ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਸਮਰਾਲਾ ਵਿਖੇ ਆਏ ਦਿਨ ਹੋ ਰਹੀਆਂ ਚੋਰੀਆਂ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤਹਿਤ ਪਿਛਲੀ ਰਾਤ ਸਮਰਾਲਾ ‘ਚ ਇਕ ਫੈਕਟਰੀ ‘ਚੋਂ ਅਣਪਛਾਤੇ ਵਿਅਕਤੀਆਂ ਵੱਲੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ।

ਸ਼ਿਕਾਇਤਕਰਤਾ ਜਗਤਾਰ ਸਿੰਘ ਵਾਸੀ ਬਰਮਾ ਨੇ ਦੱਸਿਆ ਉਸ ਦੀ ਬਾਵਾ ਜੀ ਇੰਡਸਟਰੀ ਨਾਮ ‘ਤੇ ਫੈਕਟਰੀ ਚੰਡੀਗੜ੍ਹ ਰੋਡ ਸਮਰਾਲਾ ਵਿਖੇ ਹੈ। ਇਸ ‘ਚ ਨਟ ਬਣਾਏ ਜਾਂਦੇ ਹਨ। ਪਿਛਲੀ ਰਾਤ ਫੈਕਟਰੀ ‘ਚੋਂ ਅਣਪਛਾਤੇ ਚੋਰਾਂ ਨੇ ਤਾਲੇ ਤੋੜ ਕੇ ਵੈਲਡਿੰਗ ਸੈੱਟ, ਨਟ, ਮੋਟਰਾਂ, ਵੱਡਾ ਕਟਰ, ਮਸ਼ੀਨ ਬਕਸੇ, ਨਟ ਫੜਨ ਵਾਲੀਆਂ ਮਸ਼ੀਨਾਂ ਦੇ ਪੁਰਜੇ, ਹੋਲਡਰ, ਡਾਈਆਂ, ਕਟਾਈ ਕਰਨ ਵਾਲੀਆਂ ਮਸ਼ੀਨਾਂ, ਵਰਨੀਅਰ ਤੇ ਬਿੱਟਾਂ, ਗੇਜਾਂ, ਚਾਬੀਆਂ, ਪਾਨੇ ਆਦਿ ਚੋਰੀ ਕਰਕੇ ਲੈ ਗਏ ਹਨ। ਉਸ ਨੇ ਆਪਣੇ ਤੌਰ ‘ਤੇ ਵੀ ਚੋਰਾਂ ਦੀ ਭਾਲ ਕੀਤੀ ਪਰ ਕੋਈ ਸੁਰਾਗ ਨਾ ਮਿਲਿਆ।

ਆਸ ਪਾਸ ਲੱਗੇ ਕੈਮਰਿਆਂ ਨੂੰ ਚੈੱਕ ਕਰਨ ‘ਤੇ ਪਤਾ ਲੱਗਾ ਕਿ 2 ਮਹਿੰਦਰਾ ਗੱਡੀਆਂ ‘ਚ ਚੋਰ ਸਾਮਾਨ ਲੱਦ ਕੇ ਲੈ ਗਏ ਹਨ। ਉਨ੍ਹਾਂ ਦੱਸਿਆ ਫੈਕਟਰੀ ‘ਚੋਂ ਚੋਰੀ ਕੀਤੇ ਗਏ ਸਾਮਾਨ ਦੀ ਕੀਮਤ ਲਗਪਗ 12 ਲੱਖ ਰੁਪਏ ਹੈ। ਪੁਲਿਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।