ਨਵੀਂ ਦਿੱਲੀ (ਪੀਟੀਆਈ) : ਕਾਂਗਰਸ ਨੇ ਭਾਰਤ ਦੇ ਕੰਟਰੋਲਰ ਤੇ ਆਡੀਟਰ ਜਨਰਲ (ਸੀਏਜੀ) ਦੇ ਤਿੰਨ ਅਧਿਕਾਰੀਆਂ ਦਾ ਤਬਾਦਲਾ ਕਰਨ ’ਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਉਸ ਨੇ ਕਿਹਾ ਹੈ ਕਿ ਭਾਜਪਾ ਚੁੱਪ ਤੇ ਧਮਕੀ ਦੀ ਆੜ ’ਚ ਮਾਫ਼ੀਆ ਸ਼ੈਲੀ ’ਚ ਕੰਮ ਕਰ ਰਹੀ ਹੈ। ਜੇ ਕੋਈ ਇਸ ਦੇ ਭ੍ਰਿਸ਼ਟਾਚਾਰ ਦੇ ਤੌਰ-ਤਰੀਕਿਆਂ ਨੂੰ ਸਾਹਮਣੇ ਲਿਆਉਂਦਾ ਹੈ ਤਾਂ ਉਸ ਨੂੰ ਧਮਕੀ ਦਿੱਤੀ ਜਾਂਦੀ ਹੈ ਜਾਂ ਫਿਰ ਹਟਾ ਦਿੱਤਾ ਜਾਂਦਾ ਹੈ। ਕਾਂਗਰਸ ਨੇ ਮੰਗ ਕੀਤੀ ਹੈ ਕਿ ਤਬਾਦਲਾ ਆਦੇਸ਼ ਤੁਰੰਤ ਰੱਦ ਕੀਤਾ ਜਾਵੇ ਤੇ ਅਧਿਕਾਰੀ ਕੈਗ ਕੋਲ ਵਾਪਸ ਆਉਣ। ਉਸ ਨੇ ਇਹ ਵੀ ਮੰਗ ਕੀਤੀ ਹੈ ਕਿ ਦੁਆਰਕਾ ਐਕਸਪ੍ਰੈੱਸਵੇ, ਭਾਰਤਮਾਲਾ ਤੇ ਆਯੁਸ਼ਮਾਨ ਭਾਰਤ ਨਾਲ ਸਬੰਧਤ ਮੈਗਾ ਘੁਟਾਲਿਆਂ ’ਚ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਿਹੜੇ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਸਾਹਮਣੇ ਆਏ ਸਨ।

ਐਕਸ ’ਤੇ ਇਕ ਪੋਸਟ ’ਚ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਨਵੇਂ ਪੀੜਤ ਕੈਗ ਦੇ ਤਿੰਨ ਅਧਿਕਾਰੀ ਹਨ। ਉਨ੍ਹਾਂ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਪੇਸ਼ ਕੀਤੀ ਗਈ ਇਕ ਰਿਪੋਰਟ ’ਚ ਸਰਕਾਰੀ ਯੋਜਨਾਵਾਂ ’ਚ ਵੱਡੇ ਪੱਧਰ ’ਤੇ ਘਪਲਿਆਂ ਦਾ ਪਰਦਾਫ਼ਾਸ਼ ਕੀਤਾ। ਉਨ੍ਹਾਂ ਕਿਹਾ ਕਿ ਕੈਗ ਰਿਪੋਰਟ ’ਚ ਬੁਨਿਆਦੀ ਢਾਂਚੇ ਅਤੇ ਸਮਾਜਿਕ ਯੋਜਨਾਵਾਂ ’ਚ ਘਪਲੇ ਦਿਖਾਏ ਗਏ ਹਨ। ਰਮੇਸ਼ ਨੇ ਕਿਹਾ ਕਿ ਘੋਰ ਭ੍ਰਿਸ਼ਟਾਚਾਰ ਨੂੰ ਲੁਕਾਉਣ ਲਈ ਆਯੂਸ਼ਮਾਨ ਭਾਰਤ ਅਤੇ ਦੁਆਰਕਾ ਐਕਸਪ੍ਰੈੱਸ ਵੇ ਘਪਲਿਆਂ ’ਤੇ ਰਿਪੋਰਟਿੰਗ ਦੇ ਇੰਚਾਰਜ ਤਿੰਨ ਕੈਗ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਤੱਥ ਦੇ ਬਾਵਜੂਦ ਕਿ ਕੈਗ ਨੂੰ ਇਕ ਸੁਤੰਤਰ ਸੰਸਥਾ ਮੰਨਿਆ ਜਾਂਦਾ ਹੈ। ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਤਬਾਦਲਿਆਂ ਦੇ ਹੁਕਮਾਂ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ।