ਪੀਟੀਆਈ, ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ 10 ਦੇਸ਼ਾਂ ਦੇ ਆਸੀਆਨ ਸਮੂਹ ਅਤੇ ਇਸ ਦੇ ਕੁਝ ਸੰਵਾਦ ਭਾਈਵਾਲਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਦੋ ਦਿਨਾਂ ਇੰਡੋਨੇਸ਼ੀਆ ਦੌਰੇ ‘ਤੇ ਜਾਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬੈਠਕ ‘ਚ ਉੱਭਰਦੇ ਖੇਤਰੀ ਸੁਰੱਖਿਆ ਦ੍ਰਿਸ਼ਾਂ ‘ਤੇ ਚਰਚਾ ਹੋਵੇਗੀ।
ਰੱਖਿਆ ਖੇਤਰ ‘ਚ ਆ ਰਹੀਆਂ ਚੁਣੌਤੀਆਂ ‘ਤੇ ਹੋਵੇਗੀ ਚਰਚਾ
ਰੱਖਿਆ ਮੰਤਰੀ ਰਾਜਨਾਥ ਸਿੰਘ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਪਲੱਸ (ADMM-Plus) ਵਿੱਚ ਖੇਤਰ ਨੂੰ ਦਰਪੇਸ਼ ਮੁੱਖ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਦੇ ਵਿਚਾਰ ਪੇਸ਼ ਕਰਨ ਦੀ ਸੰਭਾਵਨਾ ਹੈ। ADMM-Plus ਇੱਕ ਫੋਰਮ ਹੈ ਜਿਸ ਵਿੱਚ 10-ਰਾਸ਼ਟਰੀ ਆਸੀਆਨ (ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ) ਅਤੇ ਭਾਰਤ, ਚੀਨ, ਆਸਟ੍ਰੇਲੀਆ, ਜਾਪਾਨ, ਨਿਊਜ਼ੀਲੈਂਡ, ਕੋਰੀਆ ਗਣਰਾਜ, ਰੂਸ ਅਤੇ ਸੰਯੁਕਤ ਰਾਜ ਸਮੇਤ ਇਸਦੇ ਅੱਠ ਸੰਵਾਦ ਸਹਿਭਾਗੀਆਂ ਸ਼ਾਮਲ ਹਨ।
16 ਅਤੇ 17 ਨਵੰਬਰ ਨੂੰ ਇੰਡੋਨੇਸ਼ੀਆ ਦਾ ਦੌਰਾ ਕਰਨਗੇ ਰੱਖਿਆ ਮੰਤਰੀ
ਰੱਖਿਆ ਮੰਤਰਾਲੇ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ 10ਵੀਂ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ-ਪਲੱਸ (ਏਡੀਐੱਮਐੱਮ-ਪਲੱਸ) ਵਿੱਚ ਸ਼ਾਮਲ ਹੋਣ ਲਈ 16 ਤੋਂ 17 ਨਵੰਬਰ ਤੱਕ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦਾ ਅਧਿਕਾਰਤ ਦੌਰਾ ਕਰਨਗੇ। ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ, “16 ਨਵੰਬਰ ਨੂੰ ਮੀਟਿੰਗ ਦੌਰਾਨ, ਰੱਖਿਆ ਮੰਤਰੀ ਖੇਤਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਮੁੱਦਿਆਂ ‘ਤੇ ਮੰਚ ਨੂੰ ਸੰਬੋਧਨ ਕਰਨਗੇ।”
ਮੇਜ਼ਬਾਨੀ ਕਰ ਰਿਹੈ ਇੰਡੋਨੇਸ਼ੀਆ
ਇਸ ਸਾਲ ਇੰਡੋਨੇਸ਼ੀਆ ADMM-Plus ਦੇ ਮੌਜੂਦਾ ਚੇਅਰ ਵਜੋਂ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ। ਮੰਤਰਾਲੇ ਦੇ ਅਨੁਸਾਰ, ਏਡੀਐਮਐਮ-ਪਲੱਸ ਬੈਠਕ ਤੋਂ ਇਲਾਵਾ, ਰਾਜਨਾਥ ਸਿੰਘ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਰੱਖਿਆ ਮੰਤਰੀਆਂ ਨਾਲ ਦੁਵੱਲੀ ਬੈਠਕ ਕਰਨਗੇ ਅਤੇ ਰੱਖਿਆ ਸਹਿਯੋਗ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕਰਨਗੇ।
ਭਾਰਤ 1992 ਵਿੱਚ ASEAN ਦਾ ਇੱਕ ਡਾਇਲਾਗ ਪਾਰਟਨਰ ਬਣਿਆ ਅਤੇ ADMS-Plus ਦਾ ਉਦਘਾਟਨ ਅਕਤੂਬਰ 2010 ਵਿੱਚ ਹਨੋਈ ਵਿੱਚ ਹੋਇਆ। 2017 ਤੋਂ, ADMM-ਪਲੱਸ ਮੰਤਰੀ ਖੇਤਰੀ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਾਲਾਨਾ ਮੀਟਿੰਗ ਕਰ ਰਹੇ ਹਨ।
ਕੀ ਹੈ ਆਸੀਆਨ
ਆਸੀਆਨ ਦਾ ਪੂਰਾ ਨਾਂ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼ ਹੈ। ਇਹ ਇੱਕ ਖੇਤਰੀ ਸੰਗਠਨ ਹੈ ਜਿੱਥੇ ਵੱਖ-ਵੱਖ ਦੇਸ਼ ਆਪਣੇ ਆਰਥਿਕ ਅਤੇ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਲਈ ਇਕੱਠੇ ਹੁੰਦੇ ਹਨ। ਇਹ ਦਸ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੀ ਇੱਕ ਅੰਤਰ-ਸਰਕਾਰੀ ਸੰਸਥਾ ਹੈ। ਇਨ੍ਹਾਂ 10 ਦੇਸ਼ਾਂ ਵਿੱਚ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਸ਼ਾਮਲ ਹਨ।


