ਡਿਜੀਟਲ ਡੈਸਕ, ਜੈਪੁਰ: ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਮੰਗਲਵਾਰ ਨੂੰ ਦਿਨ-ਦਿਹਾੜੇ ਤਿੰਨ ਬਦਮਾਸ਼ਾਂ ਨੇ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੈੜੀ ਨੂੰ ਗੋਲ਼ੀਆਂ ਨਾਲ ਭੁੰਨ ਸੁੱਟਿਆ ਅਤੇ ਫਿਰ ਭੱਜ ਗਏ। ਸੁਖਦੇਵ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਰਾਜਪੂਤ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੈੜੀ ਦੇ ਨਾਲ ਘਟਨਾ ਦੌਰਾਨ ਮੌਜੂਦ ਗਾਰਡ ਅਜੀਤ ਸਿੰਘ ਨੂੰ ਵੀ ਗੋਲ਼ੀ ਲੱਗੀ ਹੈ। ਅਜੀਤ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਹਨ ਅਤੇ ਜੈਪੁਰ ਦੇ ਇਕ ਹਸਪਤਾਪਲ ‘ਚ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ, ਗਾਰਡ ਵੱਲੋਂ ਕੀਤੀ ਗਈ ਫਾਇਰਿੰਗ ‘ਚ ਇਕ ਹਮਲਾਵਰ ਦੀ ਵੀ ਮੌਤ ਹੋ ਗਈ। ਗੈਂਗਸਟਰ ਰੋਹਿਤ ਗੋਦਾਰਾ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।

ਕੌਣ ਹੈ ਸੁਖਦਵ ਸਿੰਘ ਗੋਗਾਮੈੜੀ?

ਸੁਖਦੇਵ ਸਿੰਘ ਗੋਗਾਮੈੜੀ ਰਾਜਸਥਾਨ ‘ਚ ਰਾਜਪੂਤਾਂ ਦੇ ਨੇਤਾ ਸਨ। ਰਾਜਪੂਤਾਂ ‘ਚ ਉਨ੍ਹਾਂ ਦਾ ਖਾਸਾ ਸਨਮਾਨ ਸੀ ਅਤੇ ਨੌਜਵਾਨਾਂ ਦੇ ਪਸੰਦੀਦਾ ਸਨ। ਉਹ ਲੰਮੇ ਸਮੇਂ ਤੱਕ ਰਾਸ਼ਟਰੀ ਕਰਨੀ ਸੈਨਾ ਨਾਲ ਜੁੜੇ ਰਹੇ। ਬਾਅਦ ਵਿੱਚ ਕਰਨੀ ਸੈਨਾ ਵਿੱਚ ਕੁੱਝ ਵਿਵਾਦ ਹੋਣ ਤੋਂ ਬਾਅਦ ਗੋਗਾਮੈੜੀ ਨੇ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਨਾਂ ਨਾਲ ਆਪਣਾ ਵੱਖਰਾ ਸੰਗਠਨ ਬਣਾ ਲਿਆ ਸੀ। ਉਦੋਂ ਤੋਂ ਉਹ ਹੀ ਇਸ ਸੰਗਠਨ ਦੇ ਪ੍ਰਧਾਨ ਸਨ।

ਸੁਖਦੇਵ ਸਿੰਘ ਗੋਗਾਮੈੜੀ ਨੇ ਦੋ ਵਾਰ ਬਸਪਾ ਦੀ ਟਿਕਟ ‘ਤੇ ਚੋਣ ਲੜੀ ਸੀ। ਸੰਨ 2018 ਵਿੱਚ ਗੋਗਾਮੈੜੀ ਨੇ ਭਾਜਪਾ ਤੋਂ ਟਿਕਟ ਵੀ ਮੰਗੀ ਸੀ। ਪਰ ਭਾਜਪਾ ਨੇ ਉਸ ਨੂੰ ਟਿਕਟ ਨਹੀਂ ਦਿੱਤੀ।

ਭੰਸਾਲੀ ਨੂੰ ਮਾਰਿਆ ਸੀ ਥੱਪੜ

ਸੁਖਦੇਵ ਸਿੰਘ ਦੇਸ਼ ‘ਚ ਪਹਿਲੀ ਵਾਰ ਉਦੋਂ ਚਰਚਾ ‘ਚ ਆਏ ਸਨ, ਜਦੋਂ ਉਨ੍ਹਾਂ ਨੇ ਬਾਲੀਵੁੱਡ ਫਿਲਮ ਪਦਮਾਵਤ ਦੀ ਸ਼ੂਟਿੰਗ ਦੌਰਾਨ ਫਿਲਮ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨੂੰ ਥੱਪੜ ਮਾਰ ਦਿੱਤਾ ਸੀ।

ਬਦਲ ਲਿਆ ਸੀ ਫਿਲਮ ਦਾ ਨਾਂ

ਜ਼ਿਕਰਯੋਗ ਹੈ ਕਿ 2017 ‘ਚ ਪਦਮਾਵਤੀ ਫਿਲਮ ਦੀ ਜੈਪੁਰ ‘ਚ ਸ਼ੂਟਿੰਗ ਹੋ ਰਹੀ ਸੀ। ਉਦੋਂ ਗੋਗਾਮੈੜੀ ਨੇ ਪਦਮਾਵਤੀ ਫਿਲਮ ਦਾ ਖੂਬ ਵਿਰੋਧ ਕੀਤਾ ਸੀ। ਇਸ ਦੌਰਾਨ ਫਿਲਮ ਦਾ ਵਿਰੋਧ ਕਰਦੇ ਹੋਏ ਰਾਜਪੂਤ ਕਰਨੀ ਸੈਨਾ ਦੇ ਮੈਂਬਰਾਂ ਨੇ ਸੈੱਟ ‘ਤੇ ਭੰਨਤੋੜ ਕੀਤੀ ਸੀ ਅਤੇ ਭੰਸਾਲੀ ‘ਤੇ ਹਮਲਾ ਵੀ ਹੋਇਆ ਸੀ। ਆਖ਼ਰਕਾਰ ਨਿਰਮਾਤਾਵਾਂ ਨੇ ਫਿਲਮ ਦਾ ਨਾਂ ਬਦਲ ਕੇ ਪਦਮਾਵਤ ਕਰ ਦਿੱਤਾ ਸੀ।

ਇਸ ਤੋਂ ਬਾਅਦ ਗੈਂਗਸਟਰ ਅਨੰਦਪਾਲ ਐਨਕਾਊਂਟਰ ਮਾਮਲੇ ਤੋਂ ਬਾਅਦ ਰਾਜਸਥਾਨ ‘ਚ ਹੋਏ ਪ੍ਰਦਰਸ਼ਨਾਂ ‘ਚ ਵੀ ਗੋਗਾਮੈੜੀ ਦੀ ਚਰਚਾ ਹੋਈ ਸੀ।