ਜਾ.ਸ., ਧਰਮਸ਼ਾਲਾ : ਬੋਧੀ ਧਰਮ ਗੁਰੂ ਦਲਾਈ ਲਾਮਾ ਦਾ ਕਹਿਣਾ ਹੈ ਕਿ ਅੱਜ ਸੰਸਾਰ ਵਿਚ ਸ਼ਾਂਤੀ ਵਧਾਉਣ ਦੀ ਗੱਲ ਹਰ ਕੋਈ ਕਰ ਰਿਹਾ ਹੈ ਪਰ ਸ਼ਾਂਤੀ ਦੇ ਮੂਲ ਨੂੰ ਬਹੁਤ ਘੱਟ ਲੋਕ ਜਾਣਦੇ ਹਨ। ਮੁੱਖ ਬੋਧੀ ਮੰਦਰ ਮੈਕਲੋਡਗੰਜ ਵਿਚ ਹੋਈ ਟੀਚਿੰਗ ਦੇ ਆਖ਼ਰੀ ਦਿਨ ਦਲਾਈ ਲਾਮਾ ਨੇ ਪੈਰੋਕਾਰਾਂ ਨੂੰ ਕਿਹਾ ਕਿ ਸੰਸਾਰ ਵਿਚ ਸ਼ਾਂਤੀ ਲਈ ਹਰ ਕੋਈ ਰੌਲਾ ਪਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਆਪਣੇ ਮਨ ਸ਼ਾਂਤ ਕਰਨੇ ਪੈਣਗੇ। ਮਨ ਦੀ ਸ਼ਾਂਤੀ, ਦੂਸਰਿਆਂ ਦਾ ਹਿੱਤ ਕਰਨ ਨਾਲ ਮਿਲਦੀ ਹੈ, ਨਾ ਕਿ ਕਿਸੇ ਨੂੰ ਦੁੱਖ ਪਹੁੰਚਾ ਕੇ ਇਹ ਹਾਸਿਲ ਹੋਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਦਵਾਈ ਖਾਣ ਨਾਲ ਮਨ ਸ਼ਾਂਤ ਨਹੀਂ ਹੋ ਸਕਦਾ। ਪਿਆਰ ਤੇ ਤਰਸ ਦੀ ਭਾਵਨਾ ਸਦਕਾ ਸੰਸਾਰ ਵਿਚ ਸ਼ਾਂਤੀ ਬਹਾਲ ਹੋ ਸਕਦੀ ਹੈ। ਪਿਆਰ ਤੇ ਤਰਸ ਨੂੰ ਹਰ ਕੋਈ ਪਸੰਦ ਕਰਦਾ, ਇਸ ਲਈ ਚੰਗੇ ਸ਼ਖ਼ਸ ਬਣੋ ਤੇ ਜਿੰਨਾ ਹੋ ਸਕੇ, ਹੋਰਨਾਂ ਦਾ ਭਲਾ ਕਰੋ। ਦਲਾਈ ਨੇ ਕਿਹਾ ਕਿ ਪਿਆਰ ਦੀ ਭਾਵਨਾ ਸਾਡੇ ਅੰਦਰੋਂ ਜਨਮ ਲੈਂਦੀ ਹੈ ਕਿਉਂਕਿ ਜਦੋਂ ਅਸੀਂ ਮਾਂ ਦੇ ਗਰਭ ਵਿਚ ਹੁੰਦੇ ਹਾਂ ਤਾਂ ਪਿਆਰ ਸਦਕਾ ਹੀ ਅਸੀਂ ਕੁੱਖ ਵਿਚ ਪਲ਼ਦੇ ਹਾਂ। ਉਥੇ ਜਨਮ ਲੈਣ ਤੋਂ ਬਾਅਦ ਮਾਂ ਦੇ ਦੁੱਧ ਤੇ ਪਿਆਰ ’ਤੇ ਨਿਰਭਰ ਹੁੰਦੇ ਹਾਂ। ਇਸ ਮਗਰੋਂ ਅਸੀਂ ਮਾਂ ਦੇ ਪਿਆਰ ਸਦਕਾ ਪ੍ਰਵਾਨ ਚੜ੍ਹਦੇ ਹਾਂ, ਪਿਆਰ ਤਾਂ ਬਾਲ ਵਰ੍ਹੇਸ ਤੋਂ ਹੀ ਸਾਡੇ ਅੰਦਰ ਪਿਆ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਚੀਨ ਵਿਚ ਅਜੋਕੇ ਦੌਰ ਵਿਚ ਭਗਵਾਨ ਬੁੱਧ ਨੂੰ ਮੰਨਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਕ ਵਕਤ ਇਹੋ ਜਿਹਾ ਵੀ ਆਇਆ ਸੀ ਜਦੋਂ ਬੋਧੀ ਘੱਟ ਗਏ ਸਨ ਪਰ ਹੁਣ ਇਹ ਗਿਣਤੀ ਵੱਧ ਰਹੀ ਹੈ।