ਆਪਣੇ ਜੀਵਨ ਵਿਚ ਅਸੀਂ ਪਤਾ ਨਹੀਂ ਕਿੰਨੀਆਂ ਗ੍ਰੰਥੀਆਂ ਨੂੰ ਆਪਣੇ ਅੰਦਰ ਜਗ੍ਹਾ ਦਿੰਦੇ ਰਹਿੰਦੇ ਹਾਂ, ਕਿੰਨੀ ਹੀ ਪੀੜਾ ਨੂੰ ਅੰਦਰ ਸਮੋਈ ਰੱਖਦੇ ਹਾਂ। ਉਨ੍ਹਾਂ ਕਾਰਨ ਜੀਵਨ ਯਾਤਰਾ ਆਨੰਦਦਾਇਕ ਬਤੀਤ ਨਹੀਂ ਹੁੰਦੀ। ਭਗਵਾਨ ਮਹਾਵੀਰ ਨੇ ਮਨ ਦੀ ਅਜਿਹੀ ਸਥਿਤੀ ਦੇ ਹੱਲ ਦਾ ਸੂਤਰ ਦਿੱਤਾ-ਮਾਫ਼ੀ। ਕਿਸੇ ਦੇ ਅਣ-ਉੱਚਿਤ ਵਿਵਹਾਰ ਤੋਂ ਉਤਪੰਨ ਰੋਸ ਭਰਪੂਰ ਪ੍ਰਤੀਕਰਮ ਵਿਚ ਗੁੱਸੇ ਨੂੰ ਹੁਲਾਰਾ ਮਿਲਦਾ ਹੈ।
ਜੇ ਇਹ ਗੁੱਸਾ ਕੁਝ ਸਮੇਂ ਤਕ ਮਨ ਵਿਚ ਸਥਿਰ ਰਿਹਾ ਤਾਂ ਬਦਲੇ ਵਿਚ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਯਤਨ ਕਰਨ ਵਿਚ ਆਪਣੇ ਆਲੇ-ਦੁਆਲੇ ਪੱਥਰਾਂ ਦਾ ਇੰਨਾ ਢੇਰ ਜਮ੍ਹਾ ਕਰ ਲੈਂਦੇ ਹਾਂ ਜਿਸ ਨਾਲ ਮਨੁੱਖਤਾ ਦਾ ਨੁਕਸਾਨ ਹੋ ਜਾਂਦਾ ਹੈ। ਮਾਫ਼ੀ ਨਾਲ ਪ੍ਰਤੀਕਰਮ ਜਾਂ ਬਦਲਾ ਲਊ ਭਾਵਨਾ ਦੇ ਸਿਲਸਿਲੇ ਨੂੰ ਵਿਰਾਮ ਲੱਗਦਾ ਹੈ। ਮਾਫ਼ੀ, ਮਨ ਦੀ ਇਕ ਅਜਿਹੀ ਦਸ਼ਾ ਹੈ ਜਿੱਥੇ ਕਰੋਧ ਵਿਅਰਥ ਹੋ ਜਾਂਦਾ ਹੈ।
ਮਾਫ਼ੀ ਦਿਲੋ-ਦਿਮਾਗ ਦਾ ਇਕ ਅਜਿਹਾ ਏਸੀ ਕਮਰਾ ਹੈ ਜਿੱਥੇ ਕਰੋਧ ਦੀ ਗਰਮੀ ਦਾ ਅਸਰ ਨਹੀਂ ਹੁੰਦਾ ਹੈ। ਮਾਫ਼ੀ ਨਾਲ ਸਾਰੀਆਂ ਗ੍ਰੰਥੀਆਂ ਸੁਲਝ ਸਕਦੀਆਂ ਹਨ, ਸਾਰੇ ਫੱਟ ਭਰ ਸਕਦੇ ਹਨ ਅਤੇ ਸਾਰਿਆਂ ਨਾਲ ਨਿੱਘੇ ਸਬੰਧ ਬਣ ਸਕਦੇ ਹਨ। ਕਿਸੇ ਨੇ ਕੁਝ ਮਾੜਾ ਕੀਤਾ ਜਾਂ ਕਿਹਾ ਤਾਂ ਉਹ ਉਸ ਦਾ ਕਰਮ ਸੀ ਜਿਸ ਦਾ ਫਲ ਵੀ ਉਹੀ ਭੋਗੇਗਾ। ਓਥੇ ਹੀ, ਉਸ ਦੇ ਬਦਲੇ ਵਿਚ ਜੇ ਅਸੀਂ ਕੋਈ ਉਲਟ ਪ੍ਰਤੀਕਰਮ ਦਿੰਦੇ ਹਾਂ ਤਾਂ ਅਸੀਂ ਖ਼ੁਦ ਪ੍ਰਤੀ ਹੀ ਅਨਿਆਂ ਕਰਦੇ ਹਾਂ ਕਿਉਂਕਿ ਜਦ ਵੀ ਅਸੀਂ ਕਿਸੇ ਪ੍ਰਤੀ ਕੁਝ ਬੁਰਾ ਕਰਦੇ ਹਾਂ ਤਾਂ ਸੱਚ ਇਹੀ ਹੈ ਕਿ ਉਹ ਬੁਰਾ ਅਸੀਂ ਆਪਣੇ ਨਾਲ ਹੀ ਕਰਦੇ ਹਾਂ।
ਮਾਫ਼ੀ ਮੰਗਣ ਜਾਂ ਮਾਫ਼ ਕਰਨ ਲਈ ਕਿਸੇ ਯੋਗਤਾ ਜਾਂ ਅਯੋਗਤਾ ਦਾ ਪ੍ਰਸ਼ਨ ਨਹੀਂ ਰਹਿੰਦਾ ਕਿਉਂਕਿ ਮਾਫ਼ੀ ਕਿਸੇ ਨੂੰ ਦਿੱਤੀ ਨਹੀਂ ਜਾਂਦੀ। ਮਾਫ਼ੀ ਨਾਲ ਖ਼ੁਦ ਨੂੰ ਹੀ ਇਕ ਅਦੁੱਤੀ ਅਹਿਸਾਸ ਹੁੰਦਾ ਹੈ। ਤਥਾਗਤ ਦੀ ਸਭਾ ਵਿਚ ਕਿਸੇ ਗੁੱਸੇਖੋਰ ਵਿਅਕਤੀ ਨੇ ਉਸ ’ਤੇ ਥੁੱਕ ਦਿੱਤਾ। ਤਥਾਗਤ ਨੇ ਉਸ ਨੂੰ ਪੂੰਝਦੇ ਹੋਏ ਕਿਹਾ ਕਿ ਕਦੇ ਮੈਂ ਉਸ ਨੂੰ ਤੰਗ ਕੀਤਾ ਹੋਵੇਗਾ ਤਾਂ ਚਲੋ, ਅੱਜ ਹਿਸਾਬ ਬਰਾਬਰ ਕਰ ਕੇ ਉਸ ਨੇ ਮੈਨੂੰ ਮੁਕਤ ਕਰ ਦਿੱਤਾ। ਨਿਚੋੜ ਇਹੀ ਹੈ ਕਿ ਮਾਫ਼ੀ ਦਾ ਭਾਵ ਰੱਖਦੇ ਹੋਏ ਸ਼ਾਂਤੀ ਅਤੇ ਦੋਸਤੀ ਨਾਲ ਜੀਵਨ ਬਤੀਤ ਕੀਤਾ ਜਾਵੇ। ਹੰਕਾਰ ਸਾਨੂੰ ਮਾਫ਼ੀ ਮੰਗਣ ਤੋਂ ਰੋਕਦਾ ਹੈ ਅਤੇ ਤਿਰਸਕਾਰ ਮਾਫ਼ੀ ਦੇਣ ਵਿਚ ਅੜਿੱਕਾ ਬਣਦਾ ਹੈ। ਇੰਜ ਇਹ ਦੋਵੇਂ ਹੀ ਭਾਵ ਮਨੁੱਖ ਲਈ ਖ਼ਤਰਨਾਕ ਹਨ।
-ਡਾ. ਨਿਰਮਲ ਜੈਨ।


