Ad-Time-For-Vacation.png

ਕਬੱਡੀ ਖਿਡਾਰੀ ਬਿੱਲੂ ਰਾਜੇਆਣੀਏ ਦਾ ਅਕਾਲ ਚਲਾਣਾ

ਪ੍ਰਿੰ. ਸਰਵਣ ਸਿੰਘ

ਬਿੱਲੂ ਰਾਜੇਆਣੀਆ ਜਦੋਂ ਗੁੱਟ ਫੜਦਾ ਸੀ ਤਾਂ ਦਰਸ਼ਕ ਕਹਿੰਦੇ ਸਨ, ”ਲੈ ਬਈ ਆ-ਗੀ ਘੁਲਾੜੀ ‘ਚ ਬਾਂਹ, ਲੱਗ-ਗੇ ਜਿੰਦੇ…।” ਉਹ ਆਫ਼ਤਾਂ ਦਾ ਜਾਫੀ ਸੀ ਜਿਸ ਦੀਆਂ ਗੱਲਾਂ ਮੈਚ ਤੋਂ ਬਾਅਦ ਸੱਥਾਂ ਵਿਚ ਹੁੰਦੀਆਂ ਰਹਿੰਦੀਆਂ। ਨੱਬੇ ਸਾਲ ਜੀ ਕੇ ਉਹ 3 ਦਸੰਬਰ ਨੂੰ ਅਕਾਲ ਚਲਾਣਾ ਕਰ ਗਿਆ।

ਬਾਘੇ ਪੁਰਾਣੇ ਕੋਲ ਹੈ ਪਿੰਡ ਰਾਜੇਆਣਾ। ਮੈਂ ਉਹਨੂੰ 1950ਵਿਆਂ ‘ਚ ਇੰਡੋ-ਪਾਕਿ ਮੈਚਾਂ ਵਿਚ ਕਬੱਡੀ ਖੇਡਦਿਆਂ ਵੇਖਿਆ ਸੀ। ਉਹ ਧੱਕੜ ਧਾਵੀ ਸੀ ਤੇ ਆਖ਼ਰਾਂ ਦਾ ਜਾਫੀ। ਕੌਡੀ ਪਾਉਂਦਾ ਤਾਂ ਧੌਲ ਮਾਰ ਕੇ ਅਗਲੇ ਦੀ ਸੁਰਤ ਭੁਲਾ ਦਿੰਦਾ। ਜੱਫਾ ਲਾਉਂਦਾ ਤਾਂ ਖੱਬਾ ਹੱਥ ਧਾਵੀ ਦੀ ਧੌਣ ‘ਤੇ ਧਰ ਕੇ ਸੱਜੇ ਹੱਥ ਨਾਲ ਧਾਵੀ ਦਾ ਗੁੱਟ ਫੜੀ ਉਸ ਦਾ ਚੱਕਰਚੂੰਡਾ ਬਣਾਈ ਰੱਖਦਾ। ਧਾਵੀ ਨੂੰ ਘੁਮਾ ਕੇ ਉਹਦਾ ਸਾਹ ਤੋੜਦਾ। ਉਹ ਕਿਰਪਾਲ ਸਾਧ ਵਰਗੇ ਜਾਫੀਆਂ ਤੋਂ ਨਿਕਲਦਾ ਤੇ ਤੋਖੀ ਵਰਗੇ ਧਾਵੀਆਂ ਨੂੰ ਡੱਕਦਾ ਰਿਹਾ।
ਫਰਵਰੀ 2001 ਵਿਚ ਮੈਂ ਰਾਜੇਆਣੇ ਇਕ ਵਿਆਹ ਗਿਆ। ਵਿਆਹ ਵਾਲਿਆਂ ਦੇ ਘਰ ਮੈਨੂੰ ਬਿੱਲੂ ਯਾਦ ਆ ਗਿਆ। ਕਿਸੇ ਨੇ ਦੱਸਿਆ ਕਿ ਉਹ ਸੱਥ ‘ਚ ਬੈਠਾ ਹੈ। ਬੰਦਾ ਭੇਜ ਕੇ ਉਸ ਨੂੰ ਵਿਆਹ ਵਾਲਿਆਂ ਦੇ ਘਰ ਬੁਲਾ ਲਿਆ। ਇਕ ਕਮਜ਼ੋਰ ਜਿਹਾ ਬਿਰਧ ਜਕਦਾ ਜਿਹਾ ਬੈਠਕ ਵਿਚ ਆਇਆ। ਉਸ ਨੇ ਮੋਟੇ ਘਸਮੈਲੇ ਸ਼ੀਸ਼ਿਆਂ ਵਾਲੀ ਐਨਕ ਲਾਈ ਹੋਈ ਸੀ ਜਿਸ ਦਾ ਇਕ ਸ਼ੀਸ਼ਾ ਟੁੱਟਿਆ ਹੋਇਆ ਸੀ। ਉਹ ਮੈਨੂੰ ਕੁਝ ਲੰਗ ਮਾਰਦਾ ਵੀ ਲੱਗਾ। ਮੈਨੂੰ ਦੱਸਿਆ ਗਿਆ ਕਿ ਏਹੀ ਐ ਗੁਰਦਿਆਲ ਸਿਓਂ ਬਿੱਲੂ। ਵੇਖ ਕੇ ਮੈਂ ਹੈਰਾਨ ਹੋਇਆ, ਕਿਥੇ ਪਾਕਿਸਤਾਨ ਵਿਰੁੱਧ ਖੇਡਣ ਵਾਲਾ ਬਿੱਲੂ ਤੇ ਕਿਥੇ ਆਹ ਬਿੱਲੂ!

ਮੈਂ ਉਹਦੀਆਂ ਗੱਲਾਂ ਨੋਟ ਕਰਨ ਲੱਗਾ। ਪੂਰਾ ਨਾਂ ਪੁੱਛਿਆ ਤਾਂ ਉਸ ਨੇ ਗੁਰਦਿਆਲ ਸਿੰਘ ਬਿੱਲੂ ਲਿਖਾਇਆ। ਮੈਂ ਪੁੱਛਿਆ, ”ਤੁਹਾਨੂੰ ਬਿੱਲੂ ਕਿਉਂ ਕਹਿੰਦੇ ਆ?” ਉਹ ਬਿੱਲੀਆਂ ਅੱਖਾਂ ਤੋਂ ਐਨਕ ਲਾਹ ਕੇ ਬੋਲਿਆ, ”ਬਿੱਲੀਆਂ ਅੱਖਾਂ ਕਰਕੇ।” ਜਨਮ ਤਾਰੀਖ ਪੁੱਛੀ ਤਾਂ ਉੱਤਰ ਮਿਲਿਆ, ”ਜਨਮ ਤਰੀਕ ਕੋਈ ਨੀ। ਊਂ ਮੈਂ ਤਿੰਨਾਂ ਉੱਤੇ ਸੱਤਰਾਂ ਸਾਲਾਂ ਦਾ ਹੋ ਗਿਆਂ।” ਘਰ ਪਰਿਵਾਰ ਬਾਰੇ ਪਤਾ ਲੱਗਾ ਕਿ ਉਸ ਦੇ ਪਿਤਾ ਦਾ ਨਾਂ ਸੁਦਾਗਰ ਸਿੰਘ ਤੇ ਮਾਤਾ ਦਾ ਹਰ ਕੌਰ ਸੀ। ਪਤਨੀ ਦਾ ਨਾਂ ਪੰਜਾਬ ਕੌਰ ਸੀ ਤੇ ਹਿੱਸੇ ਬਹਿੰਦੀ ਜ਼ਮੀਨ ਢਾਈ ਕਿੱਲੇ। ਉਹ ਚਾਰ ਭਾਈ ਸਨ ਤੇ ਚਾਰ ਹੀ ਭੈਣਾਂ। ਬਿੱਲੂ ਦੇ ਚਾਰ ਧੀਆਂ ਪੁੱਤਰਾਂ ‘ਚੋਂ ਇਕੋ ਜਿਊਂਦਾ ਸੀ। ਪੰਜਾਬ ਕੌਰ ਵੀ ਪਰਲੋਕ ਸਿਧਾਰ ਚੁੱਕੀ ਸੀ। ਨਜ਼ਰ ਕਮਜ਼ੋਰ ਸੀ ਪਰ ਸੁਣਦਾ ਠੀਕ ਸੀ। ਦੰਦ ਕੋਈ ਨਹੀਂ ਸੀ ਬਚਿਆ। ਕੋਈ ਪੈਨਸ਼ਨ ਨਹੀਂ ਸੀ ਲੱਗੀ।

ਉਹ ਵੀਹ ਵਰ੍ਹੇ ਉੱਚ ਪਾਏ ਦੀ ਕਬੱਡੀ ਖੇਡਿਆ ਸੀ। ਜ਼ਿੰਦਗੀ ਦੀ ਸਭ ਤੋਂ ਵੱਡੀ ਖ਼ੁਸ਼ੀ ਉਹਨੂੰ ਉਦੋਂ ਹੋਈ ਸੀ ਜਦੋਂ ਉਸ ਨੂੰ ਇਕ ਜੱਫੇ ਦਾ ਸੌ ਰੁਪਏ ਇਨਾਮ ਮਿਲਿਆ। ਪਿੰਡ ਵਾਲੇ ਕਹਿੰਦੇ, ”ਆਹ ਤਾਂ ਬਈ ਹੱਦ ਈ ਹੋ ਗਈ!” ਕਬੱਡੀ ਦੀ ਖੇਡ ਵਿਚ ਨਕਦ ਇਨਾਮ ਦੇਣ ਦੀ ਪਿਰਤ ਕਿਲਾ ਰਾਏਪੁਰ ਦੇ ਦਲੀਪ ਸਿੰਘ ਨੇ ਪਾਈ ਸੀ। ਇਕ ਪ੍ਹੈਂਟ ਉਤੇ ਸੌ ਦਾ ਨੋਟ ਸਭ ਤੋਂ ਪਹਿਲਾਂ ਬਿੱਲੂ ਰਾਜੇਆਣੀਏਂ ਨੂੰ ਦਿੱਤਾ ਗਿਆ ਸੀ ਜਿਸ ਨਾਲ ਬਿੱਲੂ ਦੀ ਖ਼ੁਸ਼ੀ ਦਾ ਕੋਈ ਹੱਦ ਬੰਨਾ ਨਹੀਂ ਸੀ ਰਿਹਾ।

ਉਦੋਂ ਕਬੱਡੀ ਵਿਚ ਰਗੜਾਂ ਈ ਰਗੜਾਂ ਸਨ, ਰੁਪਏ ਪੈਸੇ ਦੀ ਕਮਾਈ ਨਹੀਂ ਸੀ। ਬਿੱਲੂ ਵਰਗਾ ਕੌਡਿਆਲ ਕਿਤੇ ਚਾਲੀ-ਪੰਜਾਹ ਸਾਲ ਬਾਅਦ ਜੰਮਦਾ ਤਾਂ ਕਬੱਡੀ ਦੇ ਸਿਰੋਂ ਲੱਖਾਂ ਕਰੋੜਾਂ ਕਮਾਉਂਦਾ। ਉਹ ਹਵਾਈ ਜਹਾਜ਼ਾਂ ਤੇ ਚੜ੍ਹਦਾ ਤੇ ਹੋਟਲਾਂ ‘ਚ ਠਹਿਰਦਾ। ਨਾ ਉਸ ਨੂੰ ਟੁੱਟੀਆਂ ਐਨਕਾਂ ਲਾਉਣੀਆਂ ਪੈਂਦੀਆਂ ਤੇ ਨਾ ਦੰਦਾਂ ਬਿਨਾਂ ਮੂੰਹ ਬੋੜਾ ਰੱਖਣਾ ਪੈਂਦਾ।

”ਸਾਡੇ ਵੇਲੇ ਪੜ੍ਹਾਈਆਂ ਨੀ ਸੀ ਹੁੰਦੀਆਂ। ਘਰ ਦੇ ਸਾਨੂੰ ਕੱਟੀਆਂ ਵੱਛੀਆਂ ਛੁਡਾ ਦਿੰਦੇ ਤੇ ਅਸੀਂ ਮਾਲ ਚਾਰਦੇ ਮੋੜੇ ਲਾਉਂਦੇ ਰਹਿੰਦੇ। ਜਦੋਂ ਮੈਂ ਨਿੱਕਾ ਜਿਹਾ ਸੀ ਓਦੋਂ ਕੱਲੂ ਨੂੰ ਕੌਡੀ ਪਾਉਂਦੇ ਦੇਖਣਾ ਤੇ ਜੀਅ ਕਰਨਾ ਬਈ ਅਸੀਂ ਵੀ ਕੱਲੂ ਬਣੀਏਂ। ਸਾਡੇ ਲਵੇਰਾ ਬਹੁਤ ਹੁੰਦਾ ਸੀ। ਅਸੀਂ ਚਾਲੀ-ਚਾਲੀ ਪਸ਼ੂ ਰੱਖਣੇ। ਬਲੱਡ ਪ੍ਰੈਸ਼ਰ ਤੇ ਸ਼ੂਗਰ ਸ਼ਾਗਰ ਕਦੇ ਸੁਣੇ ਈ ਨੀਂ ਸੀ। ਹੁਣ ਹਰੇਕ ਘਰੇ ਈ ਕੁੱਤੀ-ਚੀਕਾ ਪਿਆ ਹੋਇਐ। ਮਾਰ ਫੜ ਕੇ ‘ਹਾਏ ਮਰਗੇ ਹਾਏ ਮਰਗੇ’ ਕਰੀ ਜਾਂਦੇ ਆ ਤੇ ਤੁਰ ਕੇ ਬਾਘੇਆਲੇ ਨੀ ਜਾ ਸਕਦੇ। ‘ਕੇਰਾਂ ਅਸੀਂ ਨਿੱਕੇ ਹੁੰਦੇ ਕੱਲੂ ਹੋਰਾਂ ਦਾ ਮੈਚ ਦੇਖਣ ਦੌਧਰ ਗਏ। ਪੈਰੋਂ ਨੰਗੇ, ਝੱਗੇ ਪਾਟੇ ਹੋਏ ਪਰ ਖੇਡ ਦੇਖਣ ਦਾ ਸ਼ੌਂਕ ਸੀ। ਮੇਰਾ ਨਿੱਕੇ ਹੁੰਦੇ ਦਾ ਈ ਵਿਆਹ ਹੋ ਗਿਆ ਸੀ। ਕੌਡੀ ਤਾਂ ਮੈਂ ਮਗਰੋਂ ਖੇਡਣ ਲੱਗਾਂ।”

ਉਸ ਨੇ ਆਪਣੀ ਜਵਾਨੀ ਦੇ ਦਿਨਾਂ ਦਾ ਰੁਟੀਨ ਦੱਸਦਿਆ,”ਤੜਕੇ ਉੱਠ ਕੇ ਮੈਂ ਮੱਕੀ ਦੇ ਟਾਂਡਿਆਂ ਦੀਆਂ ਪੂਲੀਆਂ ਕੁਤਰਨੀਆਂ। ਕੜਬ ਕੁਤਰਦਿਆਂ ਜ਼ੋਰ ਲੱਗਣਾ। ਫੇਰ ਭੱਜਣਾ, ਡੰਡ ਬੈਠਕਾਂ ਕੱਢਣੀਆਂ, ਬੋਰੀਆਂ ਚੱਕਣੀਆਂ ਤੇ ਮੁਗਦਰ ਦੇ ਬਾਲੇ ਕੱਢਣੇ। ਪਟੜਾ ਹਾਲੇ ਤਕ ਸਾਡੇ ਘਰ ਪਿਆ। ਜਦੋਂ ਮੇਰੀ ਕੌਡੀ ਚੜ੍ਹੀ ਤਾਂ ਫਰੀਦਕੋਟੀਏ ਰਾਜੇ ਨੇ ਮੈਨੂੰ ਤਕਮਾ ਦਿੱਤਾ। ਕਿਲਾ ਰਾਏਪੁਰ ਤੋਂ ਤਿੰਨ ਸਾਲਾਂ ਆਲਾ ਕੱਪ ਜਿੱਤਿਆ। ਹੁਣ ਕੋਈ ਨਿਸ਼ਾਨੀ ਹੈ ਨੀ ਤੇ ਫੋਟੂ ਵੀ ਘਰੇ ਕੋਈ ਨੀ।… ਮੇਰੇ ਚਿੱਤ ਸੀ ਕਿ ਮੈਂ ਹੁਣ ਕਿਸੇ ਨੂੰ ਨੀਂ ਛੱਡਦਾ ਭਵਾਂ ਕੋਈ ਕਿੰਨਾ ਵੀ ਤਕੜਾ ਕਿਉਂ ਨਾ ਹੋਵੇ? ਓਦੋ ਅਸੀਂ ਜਾਂਘੀਏ ਪਾ ਕੇ ਕੌਡੀ ਖੇਡਦੇ ਸੀ। ਕੋਈ ਕੋਈ ਭਲਵਾਨਾਂ ਅੰਗੂੰ ਲੰਗੋਟ ਚਾੜ੍ਹ ਲੈਂਦਾ। ਮੈਨੂੰ ਸਾਰੇ ‘ਮੱਲ’ ਕਹਿੰਦੇ ਸੀ। ਮੇਰਾ ਭਾਰ ਦੋ ਮਣ ਚਾਰ ਸੇਰ ਸੀ। ਹੁਣ ਤਾਂ ਡੂਢ ਮਣ ਵੀ ਨੀਂ ਹੋਣਾ। ਮੈਂ ਪਾਕਿਸਤਾਨੀਆਂ ਦੇ ਉਲਟ ਕਈ ਵਾਰ ਖੇਡਿਆ ਪਰ ਲਾਹੌਰ ਨੀਂ ਜਾ ਹੋਇਆ। ਅਜੇ ਤਕ ਚੰਡੀਗੜ੍ਹ ਨੀਂ ਦੇਖਿਆ। ‘ਕੇਰਾਂ ਜੰਨ ਗਏ ਸੀ, ਦਿੱਲੀ ਕੋਲ ਦੀ ਨੰਘੇ ਪਰ ਦਿੱਲੀ ਨੀਂ ਦੇਖੀ। ਜਦੋਂ ਅਸੀਂ ਕੌਡੀ ਖੇਡਦੇ ਸੀ ਤਾਂ ਅੱਠੇ ਜਣੇ ‘ਕੱਠੇ ਖੜ੍ਹਦੇ ਸੀ। ਸਾਰਿਆਂ ਨੂੰ ਇਕ ਇਕ ਕੌਡੀ ਜ਼ਰੂਰ ਪਾਉਣੀ ਪੈਂਦੀ ਸੀ। ਰੈਫਰੀ ਕੌਡੀ ਪਾਉਣ ਆਲੇ ਦੇ ਨਾਲ ਨਾਲ ਭੱਜਿਆ ਫਿਰਦਾ ਸੀ ਬਈ ਕਿਤੇ ਉਹ ਸਾਹ ਨਾ ਲੈ-ਜੇ। ਜੇ ਕਿਸੇ ਦੇ ਤੇਲ ਲਾਇਆ ਹੁੰਦਾ ਤਾਂ ਅਸੀਂ ਮਿੱਟੀ ਮਲ ਦਿੰਦੇ ਸੀ। ਮੈਂ ਖੇਡ ਵਿਚ ਇਕੋ ਵਾਰ ਬੇਈਮਾਨੀ ਕੀਤੀ। ਅਗਲੇ ਦੇ ਸੱਟ ਮਾਰਨ ਲੱਗਾ ਸੀ ਪਰ ਲੱਗ-ਗੀ ਉਲਟੀ ਮੇਰੇ। ਮੱਥਾ ਪਾਟ ਗਿਆ। ਅੱਗੇ ਤੋਂ ਕੰਨਾਂ ਨੂੰ ਹੱਥ ਲਾਏ ਬਈ ਖੇਡ ‘ਚ ਬੇਈਮਾਨੀ ਨੀਂ ਕਰਨੀ। ਸਮਾਂ-ਸਮਾਂ ਸਮਰੱਥ ਆ। ਆਹ ਹੁਣ ਜੁਆਕ-ਜੇ ਹਵਾਈ ਜਹਾਜ਼ਾਂ ‘ਤੇ ਚੜ੍ਹੇ ਫਿਰਦੇ ਆ। ਅਖੇ ਅਸੀਂ ਇੰਗਲੈਂਡ-ਕਨੇਡਾ ਕੌਡੀ ਖੇਡਣ ਚੱਲੇ ਆਂ। ਸਾਨੂੰ ਕਦੇ ਸੈਂਕਲ ਨੀਂ ਸੀ ਜੁੜਿਆ।”

ਬਿੱਲੂ ਹੁਣ ਨਹੀਂ ਰਿਹਾ। ਉਹਦੇ ਅਕਾਲ ਚਲਾਣੇ ‘ਤੇ ਉਹਦੀ ਬਾਤ ਪਾਉਣੀ ਹੀ ਮੇਰੀ ਸ਼ਰਧਾਂਜਲੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.