ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸੱਦੇ ’ਤੇ ਪੰਜਾਬ ਸਰਕਾਰ ਵੱਲੋਂ ਸੂਬੇ ’ਚ 1600 ਕਰੋੜ ਦੀ ਲਾਗਤ ਨਾਲ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕੀਤੀ। ਇਸ ਤਹਿਤ ਉਨ੍ਹਾਂ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਵੀ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਨ ਨੇਸ਼ਨ, ਵਨ ਇਲੈਕਸ਼ਨ ਦੀ ਨਹੀਂ, ਵਨ ਨੇਸ਼ਨ, ਵਨ ਐਜੂਕੇਸ਼ਨ ਤੇ ਵਨ ਹੈਲਥ ਸਿਸਟਮ ਦੀ ਜ਼ਰੂਰਤ ਹੈ।

ਅੰਮ੍ਰਿਤਸਰ ’ਚ ਸੂਬੇ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਨ ਮਗਰੋਂ ਰਣਜੀਤ ਐਵੀਨਿਊ ’ਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਵਨ ਨੇਸ਼ਨ, ਵਨ ਇਲੈਕਸ਼ਨ ਦੀ ਕਵਾਇਦ ਨੂੰ ਰੋਕਣ ਲਈ ਲੋਕਾਂ ਨੂੰ ਜਾਗਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ’ਚ ਤਬਾਹੀ ਮਚ ਜਾਵੇਗੀ। ਜਿਹੜੇ ਲੀਡਰ ਚੋਣਾਂ ’ਚ ਨਜ਼ਰ ਆਉਂਦੇ ਹਨ ਉਹ ਵੀ ਨਜ਼ਰ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਨ ਨੇਸ਼ਨ, ਵਨ ਇਲੈਕਸ਼ਨ ਨਹੀਂ ਸਗੋਂ ਵਨ ਨੇਸ਼ਨ ਵਨ ਐਜੂਕੇਸ਼ਨ, ਵਨ ਹੈਲਥ ਸਿਸਟਮ ਦੀ ਲੋੜ ਹੈ, ਜੋ ਆਮ ਆਦਮੀ ਪਾਰਟੀ ਦਾ ਨਾਅਰਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ ਸਿੱਖਿਆ ਨਾਲ ਹੀ ਸੰਭਵ ਹੈ।

ਆਪ ਕਨਵੀਨਰ ਨੇ ਕਿਹਾ ਕਿ ਦੁੱਖ ਦਾ ਵਿਸ਼ਾ ਹੈ ਕਿ 75 ਸਾਲਾਂ ’ਚ ਕਿਸੇ ਵੀ ਸਰਕਾਰ ਨੇ ਸਿੱਖਿਆ ਤੇ ਸਿਹਤ ਦੀ ਗੱਲ ਨਹੀਂ ਕੀਤੀ ਤੇ ਲੋਕਾਂ ਨੇ ਵੀ ਉਨ੍ਹਾਂ ਨੂੰ ਨਹੀਂ ਪੁੱਛਿਆ। ਪੰਜਾਬ ’ਚ ਹੁਣ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੋ ਗਈ ਹੈ। ਸੂਬੇ ’ਚ 117 ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਹਨ। ਜਿਨ੍ਹਾਂ ’ਚ ਗ਼ਰੀਬਾਂ ਤੇ ਅਮੀਰਾਂ ਦੇ ਬੱਚੇ ਇੱਕੋ ਬੈਂਚ ’ਤੇ ਬੈਠ ਕੇ ਪੜ੍ਹਣਗੇ। ਇੰਨਾ ਹੀ ਨਹੀਂ ਪੰਜਾਬ ਦੇ 20 ਹਜ਼ਾਰ ਸਰਕਾਰੀ ਸਕੂਲਾਂ ’ਚ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ’ਚ ਇਹੀ ਕ੍ਰਾਂਤੀ ਹੈ ਕਿ ਹੁਣ ਆਮ ਲੋਕ ਹੀ ਨਹੀਂ ਬਲਕਿ ਸਕੂਲਾਂ ਦੇ ਅਧਿਆਪਕ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਭੇਜ ਰਹੇ ਹਨ। ਉਨ੍ਹਾਂ ਮੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦੇ ਸੁਪਨੇ ਪੂਰੇ ਕਰ ਰਹੇ ਹਨ।

ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਸਾਨੂੰ ਮੁਫ਼ਤ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਲਈ ਗਾਲੀ-ਗਲੋਚ ਕਰ ਰਹੀਆਂ ਹਨ, ਪਰ ਪੂਰੇ ਦੇਸ਼ ’ਚ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਹੀ ਮੁਫ਼ਤ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬ ’ਚ ਵਿਕਾਸ ਦੇ ਨਾਲ-ਨਾਲ ਲੋਕਾਂ ਨੂੰ ਮੁਫ਼ਤ ਸਿੱਖਿਆ ਤੇ ਸਿਹਤ ਸਹੂਲਤ ਮਿਲੇਗੀ, ਬਸ ਸਬਰ ਰੱਖੋ ਕਿਉਂਕਿ ਹਰ ਕੰਮ ਲਈ ਕੁਝ ਸਮਾਂ ਲੱਗਦਾ ਹੈ।

ਪੰਜਾਬ ’ਚ ਨਸ਼ੇ ਦੀ ਸਥਿਤੀ ’ਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਤੇ ਉਨ੍ਹਾਂ ਦੀ ਟੀਮ ਇਸ ’ਤੇ ਸਖ਼ਤੀ ਨਾਲ ਕੰਮ ਕਰ ਰਹੀ ਹੈ। ਪੰਜਾਬ ’ਚੋਂ ਨਸ਼ਿਆਂ ਨੂੰ ਹਰ ਕੀਮਤ ’ਤੇ ਖ਼ਤਮ ਕੀਤਾ ਜਾਵੇਗਾ ਤੇ ਕਿਸੇ ਨੂੰ ਵੀ ਨਸ਼ਾ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਇਸ ਦੌਰਾਨ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸੰਭਾਵਿਤ ਗੱਠਜੋੜ ’ਤੇ ਕੋਈ ਟਿੱਪਣੀ ਨਹੀਂ ਕੀਤੀ।

ਸਿਰਫ਼ ਸਮਾਰਟ ਲਿਖਣ ਨਾਲ ਸਕੂਲ ਸਮਾਰਟ ਨਹੀਂ ਬਣ ਜਾਂਦੇ : ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵੱਲੋਂ ਤਿਆਰ ਕੀਤੇ ਸਕੂਲ ਆਫ ਐਮੀਨੈਂਸ ’ਤੇ ਵਿਰੋਧੀ ਧਿਰ ਦੀਆਂ ਟਿੱਪਣੀਆਂ ’ਤੇ ‘ਪਹਿਲਾਂ ਹੀ ਸਮਾਰਟ ਸਕੂਲ ਸਨ’ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਸਿਰਫ਼ ਸਮਾਰਟ ਲਿਖਣ ਨਾਲ ਸਕੂਲ ਸਮਾਰਟ ਨਹੀਂ ਬਣ ਜਾਂਦੇ, ਇਨ੍ਹਾਂ ’ਚ ਸਹੂਲਤਾਂ ਵੀ ਪ੍ਰਦਾਨ ਕਰਨੀਆਂ ਪੈਂਦੀਆਂ ਹਨ, ਜੋ ਅਸੀਂ ਸਕੂਲ ਆਫ਼ ਐਮੀਨੈਂਸ ’ਚ ਪ੍ਰਦਾਨ ਕਰ ਰਹੇ ਹਾਂ। ਪਿਛਲੀ ਸਰਕਾਰ ਦੇ ਸਮਾਰਟ ਸਕੂਲਾਂ ’ਚ ਬੱਚੇ ਨਹੀਂ ਗਏ ਤੇ ਸਾਡੇ ਸਕੂਲਾਂ ’ਚ 8200 ਸੀਟਾਂ ’ਤੇ ਦਾਖ਼ਲੇ ਲਈ ਇਕ ਲੱਖ ਬੱਚਿਆਂ ਨੇ ਅਪਲਾਈ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਤੋਂ ਬਾਅਦ ਹੁਣ ਅਸੀਂ ਜ਼ਿਲ੍ਹਾ ਹਸਪਤਾਲਾਂ ਦੀ ਕਾਇਆ ਕਲਪ ਕਰਾਂਗੇ। ਜਿੱਥੇ ਮਸ਼ੀਨਰੀ ਨਹੀਂ ਹੈ, ਉੱਥੇ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ ਤੇ ਜਿੱਥੇ ਟੁੱਟੀ ਹੈ, ਉਸ ਦੀ ਮੁਰੰਮਤ ਕਰਵਾਈ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਡੀ ਗਾਰੰਟੀ ਸਿੱਖਿਆ ਦੀ ਸੀ, ਅਸੀਂ ਇਸ ਗਰੰਟੀ ਨੂੰ ਪੂਰਾ ਕਰ ਦਿੱਤਾ ਹੈ। ਪਹਿਲਾਂ ਲੱਗਦਾ ਸੀ ਕਿ ਪੰਜਾਬ ਲਈ ਇਹ ਅਸੰਭਵ ਹੈ, ਪਰ ਸਾਰਿਆਂ ਦੀ ਮਿਹਨਤ ਤੇ ਦਿੱਲੀ ਸਰਕਾਰ ਦੇ ਮਾਰਗ ਦਰਸ਼ਨ ਨਾਲ ਪਹਿਲਾ ਸਕੂਲ ਆਫ਼ ਐਮੀਨੈਂਸ ਤਿਆਰ ਕੀਤਾ ਗਿਆ ਹੈ। ਇੱਥੋਂ ਦੇ ਕਈ ਅਧਿਆਪਕਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ’ਚੋਂ ਕੱਢ ਕੇ ਦਾਖ਼ਲ ਕਰਵਾ ਦਿੱਤਾ ਹੈ। ਇਹ ਮਾਪਿਆਂ ਦਾ ਸਾਡੇ ’ਤੇ ਭਰੋਸਾ ਹੈ। ਉਨ੍ਹਾਂ ਕਿਹਾ ਕਿ ਹੁਣ 15-15 ਦਿਨਾਂ ਬਾਅਦ ਇਕ-ਇਕ ਸਕੂਲ ਤਿਆਰ ਹੁੰਦਾ ਰਹੇਗਾ ਤੇ ਉਨ੍ਹਾਂ ’ਚ ਨਵੀਆਂ ਤੋਂ ਨਵੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ 30 ਕਿਲੋਮੀਟਰ ਦੀ ਦੂਰੀ ਤੱਕ ਟਰਾਂਸਪੋਰਟ ਦੀ ਸਹੂਲਤ ਪ੍ਰਦਾਨ ਕਰ ਰਹੇ ਹਾਂ, ਜੋ ਕਿ ਪਹਿਲਾਂ ਪ੍ਰਾਈਵੇਟ ਸਕੂਲਾਂ ਵਿੱਚ ਉਪਲਬਧ ਸੀ।

ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਦਿੱਲੀ ’ਚ ਤਜਰਬੇ ਕਰਦੇ ਹਨ, ਅਸੀਂ ਉਸ ਨੂੰ ਪੰਜਾਬ ’ਚ ਅਪਣਾ ਰਹੇ ਹਾਂ। ਭਗਵੰਤ ਮਾਨ ਨੇ ਵਿਰੋਧੀਆਂ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਵਿਰੋਧੀ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਕੋਲ ਤਜਰਬਾ ਨਹੀਂ ਹੈ, ਉਹ ਠੀਕ ਕਹਿੰਦੇ ਹਨ। ਸਰਕਾਰ ਕੋਲ ਰੇਤ ਦੀ ਹਿੱਸੇਦਾਰੀ ਖੋਹਣ, ਟਰਾਂਸਪੋਰਟ-ਮਿੰਨੀ ਬੱਸਾਂ ਖੋਹ ਕੇ ਆਪਣਾ ਬਣਾਉਣ, ਲੋਕਾਂ ਦੀ ਜਵਾਨੀ ਦਾ ਘਾਣ ਕਰਨ ਦਾ ਕੋਈ ਤਜਰਬਾ ਨਹੀਂ ਹੈ। ਸਾਨੂੰ ਸਿਰਫ਼ ਲੋਕਾਂ ਦੇ ਦੁੱਖਾਂ ’ਚ ਸ਼ਾਮਲ ਹੋਣ, ਸਿਹਤ ਤੇ ਸਿੱਖਿਆ ਦੇਣ ਦਾ ਤਜਰਬਾ ਹੈ, ਜਿਸ ਲਈ ਸਾਨੂੰ ਸੰਤੁਸ਼ਟੀ ਹੈ।

ਇਕ ਲੱਖ ਬੱਚੀਆਂ ਨੂੰ ਦਿੱਤੀ ਜਾਵੇਗੀ AI ਦੀ ਸਿਖਲਾਈ : ਹਰਜੋਤ ਸਿੰਘ ਬੈਂਸ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਇੱਕ ਲੱਖ ਬੱਚਿਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਸਿੱਖਿਆ ਦਿੱਤੀ ਜਾਵੇਗੀ। ਦਸੰਬਰ ਤੱਕ ਪੰਜਾਬ ਦੇ ਹਰ ਸਕੂਲ ਨੂੰ ਹਾਈ ਸਪੀਡ ਇੰਟਰਨੈੱਟ ਤੇ ਵਾਈਫਾਈ ਨਾਲ ਜੋੜ ਦਿੱਤਾ ਜਾਵੇਗਾ। ਰੈਲੀ ’ਚ ਬੀਐੱਸਐੱਨਐੱਲ ਤੇ ਆਈਬੀਅੱੈਮ ਨਾਲ ਸਿੱਖਿਆ ਵਿਭਾਗ ਨੇ ਐਮਓਯੂ ਸਾਂਝੇ ਕੀਤੇ।

ਇੱਥੇ-ਇੱਥੇ ਖ਼ਰਚ ਹੋਣਗੇ ਪੈਸੇ

  • ਸਰਕਾਰੀ ਸਕੂਲਾਂ ’ਚ ਅਗਲੇ ਤਿੰਨ ਮਹੀਨਿਆਂ ’ਚ 800 ਕਰੋੜ ਰੁਪਏ ਦੀ ਲਾਗਤ ਨਾਲ 10 ਹਜ਼ਾਰ ਨਵੇਂ ਕਲਾਸਰੂਮ ਬਣਾਏ ਜਾਣਗੇ।
  • 100 ਤੋਂ ਵੱਧ ਬੱਚਿਆਂ ਵਾਲੇ ਸਕੂਲਾਂ ਵਿੱਚ ਸਫ਼ਾਈ ਸੇਵਕ ਰੱਖੇ ਜਾਣਗੇ ਅਤੇ ਹਰ ਮਹੀਨੇ 3 ਤੋਂ 50 ਹਜ਼ਾਰ ਦੀ ਗ੍ਰਾਂਟ ਜਾਰੀ ਹੋਵੇਗੀ ।
  • ਸਰਕਾਰੀ ਸਕੂਲਾਂ ਵਿੱਚ 60 ਕਰੋੜ ਨਾਲ 6800 ਬਾਥਰੂਮ ਤਿਆਰ ਹੋਣਗੇ।
  • 7 ਹਜ਼ਾਰ ਸਰਕਾਰੀ ਸਕੂਲਾਂ ਵਿੱਚ 123 ਕਿਲੋਮੀਟਰ ਦੀ ਚਾਰਦੀਵਾਰੀ ਹੋਵੇਗੀ।
  • ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 25 ਕਰੋੜ ਰੁਪਏ ਨਾਲ ਬੈਂਚ ਮੁਹੱਈਆ ਹੋਣਗੇ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੁਰੱਖਿਆ ਗਾਰਡ ਤਾਇਨਾਤ ਹੋਣਗੇ। ਸਰਕਾਰੀ ਸਕੂਲਾਂ ਵਿੱਚ ਅਗਲੇ ਤਿੰਨ ਮਹੀਨਿਆਂ ਵਿੱਚ 800 ਕਰੋੜ ਰੁਪਏ ਦੀ ਲਾਗਤ ਨਾਲ 10 ਹਜ਼ਾਰ ਨਵੇਂ ਕਲਾਸਰੂਮ ਬਣਾਏ ਜਾਣਗ। 100 ਤੋਂ ਵੱਧ ਬੱਚਿਆਂ ਵਾਲੇ ਸਕੂਲਾਂ ਵਿੱਚ ਸਫ਼ਾਈ ਸੇਵਕ ਰੱਖੇ ਜਾਣਗੇ ਅਤੇ ਹਰ ਮਹੀਨੇ 3 ਤੋਂ 50 ਹਜ਼ਾਰ ਦੀ ਗ੍ਰਾਂਟ ਜਾਰੀ ਹੋਵੇਗੀ।