ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਹਿੰਦੀ ਭਾਸ਼ਾ ਦੇ ਪਸਾਰ ਲਈ ਮਨਾਏ ਜਾ ਰਹੇ ਹਫਤੇ ਦਾ ਸਮਾਪਨ ਸਮਾਰੋਹ ਕਰਵਾਇਆ ਗਿਆ। ਇਸ ਦਾ ਮਕਸਦ ਰਾਸ਼ਟਰੀ ਭਾਸ਼ਾ ਹਿੰਦੀ ਨੂੰ ਹਿੰਦੀ ਦਿਵਸ ਤਕ ਸੀਮਤ ਨਾ ਕਰ ਕੇ ਵਿਦਿਆਰਥੀਆਂ ਅੰਦਰ ਇਸ ਦੇ ਵਿਕਾਸ ਦੀ ਭਾਵਨਾ ਪੈਦਾ ਕਰਨਾ ਤੇ ਹਿੰਦੀ ਭਾਸ਼ਾ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਸੀ। ਸਮਾਰੋਹ ‘ਚ ਸਿਮਰ ਸਦੋਸ਼ ਕਵੀ ਤੇ ਸਾਹਿਤਕਾਰ ਨੇ ਬਤੌਰ ਮੁੱਖ ਮਹਿਮਾਨ ਤੇ ਸ੍ਰੀ ਰਵੀ ਦਾਰਾ ਅਸਿਸਟੈਂਟ ਡਾਇਰੈਕਟਰ ਯੂਥ ਸਰਵਿਸਜ਼ ਪੰਜਾਬ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਆਰੰਭ ਵਿਦਿਆਲੇ ਗੀਤ ਨਾਲ ਹੋਇਆ। ਫੁੱਲਾਂ ਨਾਲ ਸਵਾਗਤ ਦੀ ਰਸਮ ਉਪਰੰਤ ਜੋਤੀ ਪ੍ਰਜਵੱਲਿਤ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਦੇ ਨਾਲ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ, ਕਾਲਜ ਪਿੰ੍ਸੀਪਲ ਡਾ. ਅਰਚਨਾ ਗਰਗ, ਹਿੰਦੀ ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਕੌਰ, ਆਈਕਿਊਏਸੀ ਦੇ ਕੋਆਰਡੀਨੇਟਰ ਡਾ. ਰੀਤੂ ਗੁਪਤਾ ਤੇ ਕਾਲਜੀਏਟ ਸਕੂਲ ਦੇ ਅਕਾਦਮਿਕ ਇੰਚਾਰਜ ਸੰਜੀਵ ਭੱਲਾ ਵੀ ਮੌਜੂਦ ਸਨ। ਹਿੰਦੀ ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਕੌਰ ਨੇ ਸਾਰਿਆਂ ਦਾ ਸ਼ਾਬਦਿਕ ਅਭਿਨੰਦਨ ਕੀਤਾ। ਈਸ਼ਵਰ ਵੰਦਨਾ ਤੋਂ ਬਾਅਦ ਹਿੰਦੀ ਭਾਸ਼ਾ ਹਫਤੇ ਦੀਆਂ ਗਤੀਵਿਧੀਆਂ ਦੇ ਬਾਰੇ ਜਾਣਕਾਰੀ ਦਿੰਦਿਆਂ 8 ਸਤੰਬਰ ਤੋਂ 14 ਸਤੰਬਰ ਤਕ ਦੇ ਹਫਤੇ ‘ਚ ਕਰਵਾਈਆਂ ਗਈਆਂ ਪ੍ਰਤੀਯੋਗਤਾਵਾਂ ਜਿਵੇਂ ਹਸਤਾਖ਼ਰ ਮੁਹਿੰਮ, ਸ਼ਬਦ-ਗਿਆਨ ਪ੍ਰਤੀਯੋਗਤਾ, ਲੇਖਣ ਪ੍ਰਤੀਯੋਗਤਾ, ਚਿੱਤਰ ਤੋਂ ਮੌਲਿਕ ਲੇਖਣ ਪ੍ਰਤੀਯੋਗਤਾ ਤੇ ਨਿਬੰਧ ਲੇਖਣ ਪ੍ਰਤੀਯੋਗਤਾਵਾਂ ਬਾਰੇ ਵਿਸਤਿ੍ਤ ਜਾਣਕਾਰੀ ਦਿੱਤੀ। ਜੱਜਾਂ ਦੇ ਸਵਾਗਤ ਨਾਲ ਕਵਿਤਾ ਉਚਾਰਨ ਮੁਕਾਬਲਾ ਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਭਵਾਨੀ, ਕਲਿਆਣੀ, ਦੁਰਗਾ ਤੇ ਕਾਲਿਕਾ ਟੀਮਾਂ ਦਾ ਮੁਕਾਬਲਾ ਬੜਾ ਹੀ ਰੌਚਕ ਰਿਹਾ। ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਕਪੂਰਥਲਾ ਦੀ ਭਵਾਨੀ ਟੀਮ ਜੇਤੂ ਰਹੀ। ਡਾ. ਆਸ਼ਾ ਸ਼ਰਮਾ ਐਸੋਸੀਏਟ ਰਿਟਾ. ਪ੍ਰਫੈਸਰ ਕਮਲਾ ਨਹਿਰੂ ਕਾਲਜ ਫਗਵਾੜਾ, ਸੁਪ੍ਰਸਿੱਧ ਪੱਤਰਕਾਰ ਰੀਤੂ ਕਲਸੀ ਦੀ ਪਾਰਖੂ ਦਿ੍ਸ਼ਟੀ ਨੇ ਨਿਰਪੱਖ ਜੱਜਮੈਂਟ ਦਿੱਤੀ। ਸੰਗੀਤਮਈ ਧੁਨੀ ਨਾਲ ਸਰਸ਼ਾਰ ਕਰਦੇ ਪਰੰਪਰਾਗਤ ਦੋਹੇ ਉਚਾਰੇ ਗਏ। ਕੋਰੀਓਗ੍ਰਾਫੀ ਰਾਹੀਂ ਵੇਦਾਂ ਦੇ ਸਾਰ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਉਪਰੰਤ ਵਿਸ਼ੇਸ਼ ਮਹਿਮਾਨ ਰਵੀ ਦਾਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੀ ਸਲੀਕੇ ਨਾਲ ਭਰਪੂਰ ਭਾਸ਼ਾ ਹੈ। ਬੇਸ਼ੱਕ ਕਪਿਲ ਸ਼ਰਮਾ, ਦਾਰਾ ਸਿੰਘ ਵਰਗੇ ਕਲਾਕਾਰ ਪੰਜਾਬੀ ਹਨ ਪਰ ਉਨ੍ਹਾਂ ਨੇ ਹਿੰਦੀ ਭਾਸ਼ਾ ‘ਚ ਪ੍ਰਸਿੱਧੀ ਹਾਸਲ ਕੀਤੀ। ਸੋ ਹਿੰਦੀ ਭਾਸ਼ਾ ਸਾਡੀ ਪਛਾਣ ਹੈ ਹਿੰਦੀ ਭਾਸ਼ਾ ਜੀਟੀ ਰੋਡ ਦੀ ਤਰ੍ਹਾਂ ਸਾਨੂੰ ਸਾਰਿਆਂ ਨਾਲ ਜੋੜਦੀ ਹੈ। ਮੁੱਖ ਮਹਿਮਾਨ ਸਿਮਰ ਸਦੋਸ਼ ਨੇ ਹਿੰਦੀ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਹੈ। ਹਿੰਦੀ ਭਾਸ਼ਾ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਹਿੰਦੀ ਸਰਵ ਸਵੀਕਾਰੀ ਜਾਣ ਵਾਲੀ ਭਾਸ਼ਾ ਹੈ ਸਾਨੂੰ ਇਸ ਨਾਲ ਪਿਆਰ ਕਰਨਾ ਚਾਹੀਦਾ ਹੈ। ਉਪਰੰਤ ਜੇਤੂ ਟੀਮਾਂ ਨੂੰ ਪੁਰਸਕਾਰ ਵੰਡੇ ਗਏ। ਕਵਿਤਾ ਉਚਾਰਨ ਮੁਕਾਬਲੇ ਵਿਚ ਗੁਰੂ ਨਾਨਕ ਖਾਲਸਾ ਕਾਲਜ ਆਫ ਵੂਮੈਨ, ਨਕੋਦਰ ਤੋਂ ਜਸਪ੍ਰਰੀਤ ਕੌਰ ਪਹਿਲੇ ਨੰਬਰ ‘ਤੇ ਰਹੀ, ਸ਼ੋਭਨਾ ਏਪੀ ਦੇ ਕਾਲਜ ਆਫ ਫਾਈਨਲ ਆਰਟਸ, ਜਲੰਧਰ ਨੇ ਦੂਜਾ ਸਥਾਨ ਹਾਸਿਲ ਕੀਤਾ। ਤੁਸ਼ਾਰ ਚੱਢਾ ਡੀਏ ਵੀ ਕਾਲਜ ਜਲੰਧਰ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਕਾਲਜੀਏਟ ਸਕੂਲ ਵਿਚੋਂ ਕਿਰਨਦੀਪ ਕੌਰ ਹਿੰਦੂ ਕੰਨਿਆ ਕਾਲਜੀਏਟ ਸਕੂਲ ਤੋਂ ਪਹਿਲਾ ਸਥਾਨ ਪ੍ਰਰਾਪਤ ਕੀਤਾ। ਸਮਾਰੋਹ ਦੇ ਅੰਤ ਵਿਚ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਜੱਜਾਂ ਨੂੰ ਸਮਿ੍ਤੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਪਿੰ੍ਸੀਪਲ ਡਾ. ਅਰਚਨਾ ਗਰਗ ਨੇ ਰਾਸ਼ਟਰੀ ਹਿੰਦੀ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਜੇ ਪੰਜਾਬੀ ਸਾਡੀ ਮਾਂ ਬੋਲੀ ਹੈ ਤਾਂ ਹਿੰਦੀ ਸਾਡੇ ਮੱਥੇ ‘ਤੇ ਸੱਜਣ ਵਾਲੀ ਬਿੰਦੀ ਹੈ। ਸੋ ਹਿੰਦੀ ਭਾਸ਼ਾ ਨੂੰ ਨਮਨ ਹੈ। ਸਮਾਰੋਹ ਦਾ ਅੰਤ ਰਾਸ਼ਟਰੀ ਗੀਤ ਨਾਲ ਹੋਇਆ। ਮੰਚ ਸੰਚਾਲਨ ਹਿੰਦੀ ਵਿਭਾਗ ਦੇ ਡਾ. ਤਜਿੰਦਰ ਕੌਰ ਨੇ ਬਾਖੂਬੀ ਕੀਤਾ।