ਜੇਐੱਨਐੱਨ, ਹਲਦਵਾਨੀ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ। ਮੰਗਲਵਾਰ ਦੇਰ ਰਾਤ ਹਲਦਵਾਨੀ ਤੋਂ ਕਾਸ਼ੀਪੁਰ ਜਾ ਰਹੇ ਸਾਬਕਾ ਸੀਐੱਮ ਹਰੀਸ਼ ਰਾਵਤ ਦੀ ਕਾਰ ਬਾਜ਼ਪੁਰ ਵਿਚ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਵਿੱਚ ਸਾਬਕਾ ਸੀਐੱਮ ਦੀ ਕਮਰ ਤੇ ਗਰਦਨ ‘ਚ ਸੱਟਾਂ ਲੱਗੀਆਂ, ਜਦੋਂਕਿ ਇਕ ਸਾਥੀ ਦੇ ਹੱਥ ਅਤੇ ਦੂਜੇ ਦੀ ਲੱਤ ‘ਤੇ ਸੱਟ ਲੱਗੀ ਹੈ। ਹਾਦਸੇ ਤੋਂ ਤੁਰੰਤ ਬਾਅਦ ਸਾਬਕਾ ਮੁੱਖ ਮੰਤਰੀ ਦੋ ਹੋਰ ਜ਼ਖਮੀ ਲੋਕਾਂ ਨਾਲ ਕਾਸ਼ੀਪੁਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਪਹੁੰਚੇ।

ਸਾਬਕਾ ਸੀਐੱਮ ਹਰੀਸ਼ ਰਾਵਤ ਮੰਗਲਵਾਰ ਨੂੰ ਹਲਦਵਾਨੀ ਪਹੁੰਚੇ ਸਨ, ਜਿਸ ਤੋਂ ਬਾਅਦ ਦੇਰ ਸ਼ਾਮ ਉਹ ਕਾਸ਼ੀਪੁਰ ਜਾ ਰਹੇ ਸਨ। ਬਾਜ਼ਪੁਰ ਵਿਚ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਸਾਬਕਾ ਸੀਐੱਮ ਤੋਂ ਇਲਾਵਾ ਸਹਾਇਕ ਅਜੈ ਸ਼ਰਮਾ ਅਤੇ ਕਮਲ ਰਾਵਤ ਵੀ ਗੱਡੀ ਵਿਚ ਸਵਾਰ ਸਨ।

ਸਾਬਕਾ ਮੁੱਖ ਮੰਤਰੀ ਨੂੰ ਲੱਗੀ ਮਾਮੂਲੀ ਸੱਟ

ਇਸ ਹਾਦਸੇ ‘ਚ ਸਾਬਕਾ ਮੁੱਖ ਮੰਤਰੀ ਦੀ ਗਰਦਨ ਅਤੇ ਕਮਰ ‘ਤੇ ਮਾਮੂਲੀ ਸੱਟਾਂ ਲੱਗੀਆਂ ਹਨ, ਜਦੋਂਕਿ ਅਜੈ ਦੇ ਹੱਥ ਅਤੇ ਕਮਲ ਦੀ ਲੱਤ ‘ਤੇ ਸੱਟ ਲੱਗੀ ਹੈ। ਰਾਤ ਨੂੰ ਸਾਰੇ ਇਲਾਜ ਲਈ ਕਾਸ਼ੀਪੁਰ ਦੇ ਨਿੱਜੀ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਫੇਸਬੁੱਕ ‘ਤੇ ਦਿੱਤੀ ਜਾਣਕਾਰੀ

ਇਸ ਦੇ ਨਾਲ ਹੀ ਸਾਬਕਾ ਸੀਐੱਮ ਹਰੀਸ਼ ਰਾਵਤ ਨੇ ਸਵੇਰੇ ਫੇਸਬੁੱਕ ‘ਤੇ ਹਾਦਸੇ ਬਾਰੇ ਪੋਸਟ ਕਰਦਿਆਂ ਕਿਹਾ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਹ ਅਤੇ ਉਨ੍ਹਾਂ ਦੇ ਸਾਥੀ ਠੀਕ ਹਨ।

50 ਦੀ ਸਪੀਡ, ਨਹੀਂ ਖੁੱਲ੍ਹੇ ਬੈਲੂਨ

ਸਾਬਕਾ ਮੁੱਖ ਮੰਤਰੀ ਫਾਰਚੂਨਰ ਕਾਰ ਵਿਚ ਹਲਦਵਾਨੀ ਤੋਂ ਰਵਾਨਾ ਹੋਏ ਸਨ। ਉਨ੍ਹਾਂ ਦੇ ਸਹਿਯੋਗੀ ਅਨੁਸਾਰ ਹਾਦਸੇ ਸਮੇਂ ਗੱਡੀ ਦੀ ਰਫ਼ਤਾਰ 50 ਦੇ ਕਰੀਬ ਹੋਵੇਗੀ। ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਵੀ ਸੁਰੱਖਿਆ ਬੈਲੂਨ ਨਹੀਂ ਖੁੱਲ੍ਹੇ।