ਨਈ ਦੁਨੀਆ, ਸਿੰਗਰੌਲੀ : ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ (ਆਪ) ਦੇ ਹੱਕ ’ਚ ਪ੍ਰਚਾਰ ਕਰਨ ਲਈ ਵੀਰਵਾਰ ਨੂੰ ਸਿੰਗਰੌਲੀ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਦੇ ਸੰਮਨ ’ਤੇ ਆਪਣੀ ਗਿ੍ਰਫ਼ਤਾਰੀ ਦਾ ਖ਼ਦਸ਼ਾ ਪ੍ਰਗਟ ਕੀਤਾ। ਇਸ ਦੌਰਾਨ ਰੈਲੀ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੰਚ ’ਤੇ ਉਨ੍ਹਾਂ ਨਾਲ ਸਨ। ਸੰਬੋਧਨ ਦੌਰਾਨ ਭਾਵੁਕ ਹੁੰਦਿਆਂ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵਾਲੇ ਦਿੱਲੀ ’ਚ ਰੋਜ਼ ਖੜ੍ਹੇ ਹੋ ਕੇ ਧਮਕੀਆਂ ਦੇ ਰਹੇ ਹਨ ਕਿ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲੈਣਗੇ। ਇਸ ਲਈ ਇਹ ਯਕੀਨੀ ਨਹੀਂ ਕਿ ਚੋਣ ਨਤੀਜੇ ਆਉਣ ਤੱਕ ਮੈਂ ਬਾਹਰ ਰਹਾਂਗਾ ਜਾਂ ਜੇਲ੍ਹ ਅੰਦਰ ਰਹਾਂਗਾ। ਮੈਂ ਕਹਿਣਾ ਚਾਹੁੰਦਾ ਹਾਂ ਕਿ ਕੇਜਰੀਵਾਲ ਦੇ ਸਰੀਰ ਨੂੰ ਤਾਂ ਗਿ੍ਰਫ਼ਤਾਰ ਕਰ ਲਓਗੇ ਪਰ ਕੇਜਰੀਵਾਲ ਦੀ ਸੋਚ ਨੂੰ ਕਿਸ ਤਰ੍ਹਾਂ ਕੈਦ ਕਰੋਗੇ। ਹਜ਼ਾਰਾਂ-ਲੱਖਾਂ ਕੇਜਰੀਵਾਲ ਕਿਸ ਤਰ੍ਹਾਂ ਗਿ੍ਰਫ਼ਤਾਰ ਕਰੋਗੇ।
ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਸਾਨੂੰ ਇਮਾਨਦਾਰੀ ਨਾਲ ਕੰਮ ਨਹੀਂ ਕਰਨ ਦੇ ਰਹੀ। ਕੇਂਦਰ ਸਰਕਾਰ ਇਹ ਜਾਣਦੀ ਹੈ ਕਿ ਕੇਜਰੀਵਾਲ ਜਿੱਥੇ ਰੈਲੀ ਕਰਦਾ ਹੈ, ਉੱਥੋਂ ਭਾਜਪਾ ਦਾ ਸੂਪੜਾ ਸਾਫ਼ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਨਾ ਤਾਂ ਮੈਨੂੰ ਦਿੱਲੀ ’ਚ ਕੰਮ ਕਰਨ ਦਿੰਦੇ ਹਨ ਤੇ ਨਾ ਇੱਥੇ ਸਿੰਗਰੌਲੀ ’ਚ ‘ਆਪ’ ਦੇ ਮੇਅਰ ਨੂੰ ਕੰਮ ਕਰਨ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਆਪ ਨੇ ਮੱਧ ਪ੍ਰਦੇਸ਼ ਦੇ ਸਿੰਗਰੌਲੀ ’ਚ ਮੇਅਰ ਰਾਣੀ ਅਗਰਵਾਲ ਨੂੰ ਵਿਧਾਨ ਸਭਾ ਚੋਣ ਮੈਦਾਨ ’ਚ ਉਤਾਰਿਆ ਹੈ। ਰੈਲੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੰਬੋਧਨ ਕੀਤਾ।



