਹਾਂ ਦੀ ਜੇਬਾਂ ਢਿਲਕ ਜਾਂਦੀਆਂ ਹਨ ਪਰ ਗੋਗੜਾਂ ਜ਼ਰਾ ਜਿੰਨੀਆਂ ਵੀ ਨਹੀਂ ਢਿਲਕਦੀਆਂ।