ਅਭਿਸ਼ੇਕ ਤ੍ਰਿਪਾਠੀ, ਨਵੀਂ ਦਿੱਲੀ : ਆਪਣੇ ਤੀਜੇ ਵਿਸ਼ਵ ਕੱਪ (World Cup 2023) ਖਿਤਾਬ ਦੇ ਇੰਨੇ ਨੇੜੇ ਆਉਣਾ ਤੇ ਟਰਾਫੀ ਤੋਂ ਖੁੰਝ ਜਾਣਾ ਟੀਮ ਇੰਡੀਆ (Team India) ਦੇ ਨਾਲ ਹਰ ਭਾਰਤੀ ਪ੍ਰਸ਼ੰਸਕ ਦੀ ਦਿਲ ਤੋੜਨ ਵਾਲਾ ਹੈ। ਇੰਨੇ ਵੱਡੇ ਮੈਚ ’ਚ ਇਕ ਵਾਰ ਫਿਰ ਸਾਰਿਆਂ ਦੀਆਂ ਉਮੀਦਾਂ ਕਪਤਾਨ ਰੋਹਿਤ ਸ਼ਰਮਾ (Rohit Sharma) ਤੇ ਵਿਰਾਟ ਕੋਹਲੀ (Virat Kohli) ’ਤੇ ਟਿਕੀਆਂ ਹੋਈਆਂ ਸਨ। ਹਮੇਸ਼ਾ ਦੀ ਤਰ੍ਹਾਂ ਰੋਹਿਤ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ, ਜਦਕਿ ਕੋਹਲੀ ਨੇ ਵੀ ਫਾਈਨਲ ’ਚ ਅਰਧ ਸੈਂਕੜਾ ਜੜਿਆ। ਪਰ ਇਹ ਦੋਵੇਂ ਕਦੋਂ ਤੱਕ ਟੀਮ ਦਾ ਬੋਝ ਆਪਣੇ ਮੋਢਿਆਂ ’ਤੇ ਚੁੱਕਦੇ ਰਹਿਣਗੇ। ਟੀਮ ’ਚ 11 ਖਿਡਾਰੀ ਹੁੰਦੇ ਹਨ ਤੇ ਕ੍ਰਿਕਟ ’ਚ ਕਿਹਾ ਜਾਂਦਾ ਹੈ ਕਿ ਇਕ ਜਾਂ ਦੋ ਖਿਡਾਰੀ ਤੁਹਾਨੂੰ ਟਰਾਫੀ ਨਹੀਂ ਜਿੱਤਾ ਸਕਦੇ। ਇਸ ਲਈ ਫਾਈਨਲ ਵਰਗੇ ਵੱਡੇ ਮੈਚ ’ਚ ਸਾਰੇ ਖਿਡਾਰੀਆਂ ਦਾ ਹਿੱਸਾ ਲੈਣਾ ਜ਼ਰੂਰੀ ਹੈ।
ਰੋਹਿਤ, ਵਿਰਾਟ, ਸ਼ਮੀ ਤੇ ਬੁਮਰਾਹ ਨੂੰ ਛੱਡ ਕੇ ਬਾਕੀ ਖਿਡਾਰੀਆਂ ਨੇ ਐਤਵਾਰ ਨੂੰ ਹੋਏ ਮੈਚ ’ਚ ਨਿਰਾਸ਼ ਕੀਤਾ। ਕਪਤਾਨ ਰੋਹਿਤ ਅਤੇ ਵਿਰਾਟ ਟੂਰਨਾਮੈਂਟ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ’ਚ ਸ਼ਾਮਲ ਸਨ। ਰੋਹਿਤ ਨੇ 11 ਮੈਚਾਂ ’ਚ 54 ਤੋਂ ਜ਼ਿਆਦਾ ਦੀ ਔਸਤ ਨਾਲ 597 ਦੌੜਾਂ ਬਣਾਈਆਂ, ਜਦਕਿ ਵਿਰਾਟ ਨੇ ਇੰਨੇ ਹੀ ਮੈਚਾਂ ’ਚ 765 ਦੌੜਾਂ ਬਣਾ ਕੇ ‘ਪਲੇਅਰ ਆਫ ਦਿ ਟੂਰਨਾਮੈਂਟ’ ਚੁਣਿਆ ਗਿਆ। ਫਾਈਨਲ ’ਚ ਵੀ ਰੋਹਿਤ ਨੇ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਭਾਰਤ ਲਈ ਵੱਡੇ ਸਕੋਰ ਦੀ ਨੀਂਹ ਰੱਖੀ ਪਰ ਸ਼੍ਰੇਅਸ ਅਈਅਰ, ਕੇਐੱਲ ਰਾਹੁਲ ਅਤੇ ਸੂਰਿਆਕੁਮਾਰ ਯਾਦਵ ਇਸ ਦਾ ਫਾਇਦਾ ਨਹੀਂ ਉਠਾ ਸਕੇ। ਜਦੋਂ ਕੇਐੱਲ ਰਾਹੁਲ ਕ੍ਰੀਜ਼ ’ਤੇ ਆਏ ਤਾਂ ਟੀਮ ਨੇ ਪੰਜ ਦੌੜਾਂ ਦੇ ਅੰਦਰ ਹੀ ਰੋਹਿਤ ਤੇ ਸ਼੍ਰੇਅਸ ਦੀਆਂ ਵਿਕਟਾਂ ਗੁਆ ਦਿੱਤੀਆਂ। ਤਦ ਟੀਮ ਨੂੰ ਵਿਰਾਟ ਦੇ ਨਾਲ-ਨਾਲ ਰਾਹੁਲ ਦੀ ਲੋੜ ਸੀ ਤਾਂ ਜੋ ਟੀਮ ਨੂੰ ਸਥਿਰਤਾ ਪ੍ਰਦਾਨ ਕੀਤੀ ਜਾ ਸਕੇ ਤੇ ਦੌੜਾਂ ਦੀ ਰਫ਼ਤਾਰ ਵੀ ਬਣਾਈ ਰੱਖੀ ਜਾ ਸਕੇ। ਇੱਥੇ ਭਾਰਤੀ ਟੀਮ ਨੂੰ ਵੀ ਕੁਝ ਅਜਿਹਾ ਚਾਹੀਦਾ ਸੀ, ਜੋ ਸ਼੍ਰੇਅਸ ਤੇ ਵਿਰਾਟ ਨੇ ਸੈਮੀਫਾਈਨਲ ’ਚ ਨਿਊਜ਼ੀਲੈਂਡ ਖਿਲਾਫ ਕੀਤਾ ਸੀ। ਸ਼੍ਰੇਅਸ ਨੇ ਇਕ ਸਿਰੇ ਤੋਂ ਹਮਲਾ ਕਰਨਾ ਜਾਰੀ ਰੱਖਿਆ, ਜਦਕਿ ਵਿਰਾਟ ਨੇ ਸਾਵਧਾਨੀ ਨਾਲ ਬੱਲੇਬਾਜ਼ੀ ਕੀਤੀ ਪਰ ਇੱਥੇ ਦੋਵੇਂ ਬੱਲੇਬਾਜ਼ ਬਹੁਤ ਜ਼ਿਆਦਾ ਰੱਖਿਆਤਮਕ ਹੋ ਗਏ। ਰਾਹੁਲ ਨੇ 107 ਗੇਂਦਾਂ ’ਚ 66 ਦੌੜਾਂ ਬਣਾਈਆਂ, ਜੇਕਰ ਰਾਹੁਲ ਨੇ ਆਸਟਰੇਲਿਆਈ ਗੇਂਦਬਾਜ਼ਾਂ ਖ਼ਿਲਾਫ਼ ਹਮਲਾਵਰ ਰੁਖ਼ ਅਪਣਾਇਆ ਹੁੰਦਾ ਤਾਂ ਸਥਿਤੀ ਵੱਖਰੀ ਹੋ ਸਕਦੀ ਸੀ। ਇਸ ਦੇ ਨਾਲ ਹੀ ਵਿਕਟ ਦੇ ਪਿੱਛੇ ਕੇਐੱਲ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਤੇ ਉਸ ਨੇ ਵਾਧੂ ਦੌੜਾਂ ਦਿੱਤੀਆਂ, ਜਿਸ ਕਾਰਨ ਆਸਟਰੇਲੀਆਈ ਬੱਲੇਬਾਜ਼ਾਂ ’ਤੇ ਦਬਾਅ ਦੂਰ ਹੋ ਗਿਆ। ਰਾਹੁਲ ਤੋਂ ਇਲਾਵਾ ਟੀਮ ਨੂੰ ਫਾਈਨਲ ’ਚ ਸੂਰਿਆਕੁਮਾਰ ਯਾਦਵ ਤੋਂ ਵੀ ਕਾਫੀ ਉਮੀਦਾਂ ਸਨ ਪਰ ਉਨ੍ਹਾਂ ਨੇ ਵੀ ਨਿਰਾਸ਼ ਕੀਤਾ।
ਟੂਰਨਾਮੈਂਟ ਦੀਆਂ ਸੱਤ ਪਾਰੀਆਂ ’ਚ ਸੂਰਿਆ ਨੇ ਸਿਰਫ਼ 106 ਦੌੜਾਂ ਬਣਾਈਆਂ ਤੇ ਉਹ ਵੀ ਸਿਰਫ਼ 17.66 ਦੀ ਔਸਤ ਨਾਲ। ਫਾਈਨਲ ’ਚ ਹਰ ਭਾਰਤੀ ਪ੍ਰਸ਼ੰਸਕ ਨੂੰ ਉਸ ਤੋਂ ਉਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਸੀ ਜੋ ਉਹ ਆਈਪੀਐੱਲ ’ਚ ਕਰਦਾ ਹੈ ਪਰ ਇੱਥੇ ਉਸ ਨੇ 28 ਗੇਂਦਾਂ ਖੇਡੀਆਂ ਅਤੇ ਸਿਰਫ 18 ਦੌੜਾਂ ਬਣਾਈਆਂ। ਇੱਥੋਂ ਤੱਕ ਕਿ ਜਦੋਂ ਸ਼ਮੀ ਤੇ ਬੁਮਰਾਹ ਵਰਗੇ ਗੇਂਦਬਾਜ਼ ਉਸ ਦੇ ਨਾਲ ਬੱਲੇਬਾਜ਼ੀ ਕਰ ਰਹੇ ਸਨ, ਸੂਰਿਆ ਨੇ ਸਟ੍ਰਾਈਕ ਆਪਣੇ ਕੋਲ ਰੱਖਣ ਦੀ ਬਜਾਏ ਆਪਣੇ ਸਾਥੀ ਖਿਡਾਰੀਆਂ ਨੂੰ ਦਿੱਤੇ। ਜੇਕਰ ਉਸ ਨੇ ਇੱਥੇ ਵੱਧ ਤੋਂ ਵੱਧ ਗੇਂਦਾਂ ਖੇਡਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਭਾਰਤ ਦਾ ਸਕੋਰ ਥੋੜ੍ਹਾ ਉੱਚਾ ਹੁੰਦਾ ਅਤੇ ਗੇਂਦਬਾਜ਼ਾਂ ਨੂੰ ਲੜਨ ਲਈ ਕੁਝ ਥਾਂ ਮਿਲ ਜਾਂਦੀ। ਹੁਣ ਗੱਲ ਕਰਦੇ ਹਾਂ ਸ਼ੁਭਮਨ ਗਿੱਲ ਦੀ, ਜੋ ਅਹਿਮਦਾਬਾਦ ਦੇ ਵੀਆਈਪੀ ਹਰ ਕੋਈ ਇਸ ਮੈਦਾਨ ’ਤੇ ਸ਼ੁਭਮਨ ਤੋਂ ਵੱਡੀ ਪਾਰੀ ਦੀ ਉਮੀਦ ਕਰ ਰਿਹਾ ਸੀ ਕਿਉਂਕਿ ਇੱਥੇ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਇਸ ਸਾਲ ਉਸ ਨੇ ਇਸ ਮੈਦਾਨ ’ਤੇ ਚਾਰ ਸੈਂਕੜੇ ਲਗਾਏ ਸਨ, ਪਰ ਸਿਰਫ ਚਾਰ ਦੌੜਾਂ ਬਣਾ ਕੇ ਆਸਟਰੇਲੀਆਈ ਗੇਂਦਬਾਜ਼ਾਂ ਨੂੰ ਵਿਕਟਾਂ ਦੇ ਕੇ ਚਲੇ ਗਏ। ਜਿੱਥੇ ਗੇਂਦਬਾਜ਼ਾਂ ’ਚੋਂ ਸ਼ਮੀ ਤੇ ਬੁਮਰਾਹ ਨੇ ਨਾਕਆਊਟ ’ਚ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ, ਉਥੇ ਹੀ ਤੀਜੇ ਗੇਂਦਬਾਜ਼ ਮੁਹੰਮਦ ਸਿਰਾਜ ਨੇ ਨਿਰਾਸ਼ ਕੀਤਾ
ਵਾਨਖੇੜੇ ’ਚ ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ’ਚ ਸਿਰਾਜ ਨੇ 10 ਓਵਰਾਂ ’ਚ 78 ਦੌੜਾਂ ਦਿੱਤੀਆਂ ਤੇ ਸਿਰਫ ਇਕ ਵਿਕਟ ਲਈ। ਫਾਈਨਲ ’ਚ ਆਸਟ੍ਰੇਲੀਆਈ ਬੱਲੇਬਾਜ਼ਾਂ ਨੇ ਸਿਰਾਜ ਨੂੰ ਨਿਸ਼ਾਨਾ ਬਣਾਇਆ ਅਤੇ ਸੱਤ ਓਵਰਾਂ ਵਿੱਚ 45 ਦੌੜਾਂ ਬਣਾਈਆਂ। ਹਾਲਾਂਕਿ ਸਿਰਾਜ ਨੇ ਟ੍ਰੈਵਿਸ ਹੈੱਡ ਦਾ ਵਿਕਟ ਲਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਆਸਟ੍ਰੇਲੀਆ ਮੈਚ ਲਗਪਗ ਜਿੱਤ ਚੁੱਕਾ ਸੀ।



