Ad-Time-For-Vacation.png

ਰਮਤੇ ਯੋਗੀ ਹੀ ਲੁੱਟਦੇ ਹਨ ਬੁੱਲੇ

ਬਿਲਜਿੰਦਰ ਜੌੜਕੀਆਂ

ਵਿਅਕਤੀ ਨੂੰ ਜਗਤ ਤਮਾਸ਼ੇ ਨਾਲ ਜੋੜ ਕੇ ਰੱਖਣਾ ਬਹੁਤ ਵੱਡਾ ਮਸਲਾ ਹੈ। ਜ਼ਿੰਦਗੀ ਨਾਲ ਇਕਸੁਰਤਾ ਹੀ ਵਿਸ਼ਵ ਸ਼ਾਂਤੀ ਦਾ ਧੁਰਾ ਹੈ। ਮਨੁੱਖ ਸਾਰੇ ਕੰਮ ਆਰਥਿਕ ਲਾਭ ਲਈ ਨਹੀਂ ਕਰਦਾ। ਕੁਝ ਕੰਮ ਸਾਡੀ ਰੂਹ ਨਾਲ ਜੁੜੇ ਹੁੰਦੇ ਹਨ ਜਿਨ੍ਹਾਂ ਨੂੰ ਕਰਦੇ ਹੋਏ ਸਾਨੂੰ ਬੋਝ ਮਹਿਸੂਸ ਨਹੀਂ ਹੁੰਦਾ। ਇਸੇ ਲਈ ਕਿਹਾ ਜਾਂਦਾ ਹੈ ਕਿ ਆਪਣੀ ਰੂਹ ਨਾਲ ਜੁੜੇ ਕੰਮ ਨੂੰ ਆਪਣੀ ਰੋਜ਼ੀ ਦਾ ਸਾਧਨ ਬਣਾ ਲਉ ਤਾਂ ਸਾਰੀ ਉਮਰ ਹਲਕੇ-ਫੁਲਕੇ ਰਹੋਗੇ। ਅਸੀਂ ਨਵੀਂ ਦੁਨੀਆਂ ਦੇ ਦਰਸ਼ਨ ਲਈ ਸੈਰ ਸਪਾਟਾ ਕਰਦੇ ਹਾਂ। ਜਦੋਂ ਸਾਡੇ ਅੰਦਰੋਂ ਨਵਾਂ ਵੇਖਣ ਜਾਂ ਕਰਨ ਦੀ ਤਾਂਘ ਮੁੱਕ ਜਾਂਦੀ ਹੈ ਤਾਂ ਸਾਡਾ ਮਨ ਨੀਰਸਤਾ ਨਾਲ ਭਰ ਜਾਂਦਾ ਹੈ ਅਤੇ ਜੀਵਨ ਅਮੁੱਕ ਮਾਰੂਥਲ ਬਣ ਜਾਂਦਾ ਹੈ। ਕਿਸੇ ਵੀ ਪਰਿਵਾਰ ਜਾਂ ਦੇਸ਼ ਦੇ ਉਦਾਸ ਲੋਕ ਦੂਜਿਆਂ ਉਪਰ ਵੀ ਬੋਝ ਬਣ ਜਾਂਦੇ ਹਨ। ਅਜਿਹੇ ਥੱਕੇ ਹੋਏ ਲੋਕ ਉਤਪਾਦਕਤਾ ਦੇ ਰਾਹ ਵਿੱਚ ਰੋੜਾ ਬਣ ਜਾਂਦੇ ਹਨ। ਇਸ ਬੋਰੀਅਤ ਨੂੰ ਤੋੜਨ ਵਿੱਚ ਭ੍ਰਮਣ ਰਾਮਬਾਣ ਦਾ ਕੰਮ ਕਰਦਾ ਹੈ। ਇਸੇ ਲਈ ਬਹੁਕੌਮੀ ਕੰਪਨੀਆਂ ਜਾਂ ਬਰੈਂਡਡ ਫਰਮਾਂ ਆਪਣੇ ਕਰਮਚਾਰੀਆਂ ਅਤੇ ਨਿਵੇਸ਼ਕਾਂ ਅੰਦਰ ਕੰਮ ਦਾ ਉਤਸ਼ਾਹ ਬਣਾਈ ਰੱਖਣ ਲਈ ਮੁਫ਼ਤ ਟੂਰਾਂ ਦਾ ਪ੍ਰਬੰਧ ਕਰਦੀਆਂ ਹਨ ਤਾਂ ਜੋ ਉਹ ਊਰਜਾਵਾਨ ਹੋ ਕੇ ਕੰਮ ਕਰਦੇ ਰਹਿਣ। ਵਿਕਸਤ ਮੁਲਕਾਂ ਦੇ ਲੋਕ ਸੈਰ ਸਪਾਟੇ ਨੂੰ ਬਹੁਤ ਤਰਜੀਹ ਦਿੰਦੇ ਹਨ ਤਾਂ ਹੀ ਕੋਲੰਬਸ ਵਰਗਿਆਂ ਨੇ ਅਨੇਕਾਂ ਖ਼ਤਰੇ ਮੁੱਲ ਲੈਂਦਿਆਂ ਹਜ਼ਾਰਾਂ ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਅਮਰੀਕਾ ਦੀ ਖੋਜ ਕੀਤੀ। ਵਾਸਕੋ ਡੀ ਗਾਮਾ, ਫਾਹੀਯਾਨ, ਹਿਊਨਸਾਂਗ, ਮੈਂਗਸਥਨੀਜ਼ ਵੀ ਇਸੇ ਕਤਾਰ ਦੇ ਸੈਲਾਨੀ ਯੋਧੇ ਸਨ। ਇਨ੍ਹਾਂ ਦੀਆਂ ਆਪਣੇ ਸਮਿਆਂ ਦੇ ਸਮਾਜਿਕ, ਆਰਥਿਕ ਤੇ ਰਾਜਨੀਤਕ ਵਰਤਾਰਿਆਂ ਬਾਰੇ ਲਿਖਤਾਂ ਅਜੋਕੇ ਸਮੇਂ ਵਿੱਚ ਇਤਿਹਾਸ ਦੇ ਸਭ ਤੋਂ ਭਰੋਸੇਯੋਗ ਸੋਮੇ ਹਨ। ਸਾਹਿਤ ਤੇ ਯਾਤਰਾ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਤਾਂ ਹੀ ਬਹੁਤ ਸਾਰੇ ਲੇਖਕ ਭਾਰਤ ਘੁੰਮਣ ਦੇ ਨਾਲ-ਨਾਲ ਵਿਕਸਤ ਮੁਲਕਾਂ ਦੇ ਸੈਰ ਸਪਾਟੇ ਵੀ ਕਰਦੇ ਹਨ। ਨਵੀਆਂ ਧਰਤੀਆਂ ਨੂੰ ਵੇਖਣਾ, ਨਵੇਂ ਲੋਕਾਂ ਨੂੰ ਮਿਲਣਾ, ਵੱਖਰੇ ਮੌਸਮਾਂ ਦਾ ਆਨੰਦ ਮਾਣਨਾ, ਹੋਰ ਹੀ ਕਿਸਮ ਦੇ ਜੀਵ ਜੰਤੂਆਂ ਨੂੰ ਵਾਚਣਾ, ਵੱਖਰੀ ਕਿਸਮ ਦੀ ਬਨਸਪਤੀ ਦਾ ਸਕੂਨ ਲੈਣਾ, ਲੋਕਾਂ ਨੂੰ ਨਿਰਬਾਹ ਕਰਨ ਲਈ ਮੂਲੋਂ ਹੀ ਵੱਖਰੇ ਕੰਮ ਕਰਦੇ ਵੇਖਣਾ ਆਦਿ ਜਿਹੇ ਖ਼ੂਬਸੂਰਤ ਤੇ ਮਨਮੋਹਣੇ ਅਨੁਭਵਾਂ ਨਾਲ ਵਿਅਕਤੀ ਦੀ ਸੋਚ ਬਹੁਤ ਵਿਸ਼ਾਲ ਹੋ ਜਾਂਦੀ ਹੈ। ਇਹ ਬਿਲਕੁਲ ਪ੍ਰਮਾਣਿਕ ਤੱਥ ਹੈ ਕਿ ਯਾਤਰਾਵਾਂ ‘ਤੇ ਜਾਣ ਨਾਲ ਵਿਅਕਤੀ ਦੀ ਸਿਰਜਣਾਤਮਕ ਸ਼ਕਤੀ ਨੂੰ ਨਵੇਂ ਆਯਾਮ ਮਿਲਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਕਲਾਕ੍ਰਿਤਾਂ ਦਿਲਚਸਪ ਹੋ ਜਾਂਦੀਆਂ ਹਨ। ਸੋਚਾਂ ਨੂੰ ਖੰਭ ਲਾਉਣ ਲਈ ਦੂਰ ਦਰਾਡੇ ਇਲਾਕਿਆਂ ਦੀ ਖਾਕ ਛਾਣਨੀ ਅਤੇ ਨਵੇਂ ਰਾਹਾਂ ਦਾ ਪਾਂਧੀ ਹੋਣਾ ਜ਼ਰੂਰੀ ਹੈ। ਅੱਜ ਦੁਨੀਆਂ ਵਿਸ਼ਵੀਕ੍ਰਿਤ ਪਿੰਡ ਹੈ। ਸੰਚਾਰ ਸਾਧਨਾਂ ਤੇ ਸੋਸ਼ਲ ਮੀਡੀਆ ਨੇ ਸਾਨੂੰ ਦੁਨੀਆਂ ਨਾਲ ਇਕਮਿਕ ਕਰ ਦਿੱਤਾ ਹੈ। ਸਾਹਿਤ ਦੀ ਗੱਲ ਕਰੀਏ ਤਾਂ ਲੇਖਕ ਦੀ ਕਿਰਤ ਪੂਰੀ ਦੁਨੀਆਂ ਨੂੰ ਕਲਾਵੇ ਵਿੱਚ ਲੈਣ ਵਾਲੀ ਹੋਣੀ ਲਾਜ਼ਮੀ ਹੈ। ਅਜੋਕਾ ਪਾਠਕ ਬਹੁਭਾਂਤੀ ਤੇ ਬਹੁਸੁਆਦੀ ਲਿਖਤਾਂ ਦੀ ਮੰਗ ਕਰਦਾ ਹੈ। ਇਸ ਲਈ ਕਲਾਕਾਰਾਂ ਤੇ ਲੇਖਕਾਂ ਨੂੰ ਮੰਡਾਸਾ ਮਾਰ ਕੇ ਲੰਬੇ ਨਿਕਲਣਾ ਜ਼ਰੂਰੀ ਹੈ। ਕਈ ਵਾਰ ਨੇੜੇ ਤੇੜੇ ਗੇੜਾ ਮਾਰਨ ਨਾਲ ਹੀ ਨਵਾਂ ਮਸਾਲਾ ਮਿਲ ਜਾਂਦਾ ਹੈ। ਭਾਵੇਂ ਅਸੀਂ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਦਰਸ਼ਨ ਕਰ ਲੈਂਦੇ ਹਾਂ, ਪਰ ਜੇ ਲੇਖਕ ਨੇ ਦੂਰ ਧਰਤੀਆਂ ਦੇ ਲੋਕਾਂ ਦੀ ਜੀਵਨ ਧਾਰਾ ਜਾਂ ਵਿਸ਼ਵਾਸਾਂ ਬਾਰੇ ਲਿਖਣਾ ਹੈ ਤਾਂ ਉਹ ਉੱਥੇ ਜਾ ਕੇ ਸਭ ਕਾਸੇ ਦੀ ਪੈੜ ਨੱਪ ਸਕਦਾ ਹੈ। ਘੁਮੱਕੜ ਬੰਦੇ ਪੁਰਾਣੇ ਵਿਚਾਰਾਂ ਨੂੰ ਸੱਪ ਦੀ ਕੁੰਜ ਵਾਂਗ ਲਾਹ ਸੁੱਟਦੇ ਹਨ ਅਤੇ ਨਵੇਂ ਤਰਕਾਂ ਤੇ ਵਿਸ਼ਵਾਸ਼ਾਂ ਨਾਲ ਲੈਸ ਹੋ ਕੇ ਵਹਿਮਾਂ ਭਰਮਾਂ ਦੀਆਂ ਹਨੇਰੀਆਂ ਰਾਤਾਂ ਵਿੱਚ ਜੁਗਨੂੰਆਂ ਦਾ ਕੰਮ ਕਰਦੇ ਹਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਚਾਰ ਉਦਾਸੀਆਂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਸਮੇਂ ਦੇ ਬਾਬਰ ਵਰਗੇ ਸ਼ਕਤੀਸ਼ਾਲੀ ਬਾਦਸ਼ਾਹ ਬਾਬਰ ਨੂੰ ‘ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ’ ਕਹਿ ਕੇ ਨਿਹੋਰਾ ਮਾਰਿਆ ਜਿਸ ਮਗਰੋਂ ਉਸ ਨੂੰ ਆਪਣੇ ਜ਼ੁਲਮਾਂ ਨੂੰ ਠੱਲ੍ਹ ਪਾਉਣੀ ਪਈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਪਟਨੇ ਤਕ ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਦੱਖਣੀ ਭਾਰਤ ਤਕ ਯਾਤਰਾ ਕੀਤੀ ਅਤੇ ਅਨੇਕਾਂ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਜਿਨ੍ਹਾਂ ਵਿੱਚ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲਾ ਬੰਦਾ ਸਿੰਘ ਬਹਾਦਰ ਵੀ ਸ਼ਾਮਲ ਸੀ। ਇਹ ਸਭ ਕੁਝ ਤਾਂ ਹੋਇਆ ਜੇ ਉਹ ਆਪਣੇ ਘਰ-ਬਾਰ ਛੱਡ ਕੇ ਬਾਹਰ ਨਿਕਲੇ।

ਵਿਗਿਆਨਕ ਖੋਜੀਆਂ ਦੀ ਗੱਲ ਕਰੀਏ ਤਾਂ ਸਮੇਂ ਦੇ ਹਾਕਮਾਂ ਨੇ ਗੈਲੀਲਿਓ, ਅਲਫਰਡ ਨੋਬੇਲ, ਨਿਊਟਨ ਵਰਗੇ ਮਹਾਨ ਵਿਗਿਆਨੀਆਂ ਦੇ ਰਸਤਿਆਂ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਤਾਂ ਜੋ ਉਹ ਜਨਤਾ ਨੂੰ ਚਾਨਣ ਵੱਲ ਨਾ ਲਿਜਾ ਸਕਣ। ਪਰ ਇਨ੍ਹਾਂ ਨੇ ਜਲਾਵਤਨ ਹੋ ਕੇ ਵੀ ਆਪਣੇ ਖੋਜ ਕਾਰਜ ਜਾਰੀ ਰੱਖੇ ਤੇ ਅੰਤ ਸਫਲਤਾ ਦੀਆਂ ਟੀਸੀਆਂ ਨੂੰ ਚੁੰਮਿਆ। ਮਹਾਨ ਦਾਰਸ਼ਨਿਕ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇਣਾ ਵੀ ਇਸੇ ਕਤਾਰ ‘ਚ ਸ਼ੁਮਾਰ ਸੀ। ਹਰਗੋਬਿੰਦ ਖੁਰਾਣਾ ਵਰਗੇ ਅਨੇਕਾਂ ਵਿਗਿਆਨੀਆਂ ਨੇ ਹਾਲਾਤ ਸਾਜ਼ਗਾਰ ਨਾ ਹੋਣ ਕਰਕੇ ਲੰਬੀਆਂ ਉਡਾਣਾਂ ਭਰੀਆਂ ਤੇ ਸਫਲਤਾ ਦੇ ਝੰਡੇ ਗੱਡੇ। ਭਾਰਤੀ ਮੂਲ ਦੇ ਕਿੰਨੇ ਹੀ ਵਿਅਕਤੀ ਵਿਦੇਸ਼ਾਂ ਵਿੱਚ ਇਸ ਕਰਕੇ ਸਫਲ ਹਨ ਕਿ ਉਹ ਖ਼ੁਦ ਜਾਂ ਉਨ੍ਹਾਂ ਦੇ ਪੁਰਖੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਰਮਤੇ ਹੋ ਗਏ ਤੇ ਬਿਗਾਨੀਆਂ ਧਰਤੀਆਂ ਉੱਤੇ ਸਫਲਤਾਵਾਂ ਦੇ ਝੰਡੇ ਗੱਡ ਉੱਥੋਂ ਦੇ ਰਾਜ ਭਾਗਾਂ ਦੇ ਭਾਈਵਾਲ ਬਣ ਗਏ।
ਮਨੁੱਖ ਅੰਦਰ ਨਵੀਂ ਕਲਪਨਾ ਸ਼ਕਤੀ ਦਾ ਸੰਚਾਰ ਹੋਣਾ ਨਵੇਂ ਵਿਅਕਤੀ ਦਾ ਜਨਮ ਹੋਣ ਦੇ ਸਮਾਨ ਹੈ। ਜੇ ਵਿਅਕਤੀ ਕੋਹਲੂ ਦੇ ਬੈਲ ਵਾਂਗ ਇੱਕੋ ਥਾਂ ਹੀ ਗੇੜੇ ਕੱਢੀ ਜਾਵੇ ਤਾਂ ਉਸ ਅੰਦਰ ਨਵੀਨਤਾ ਨਹੀਂ ਆ ਸਕਦੀ। ਖੂਹ ਦਾ ਡੱਡੂ ਵਰਗੀ ਕਹਾਵਤ ਵੀ ਅਜਿਹੇ ਲੋਕਾਂ ਲਈ ਬਣੀ ਹੈ ਜੋ ਦਾਇਰਿਆਂ ਅੰਦਰ ਹੀ ਜ਼ਿੰਦਗੀ ਬਸਰ ਕਰ ਕੇ ਜਹਾਨੋਂ ਕੂਚ ਕਰ ਜਾਂਦੇ ਹਨ। ਪੂੰਜੀ ਕਿਸੇ ਦੀ ਮਿੱਤ ਨਹੀਂ। ਇਹ ਨਾ ਤਾਂ ਨਾਲ ਆਈ ਹੈ ਤੇ ਨਾ ਹੀ ਨਾਲ ਜਾਵੇਗੀ। ਇਸ ਲਈ ਆਪਣੇ ਸਮੇਂ ਅਤੇ ਸਾਧਨਾਂ ਦੀ ਸੰਤੁਲਿਤ ਵਰਤੋਂ ਕਰਦਿਆਂ ਦੁਨੀਆਂ ਦਰਸ਼ਨ ਕਰਦੇ ਹੋਏ ਭਰਪੂਰ ਜੀਵਨ ਜੀਵੀਏ। ਤਹਾਨੂੰ ਸ਼ਖ਼ਸੀ ਅਮੀਰੀ ਬਖ਼ਸ਼ਣ ਲਈ ਨਵੀਆਂ ਥਾਵਾਂ ਤੇ ਨਵੇਂ ਲੋਕ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਬਸ ਲੋੜ ਤੁਹਾਡੇ ਹੰਭਲੇ ਦੀ ਹੈ ਕਿ ਤੁਸੀਂ ਕਦੋਂ ਲੰਬੀਆਂ ਵਾਟਾਂ ਦੇ ਪਾਂਧੀ ਬਣਦੇ ਹੋ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.