ਪੀਟੀਆਈ, ਨਵੀਂ ਦਿੱਲੀ : ਬਾਜ਼ਾਰ ਰੈਗੂਲੇਟਰੀ ਸੇਬੀ ਨੇ ਭੌਤਿਕ ਸ਼ੇਅਰ ਰੱਖਣ ਵਾਲੇ ਧਾਰਕਾਂ ਨੂੰ ਰਾਹਤ ਦਿੰਦਿਆਂ ਪੈਨ, ਕੇਵਾਈਸੀ ਵੇਰਵਿਆਂ ਤੇ ਨਾਮਜ਼ਦਗੀ ਦੇ ਬਿਨਾਂ ਇਨ੍ਹਾਂ ਨੂੰ ਫ੍ਰੀਜ਼ ਕਰਨ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ। ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (SEBI) ਨੇ ਇਸ ਸਬੰਧੀ ਇਕ ਸਰਕੂਲਰ ਜਾਰੀ ਕੀਤਾ ਹੈ। ਇਸ ਸਰਕੂਲਰ ਮੁਤਾਬਕ ਨਿਯਮਾਂ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਗਿਆ ਹੈ ਅਤੇ ਇਹ ਤੁਰੰਤ ਲਾਗੂ ਹੋ ਜਾਵੇਗਾ।
ਇਹ ਫੈਸਲਾ ਰਜਿਸਟਰਾਰ ਐਸੋਸੀਏਸ਼ਨ ਆਫ ਇੰਡੀਆ ਤੇ ਨਿਵੇਸ਼ਕਾਂ ਤੋਂ ਫੀਡਬੈਕ ਮਿਲਣ ਤੋਂ ਬਾਅਦ ਲਿਆ ਗਿਆ ਹੈ। ਨਿਯਮ ਤਹਿਤ ਸੂਚੀਬੱਧ ਕੰਪਨੀਆਂ ਦੇ ਭੌਤਿਕ ਸ਼ੇਅਰਾਂ ਰੱਖਣ ਵਾਲੇ ਸਾਰੇ ਧਾਰਕਾਂ ਲਈ ਆਪਣੇ ਸਬੰਧਤ ਫੋਲੀਓ ਨੰਬਰਾਂ ਲਈ ਪੈਨ, ਨਾਮਜ਼ਦਗੀ, ਸੰਪਰਕ ਵੇਰਵੇ, ਬੈਂਕ ਖਾਤੇ ਦੇ ਵੇਰਵੇ ਤੇ ਨਮੂਨੇ ਦੇ ਹਸਤਾਖਰਾਂ ਨੂੰ ਪੇਸ਼ ਕਰਨਾ ਲਾਜ਼ਮੀ ਸੀ।
ਸੇਬੀ ਨੇ ਮਈ ‘ਚ ਕਿਹਾ ਸੀ ਕਿ 1 ਅਕਤੂਬਰ 2023 ਤੋਂ ਬਾਅਦ ਜਿਨ੍ਹਾਂ ਫੋਲੀਓਜ਼ ਦੇ ਵੇਰਵੇ ਉਪਲਬਧ ਨਹੀਂ ਹਨ, ਨੂੰ ਰਜਿਸਟਰਾਰ ਆਫ਼ ਇਸ਼ੂ ਐਂਡ ਸ਼ੇਅਰ ਟਰਾਂਸਫਰ ਏਜੰਟ (RTA) ਵੱਲੋਂ ਫ੍ਰੀਜ਼ ਕਰ ਦਿੱਤਾ ਜਾਵੇਗਾ। ਮਈ ‘ਚ ਜਾਰੀ ਸਰਕੂਲਰ ‘ਚ ਸੋਧ ਕਰਦੇ ਹੋਏ ਸੇਬੀ ਨੇ ਕਿਹਾ ਕਿ ਫ੍ਰੀਜ਼ ਸ਼ਬਦ ਦਾ ਹਵਾਲਾ ਹਟਾ ਦਿੱਤਾ ਗਿਆ ਹੈ।


