ਪੀਟੀਆਈ, ਕੋਚੀ : ਕਾਂਗਰਸ ਪਾਰਟੀ ਨੇ ਸ਼ੁੱਕਰਵਾਰ ਨੂੰ ਰੱਖਿਆ ਮੰਤਰਾਲੇ ‘ਤੇ ਉਸ ਜਹਾਜ਼ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਦਾ ਦੋਸ਼ ਲਾਇਆ, ਜਿਸ ‘ਚ ਰਾਹੁਲ ਗਾਂਧੀ ਜਲ ਸੈਨਾ ਦੇ ਹਵਾਈ ਅੱਡੇ ‘ਤੇ ਉਤਰਨ ਲਈ ਜਾ ਰਹੇ ਸਨ। ਏਰਨਾਕੁਲਮ ਡੀਸੀਸੀ ਦੇ ਚੇਅਰਮੈਨ ਮੁਹੰਮਦ ਸ਼ਿਆਸ ਨੇ ਦੋਸ਼ ਲਾਇਆ ਕਿ ਮੰਤਰਾਲੇ ਨੇ ਸ਼ੁਰੂ ਵਿੱਚ ਜਹਾਜ਼ ਨੂੰ ਜਲ ਸੈਨਾ ਦੀ ਸਹੂਲਤ ਵਿੱਚ ਉਤਰਨ ਦੀ ਇਜਾਜ਼ਤ ਦਿੱਤੀ ਸੀ, ਪਰ ਬਾਅਦ ਵਿੱਚ ਇਸ ਨੂੰ ਵਾਪਸ ਲੈ ਲਿਆ।

ਜਹਾਜ਼ ਕੋਚੀਨ ਹਵਾਈ ਅੱਡੇ ਵੱਲ ਮੁੜਿਆ

ਏਰਨਾਕੁਲਮ ਡੀਸੀਸੀ ਦੇ ਚੇਅਰਮੈਨ ਮੁਹੰਮਦ ਸ਼ਿਆਸ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਰੱਖਿਆ ਮੰਤਰਾਲੇ ਦੇ ਇਸ ਆਦੇਸ਼ ਦੇ ਬਾਅਦ, ਰਾਹੁਲ ਗਾਂਧੀ ਨੂੰ ਕੰਨੂਰ ਤੋਂ ਲੈ ਕੇ ਜਾ ਰਹੇ ਜਹਾਜ਼ ਨੂੰ ਨੇਦੁਮਬਸੇਰੀ ਸਥਿਤ ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (ਸੀਆਈਏਐਲ) ਵੱਲ ਮੋੜ ਦਿੱਤਾ ਗਿਆ।

ਇੱਕ ਅਧਿਕਾਰਤ ਸੂਤਰ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਨੇਵੀ ਸਟੇਸ਼ਨ ‘ਤੇ ਨਿੱਜੀ ਜੈੱਟਾਂ ਨੂੰ ਉਤਾਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਰੱਖਿਆ ਮੰਤਰਾਲੇ ਨੇ ਲਿਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ।

ਕੇਰਲ ਵਿੱਚ ਰਾਹੁਲ ਗਾਂਧੀ ਦਾ ਪ੍ਰੋਗਰਾਮ

ਕੇਰਲ ਦੌਰੇ ‘ਤੇ ਆਏ ਰਾਹੁਲ ਗਾਂਧੀ ਦੇ ਸ਼ੁੱਕਰਵਾਰ ਨੂੰ ਕੋਚੀ ‘ਚ ਦੋ ਪ੍ਰੋਗਰਾਮ ਤੈਅ ਹਨ। ਵਾਇਨਾਡ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਰਲ ਦੇ ਕਲਪੇਟਾ ਵਿੱਚ ਵਾਇਨਾਡ ਮੈਡੀਕਲ ਕਾਲਜ ਦੀ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਸ਼ਟਰੀ ਰਾਜਮਾਰਗ ਵਿਸਤਾਰ ਪ੍ਰੋਜੈਕਟ ਦੀ ਸਮੀਖਿਆ ਮੀਟਿੰਗ ਵਿੱਚ ਵੀ ਹਿੱਸਾ ਲਿਆ। ਦੱਸਣਯੋਗ ਹੈ ਕਿ ਕਾਂਗਰਸ ਨੇਤਾ ਆਪਣੇ ਸੰਸਦੀ ਖੇਤਰ ਦੇ ਤਿੰਨ ਦਿਨਾਂ ਦੌਰੇ ‘ਤੇ ਬੁੱਧਵਾਰ ਨੂੰ ਕੇਰਲ ਪਹੁੰਚੇ ਸਨ।