ਜਾਸ, ਨਵੀਂ ਦਿੱਲੀ : ਕਾਂਗਰਸ ਦੀ ਹਿੰਦੀ ਪੱਟੀ ਦੇ ਤਿੰਨ ਸੂਬਿਆਂ ਵਿਚ ਹੋਈ ਹਾਰ ਮਗਰੋਂ ਵਿਰੋਧੀ ਦਲਾਂ ਵਿਚ ਬੇਚੈਨੀ ਵਧੀ ਹੈ। ਇਸੇ ਦੌਰਾਨ ਭਲਕੇ ਮੰਗਲਵਾਰ ਨੂੰ ਹਣ ਵਾਲੀ ਇੰਡੀਆ ਗੱਠਜੋੜ ਦੀ ਮੀਟਿੰਗ ਵਿਚ ਹਾਰ ਤੋਂ ਉੱਭਰਣ ਦਾ ਰਾਹ ਲੱਭਣ ਦੇ ਨਾਲ ਹੀ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਰਫ਼ਤਾਰ ਦੇਣ ਦੀ ਰੂਪ-ਰੇਖਾ ਬਣਾਈ ਜਾਵੇਗੀ। ਮੀਟਿੰਗ ਨਾਲ ਜੁੜੀਆਂ ਸਿਆਸੀ ਸਰਗਰਮੀਆਂ ਦੇ ਇਸ਼ਾਰਿਆਂ ਤੋਂ ਸਾਫ਼ ਹੈ ਕਿ ਭਾਜਪਾ ਨੂੰ ਮਜ਼ਬੂਤ ਚੁਣੌਤੀ ਦੇਣ ਲਈ ਵਿਰੋਧੀ ਦਲਾਂ ਦਰਮਿਆਨ ਸੀਟਾਂ ਦੀ ਵੰਡ ਪਹਿਲੀ ਤਰਜੀਹ ਹੈ।

ਪੰਜ ਸੂਬਿਆਂ ਦੀਆਂ ਚੋਣਾਂ ਮਗਰੋਂ ਅਸਲੀਅਤ ਨੂੰ ਭਾਂਪਦੇ ਹੋਏ ਸੀਟਾਂ ਦੀ ਵੰਡ ਨੂੰ ਰਫ਼ਤਾਰ ਦੇਣ ਦੀ ਪ੍ਰਕਿਰਿਆ ’ਤੇ ਕਾਂਗਰਸ ਵੀ ਹੁਣ ਲਚਕੀਲਾ ਰੁਖ਼ ਅਪਨਾਉਣ ਦੇ ਸੰਕੇਤ ਦੇ ਰਹੀ ਹੈ। ਇੰਡੀਆ ਦਾ ਸਾਂਝਾ ਸਕੱਤਰੇਤ ਤੇ ਬੁਲਾਰਿਆਂ ਦਾ ਪੈਨਲ ਬਣਾਉਣ ਤੋਂ ਲੈ ਕੇ ਵਿਰੋਧੀ ਦਲਾਂ ਦੇ ਬਦਲਵੇਂ ਸਿਆਸੀ ਨੈਰੇਟਿਵ ਬਾਰੇ ਇਸ ਅਹਿਮ ਮੀਟਿੰਗ ਵਿਚ ਮੁੱਦੇ ਵਿਚਾਰੇ ਜਾਣੇ ਹਨ। ਸੁੂਤਰਾਂ ਮੁਤਾਬਕ ਇੰਡੀਆ ਗੱਠਜੋੜ ਨੂੰ ਚਾਰ-ਪੰਜ ਸੂਬਿਆਂ ਤੋਂ ਇਲਾਵਾ ਸੀਟਾਂ ਦੀ ਵੰਡ ਕਰਨ ਵਿਚ ਖ਼ਾਸ ਮੁਸ਼ਕਲ ਨਹੀਂ ਹੈ। ਅਜਿਹੇ ਵਿਚ 19 ਦਸੰਬਰ ਦੀ ਮੀਟਿੰਗ ਵਿਚ ਇੰਡੀਆ ਗੱਠਜੋੜ ਦੇ ਆਗੂਆਂ ਵਿਚਾਲੇ ਲੋਕ ਸਭਾ ਸੀਟਾਂ ਦੀ ਵੰਡ ’ਤੇ ਸਹਿਮਤੀ ਬਣ ਜਾਣ ਦੀ ਸੰਭਾਵਨਾ ਹੈ।

ਇਸੇ ਤਰ੍ਹਾਂ ਜੇ ਸਿਰਫ਼ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਵਿਚ ਹਲਚਲ ਦਾ ਮਾਹੌਲ ਹੈ। 2024 ਦੀਆਂ ਲੋਕ ਸਭਾ ਚੋਣਾਂ ਨੂੰ ਰਫ਼ਤਾਰ ਦੇਣ ਲਈ ਪਾਰਟੀ ਨੇ ਵਰਕਿੰਗ ਕਮੇਟੀ ਦੀ ਮੀਟਿੰਗ 21 ਦਸੰਬਰ ਨੁੂੰ ਸੱਦ ਲਈ ਹੈ। ਵਿਰੋਧੀ ਦਲਾਂ ਦੇ ਸਾਂਝੇ ਗੱਠਜੋੜ ‘ਇੰਡੀਆ’ ਦੇ ਫ਼ੈਸਲਿਆਂ ਤੋਂ ਵੀ ਸਾਫ਼ ਹੈ ਕਿ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਲੋਕ ਸਭਾ ਚੋਣਾਂ ਵਿਚ ਸੀਟਾਂ ਦੀ ਵੰਡ ਤੋਂ ਲੈ ਕੇ ਤਮਾਮ ਮੁੱਦਿਆਂ ’ਤੇ ਪਾਰਟੀ ਵਿਚ ਵਿਆਪਕ ਸਹਿਮਤੀ ਦਾ ਅਧਾਰ ਤਿਆਰ ਕਰਨਾ ਚਾਹੁੰਦੀ ਹੈ। ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਰਾਜਨੀਤੀ ਉਮੀਦਾਂ ਨੂੰ ਪਰਵਾਨ ਚੜ੍ਹਾਉਣ ਲਈ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਦੂਜੇ ਗੇੜ ਦੀ ਸ਼ੁਰੂਆਤ ਬਾਰੇ ਮੀਟਿੰਗ ਵਿਚ ਫ਼ੈਸਲਾ ਕੀਤਾ ਜਾ ਸਕਦਾ ਹੈ। ਲੋਕ ਸਭਾ ਚੋਣਾਂ ਨੂੰ ਕਿਉਂਕਿ ਬਹੁਤਾ ਸਮਾਂ ਨਹੀਂ ਰਹਿ ਗਿਆ, ਇਸ ਲਈ ਰਾਹੁਲ ਦੀ ਯਾਤਰਾ ਦਾ ਦੂਜਾ ਗੇੜ ਹਾਈਬਿ੍ਰਡ ਹੋ ਸਕਦਾ ਹੈ। ਕਿਤੇ ਪੈਦਲ ਤੇ ਕਿਤੇ ਵਾਹਨਾਂ ਜ਼ਰੀਏ ਯਾਤਰਾ ਕਰ ਸਕਦੇ ਹਨ।