ਲਖਵਿੰਦਰ ਸੰਧੂ 70877-19522
ਧੀਰਜ ਕੁਮਾਰ ਅੱਜ ਦੇ ਸਮੇਂ ਪੰਜਾਬੀ ਇੰਡਸਟਰੀ ਦਾ ਉਹ ਅਦਾਕਾਰ ਹੈ, ਜਿਸ ਦੀ ਅਦਾਕਾਰੀ ’ਚੋਂ ਪੰਜਾਬੀ ਇੰਡਸਟਰੀ ਦਾ ਸੁਨਹਿਰਾ ਭਵਿੱਖ ਦੇਖਿਆ ਜਾ ਸਕਦਾ ਹੈ। ‘ਕਿੱਸਾ ਪੰਜਾਬ’, ‘ਰੁਪਿੰਦਰ ਗਾਂਧੀ ਦਿ ਗੈਂਗਸਟਰ’, ‘ਰੱਬ ਦਾ ਰੇਡੀਓ’, ‘ਰੌਕੀ ਮੈਂਟਲ’, ‘ਸੱਜਣ ਸਿੰਘ ਰੰਗਰੂਟ’, ‘ਪ੍ਰਾਹੁਣਾ’, ‘ਕਾਕਾ ਜੀ’, ‘ਮਿੱਟੀ : ਵਿਰਾਸਤ ਬੱਬਰਾਂ ਦੀ’, ‘ਇਕ ਸੰਧੂ ਹੁੰਦਾ ਸੀ’, ‘ਅਮਾਨਤ’, ‘ਵਾਰਨਿੰਗ’ ਤੇ ‘ਕਿ੍ਰਮੀਨਲ’ ਵਰਗੀਆਂ ਫਿਲਮਾਂ ’ਚ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਇਸ ਅਦਾਕਾਰ ਨਾਲ ‘ਪੰਜਾਬੀ ਜਾਗਰਣ’ ਨੇ ਖ਼ਾਸ ਗੱਲਬਾਤ ਕੀਤੀ, ਜਿਸ ਦੇ ਕੁਝ ਅੰਸ਼ ਇਸ ਤਰ੍ਹਾਂ ਹਨ :
ਮੇਰੇ ਪਿੰਡ ਦਾ ਨਾਂ ਚੱਕ ਰੋੜਾ (ਤੰਬੂ ਵਾਲਾ), ਜ਼ਿਲ੍ਹਾ ਫ਼ਾਜ਼ਿਲਕਾ ਹੈ। ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਵੈਰੋਕੇ ਤੋਂ ਬਾਰ੍ਹਵੀਂ ਪਾਸ ਕੀਤੀ ਤੇ ਫਿਰ ਡੀਏਵੀ ਕਾਲਜ, ਜਲਾਲਾਬਾਦ ਤੋਂ ਗ੍ਰੈਜੂਏਸ਼ਨ ਤੇ ਇਸ ਤੋਂ ਬਾਅਦ ਮੈਂ ਬੀਐੱਡ ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਮੈਂ ਪੰਜਾਬ ਯੂਨੀਵਰਸਿਟੀ ਤੋਂ ਥੀਏਟਰ ਵਿਸ਼ੇ ’ਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਮੈਂ ਥੀਏਟਰ ’ਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ।
ਮੇਰੇ ਪਿਤਾ ਹਰੀ ਚੰਦ ਨੇ ਮੈਨੂੰ ਸੰਗੀਤ ਨਾਲ ਜੋੜਿਆ ਪਰ ਮੈਂ ਥੀਏਟਰ ’ਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਤਾਂ ਮੇਰਾ ਦਿਲ ਗਾਇਕੀ ਨਾਲੋਂ ਇਸ ਕੰਮ ’ਚ ਜ਼ਿਆਦਾ ਲੱਗਾ ਤਾਂ ਮੈਂ ਆਪਣੇ ਸ਼ੁਰੂਆਤੀ ਦਿਨਾਂ ’ਚ ਥੀਏਟਰ ਮਿਊਜ਼ਿਕ ਕਰਦਾ ਸੀ। ਮੈਂ ਪਲੇਅ ’ਚ ਨਾਟਕ ਲਈ ਲਾਈਵ ਮਿਊੁਜ਼ਿਕ ਦੇਣਾ ਸ਼ੁਰੂ ਕਰ ਦਿੱਤਾ। ਫਿਰ ਮੈਂ ਹੌਲੀ-ਹੌਲੀ ਐਕਟਿੰਗ ਸ਼ੁਰੂ ਕਰ ਦਿੱਤੀ। ਮੈਂ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਤਸਮੇਸ ਸਿੱਧੂ ਦੇ ਗੀਤ ‘ਬਰੈਂਡ ਨਿਊ’ ਲਈ ਮਾਡਲਿੰਗ ਕੀਤੀ। ਇਸ ਤੋਂ ਬਾਅਦ ਫਿਲਮਾਂ ਨਾਲ ਜੁੜ ਗਏ ਤੇ ‘ਕਿੱਸਾ ਪੰਜਾਬ’, ‘ਰੁਪਿੰਦਰ ਗਾਂਧੀ ਦਿ ਗੈਂਗਸਟਰ’, ‘ਰੱਬ ਦਾ ਰੇਡੀਓ’, ‘ਰੌਕੀ ਮੈਂਟਲ’ ਆਦਿ ਫਿਲਮਾਂ ’ਚ ਕੰਮ ਕੀਤਾ।
ਮੈਨੂੰ ਲੱਗਦਾ ਹੈ ਕਿ ਸੰਘਰਸ਼ ਤੁਹਾਡੇ ਅੰਦਰ ਦੀਆਂ ਕਮੀਆਂ ਨੂੰ ਦੂਰ ਕਰ ਕੇ ਤੁਹਾਡੀ ਕਲਾ ’ਚ ਨਿਖਾਰ ਕਰਦਾ ਹੈ। ਉਸ ਸਮੇਂ ਮੈਨੂੰ ਸੰਘਰਸ਼ ਕਰਨਾ ਔਖਾ ਲੱਗਦਾ ਸੀ। ਜਦ ਹੌਲੀ-ਹੌਲੀ ਮੇਰੇ ਅੰਦਰ ਐਕਟਿੰਗ ਦਾ ਸ਼ੌਕ ਪੈਦਾ ਹੋਇਆ ਤਾਂ ਇਹ ਮੇਰੇ ਲਈ ਬਹੁਤ ਹੀ ਖ਼ੂਬਸੂਰਤ ਅਹਿਸਾਸ ਸੀ। ਇਸ ਤੋਂ ਬਾਅਦ ਮੈਨੂੰ ਮੇਰੇ ਜੀਵਨ ’ਚ ਸੰਘਰਸ਼ ਜ਼ਿਆਦਾ ਮਹਿਸੂਸ ਨਹੀਂ ਹੋਇਆ। ਮੈਨੂੰ ਲੱਗਦਾ ਹੈ ਕਿ ਸੰਘਰਸ਼ ਮੇਰੇ ਜੀਵਨ ਸਫ਼ਰ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਸ ਤੋਂ ਬਿਨਾਂ ਸਫਲਤਾ ਦਾ ਮਜ਼ਾ ਨਹੀਂ ਆਉਂਦਾ। ਮੇਰੇ ਹਿਸਾਬ ਨਾਲ ਜੇ ਕੋਈ ਰਾਤੋ-ਰਾਤ ਸਟਾਰ ਬਣਦਾ ਹੈ ਤਾਂ ਉਹ ਸੰਘਰਸ਼ ਦੇ ਦੌਰ ਤੋਂ ਦੂਰ ਹੋ ਕੇ ਕਈ ਚੀਜ਼ਾਂ ਮਿਸ ਕਰਦਾ ਹੈ। ਸਫਲਤਾ ਉਸ ਨੂੰ ਜ਼ਿਆਦਾ ਚੰਗੀ ਲੱਗਦੀ ਹੈ, ਜੋ ਬਹੁਤ ਹੇਠਾਂ ਤੋਂ ਸੰਘਰਸ਼ ਕਰ ਕੇ ਆਪਣੇ ਸੁਪਨੇ ਪੂਰੇ ਕਰਦਾ ਹੈ।
ਮੈਨੂੰ ਇਹ ਹੁੰਦਾ ਕਿ ਜਿਵੇਂ ਗੁਲਦਸਤੇ ’ਚ ਹਰ ਤਰ੍ਹਾਂ ਦੇ ਫੁੱਲ ਸੋਹਣੇ ਲੱਗਦੇ ਹਨ। ਇਸੇ ਤਰ੍ਹਾਂ ਮੈਂ ਚਾਹੁੰਦਾ ਹਾਂ ਕਿ ਦਰਸ਼ਕ ਮੇਰੇ ’ਚੋਂ ਹਰ ਤਰ੍ਹਾਂ ਦੀ ਐਕਟਿੰਗ ਦੇਖ ਸਕਣ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੇਰਾ ਹਰ ਕਿਰਦਾਰ ਇਕ-ਦੂਜੇ ਤੋਂ ਵੱਖਰਾ ਹੋਵੇ। ਮੈਨੂੰ ਚੰਗਾ ਲੱਗਦਾ ਹੈ ਜਦੋਂ ਕੋਈ ਮੈਨੂੰ ਮੇਰੇ ਕਿਰਦਾਰ ਦੇ ਨਾਂ ਨਾਲ ਬੁਲਾਉਂਦਾ ਹੈ ਜਿਵੇਂ ‘ਵਾਰਨਿੰਗ’ ਦਾ ਸ਼ਿੰਦਾ ਤਾਂ ਲੱਗਦਾ ਹੈ ਕਿ ਇਹ ਮੇਰੀ ਕੀਤੀ ਮਿਹਨਤ ਦਾ ਮੁੱਲ ਹੈ। ਗੱਲ ‘ਪੌਣੇ 9’ ਫਿਲਮ ਦੀ ਕਰਾ ਤਾਂ ਇਸ ਫਿਲਮ ’ਚ ਮੇਰੇ ਕਿਰਦਾਰ ਦੇ ਕਈ ਰੂਪ ਹਨ । ਅਜਿਹੇ ਕਿਰਦਾਰ ਨਿਭਾਉਣ ਲਈ ਜੋ ਤੁਹਾਡੇ ਤੋਂ ਉਲਟ ਹੋਵੇ , ਬਹੁਤ ਮੁਸ਼ਕਲ ਹੁੰਦਾ ਹੈ।
ਮੈ ਜਦੋਂ ਵੀ ਕੋਈ ਫਿਲਮ ਦੀ ਕਹਾਣੀ ਸੁਣਦਾ ਹਾਂ ਤਾਂ ਮੈਂ ਉਸ ਕਿਰਦਾਰ ਨੂੰ ਆਮ ਜੀਵਨ ’ਚ ਲੱਭਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਸਮਝਦਾ ਹਾਂ ਕਿ ਆਮ ਜ਼ਿੰਦਗੀ ਦੇ ਕਿਰਦਾਰ ਕਾਫੀ ਰੀਅਲ ਹੁੰਦੇ ਹਨ ਤੇ ਜੇ ਕੋਈ ਐਕਟਰ ਉਨ੍ਹਾਂ ਦੇ ਸੁਭਾਅ ਤੋਂ ਪ੍ਰੇਰਿਤ ਹੋ ਕੇ ਐਕਟਿੰਗ ਕਰਦਾ ਹੈ ਤਾਂ ਉਹ ਦਰਸ਼ਕਾਂ ਨਾਲ ਜਲਦੀ ਤਾਲਮੇਲ ਕਰ ਕਰਦਾ ਹੈ। ਮੈਂ ਜਦੋਂ ਕੋਈ ਕਿਰਦਾਰ ਨਿਭਾਉਂਦਾ ਹਾਂ ਤਾਂ ਕੁਝ ਸਮੇਂ ਲਈ ਉਸ ਕਿਰਦਾਰ ਦਾ ਜੀਵਨ ਖ਼ੁਦ ਜੀਅ ਕੇ ਦੇਖਦਾ ਹਾਂ। ਸ਼ਿੰਦੇ ਦੇ ਕਿਰਦਾਰ ਲਈ ਮੈਂ ਆਪਣੇ ਗੁੱਸੇ ਨੂੰ ਅਦਾਕਾਰੀ ’ਚ ਬਦਲ ਦਿੱਤਾ, ਜੋ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ। ਮੈਂ ਆਪਣੀਆਂ ਗ਼ਲਤੀਆਂ ਤੋਂ ਬਹੁਤ ਕੁਝ ਸਿੱਖਦਾ ਹਾਂ।
(ਹੱਸਦੇ ਹੋਏ) ਮੈਂ ਇਸ ਬਾਰੇ ਸੋਚਿਆ ਨਹੀਂ ਪਰ ਭਵਿੱਖ ’ਚ ਸ਼ਾਇਦ ਮੈਂ ਕਿਸੇ ਫਿਲਮ ’ਚ ਪਲੇਅਬੈਕ ਸਿੰਗਰ ਦੇ ਤੌਰ ’ਤੇ ਗੀਤ ਗਾਵਾਂ। ਮੈਂ ਹਾਲ ਹੀ ’ਚ ਇੰਪਾਸੀਬਲ ਫਿਲਮਜ਼ ਸਟੂਡੀਓ ਪ੍ਰੋਡਕਸ਼ਨ ਹਾਊਸ ਰਜਿਸਟਰ ਕਰਵਾਇਆ ਹੈ। ਇਸ ’ਚ ਹੀ ਮੈਂ ਸਸਪੈਂਸ ਥਿ੍ਰਲਰ ਫਿਲਮ ‘ਫੁਲ ਮੂਨ’ ਦਾ ਨਿਰਮਾਣ ਕਰ ਰਿਹਾ ਹਾਂ। ਹੋ ਸਕਦਾ ਹੈ ਕਿ ਉਸ ਫਿਲਮ ਜਾਂ ਕਿਸੇ ਹੋਰ ਲਈ ਪਲੇਅ ਬੈਕ ਸਿੰਗਰ ਦੇ ਤੌਰ ’ਤੇ ਕੰਮ ਕਰਾਂ ਪਰ ਸੱਚ ਦੱਸਾਂ ਤਾਂ ਇਸ ਬਾਰੇ ਅਜੇ ਮੈਂ ਤਿਆਰ ਨਹੀਂ ਹਾਂ।
ਮੇਰਾ ਡਰੀਮ ਪ੍ਰਾਜੈਕਟ ਇਹ ਹੈ ਕਿ ਮੈਂ ਸੁਪਰਹੀਰੋ ਮੂਵੀਜ਼ ਜਿਵੇਂ ‘ਮਾਰਬਲ ਮੂਵੀਜ਼ ਐਵੇਂਜਰਸ’ ਆਦਿ ਵਰਗੀਆਂ ਫਿਲਮਾਂ ’ਚ ਕੰਮ ਕਰਾਂ ਕਿਉਂਕਿ ਹਰ ਐਕਟਰ ਦਾ ਸੁਪਨਾ ਕੁਝ ਵੱਖ ਕਰਨ ਦਾ ਹੁੰਦਾ ਹੈ ਤੇ ਮੇਰਾ ਇਹ ਸੁਪਨਾ ਹੈ ਕਿ ਮੈਂ ਵੀ ਸਿਨੇਮੋਗ੍ਰਾਫੀ ਦੀ ਹਰ ਤਕਨਾਲੋਜੀ ਨਾਲ ਕੰਮ ਕਰਾਂ। ਮੇਰੀ ਤਮੰਨਾ ਹੈ ਕਿ ਪੰਜਾਬੀ ਇੰਡਸਟਰੀ ’ਚ ਵੀ ਜਲਦ ਤੋਂ ਜਲਦ ਵੱਡੀਆਂ ਫਿਲਮਾਂ ਬਣਨ
ਜਿਵੇਂ ਸਾਡੀ ‘ਵਾਰਨਿੰਗ-2’ ਵੀ ਵੱਡੇ ਬਜਟ ਦੀ ਫਿਲਮ ਹੈ। ਇਸ ਤੋਂ ਇਲਾਵਾ ਹੋਰ ਕਈ ਫਿਲਮਾਂ ਆ ਰਹੀਆਂ ਹਨ। ਮੇਰਾ ਮੰਨਣਾ ਹੈ ਕਿ ਜੇ ਸਿੱਖ ਮਿਸਲਾਂ ਉੱਤੇ ਫਿਲਮਾਂ ਬਣਾਈਆਂ ਜਾਣ ਤਾਂ ਉਹ ਬਾਲੀਵੁੱਡ ਹੀ ਨਹੀਂ ਸਗੋਂ ਹਾਲੀਵੁੱਡ ਦੀਆਂ ਕਹਾਣੀਆਂ ਨੂੰ ਵੀ ਮਾਤ ਪਾ ਸਕਦੀਆਂ ਹਨ। ਸਿੱਖ ਮਿਸਲਾਂ ਉੱਤੇ ਕਈ ਭਾਗਾਂ ’ਚ ਫਿਲਮਾਂ ਬਣਾ ਕੇ ਪੰਜਾਬੀ ਇੰਡਸਟਰੀ ਸਾਰਿਆਂ ਦਾ ਧਿਆਨ ਖਿੱਚ ਸਕਦੀ ਹੈ ਕਿਉਂਕਿ ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ। J
ਮੈਨੂੰ ਲੱਗਾ ਹੈ ਕਿ ਦਰਸ਼ਕਾਂ ਦਾ ਦਿਲ ਜਿੱਤਣ ਬਹੁਤ ਔਖਾ ਕੰਮ ਹੈ। ਅੱਜ ਦੇ ਦਰਸ਼ਕ ਓਟੀਟੀ ਦੇਖ ਕੇ ਬਹੁਤ ਸਮਝਦਾਰ ਹੋ ਗਏ ਹਨ । ਹੁਣ ਤੁਸੀਂ ਉਨ੍ਹਾਂ ਨੂੰ ਗੁਮਰਾਹ ਨਹੀਂ ਕਰ ਸਕਦੇ । ਤੁਸੀਂ ਵਾਰ-ਵਾਰ ਉਸ ਨੂੰ ਇੱਕੋ ਚੀਜ਼ਾਂ ਦਿਖਾ-ਦਿਖਾ ਕੇ ਦਰਸ਼ਕਾਂ ਦੇ ਦਿਲਾਂ ’ਚ ਥਾਂ ਨਹੀਂ ਬਣਾ ਸਕਦੇ। ਅੱਜ ਦੇ ਦੌਰ ’ਚ ਫਿਲਮ ਦੀ ਕਹਾਣੀ ਹੀ ਅਸਲੀ ਹੀਰੋ ਹੈ। ਜੇ ਕਹਾਣੀ ਵਧੀਆ ਹੋਵੇਗੀ ਤਾਂ ਦਰਸ਼ਕ ਤਾਂ ਹੀ ਉਨ੍ਹਾਂ ਨਾਲ ਜ਼ਰੂਰ ਜੁੜਨਗੇ। ਐਮੀਗੋਸ ਮੋਸ਼ਨ ਪਿਕਚਰ ਵੱਲੋਂ ਬਣਾਈ ਫਿਲਮ ‘ਪੌਣੇ 9’ ਲਈ ਬਲਜੀਤ ਨੂਰ ਤੇ ਸਾਡੀ ਟੀਮ ਨੇ ਕਾਫ਼ੀ ਮਿਹਨਤ ਕੀਤੀ ਹੈ ਤੇ ਮੈਨੂੰ ਵੀ ਇਸ ਕਿਰਦਾਰ ਲਈ ਸਰੀਰਕ ਤੇ ਮਾਨਸਿਕ ਤੌਰ ਉੱਤੇ ਆਪਣੇ ’ਚ ਕਾਫ਼ੀ ਤਬਦੀਲੀਆਂ ਕਰਨੀਆਂ ਪਈਆਂ। ਸ਼ਾਇਦ ਇਹ ਹੀ ਮੇਰੀ ਰਣਨੀਤੀ ਹੈ।



