Raghav Chadha on BJP : ਏਐੱਨਆਈ, ਨਵੀਂ ਦਿੱਲੀ : ‘ਆਪ’ ਆਗੂ ਰਾਘਵ ਚੱਢਾ ਨੇ ਰਾਜ ਸਭਾ ਸਕੱਤਰੇਤ ਵੱਲੋਂ ਅਲਾਟ ਕੀਤੀ ਗਈ ਰਿਹਾਇਸ਼ ਨੂੰ ਰੱਦ ਕਰਨ ‘ਤੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਰਾਘਵ ਨੇ ਕਿਹਾ ਕਿ ਬਿਨਾਂ ਕਿਸੇ ਨੋਟਿਸ ਦੇ ਮੇਰੀ ਅਲਾਟ ਕੀਤੀ ਸਰਕਾਰੀ ਰਿਹਾਇਸ਼ ਨੂੰ ਰੱਦ ਕਰਨਾ ਮਨਮਾਨੀ ਹੈ।

ਰਾਘਵ ਨੇ ਕਿਹਾ ਕਿ ਰਾਜ ਸਭਾ ਦੇ 70 ਸਾਲਾਂ ਤੋਂ ਵੱਧ ਦੇ ਇਤਿਹਾਸ ‘ਚ ਇਹ ਬੇਮਿਸਾਲ ਹੈ ਕਿ ਇਕ ਮੌਜੂਦਾ ਰਾਜ ਸਭਾ ਮੈਂਬਰ ਤੋਂ ਉਸ ਦਾ ਨਿਰਧਾਰਤ ਨਿਵਾਸ ਸਥਾਨ ਖੋਹ ਲਿਆ ਗਿਆ ਹੈ ਜਿੱਥੇ ਉਹ ਕੁਝ ਸਮੇਂ ਤੋਂ ਰਹਿ ਰਿਹਾ ਸੀ ਅਤੇ ਰਾਜ ਸਭਾ ਮੈਂਬਰ ਵਜੋਂ ਉਸ ਦਾ ਕਾਰਜਕਾਲ ਚਾਲ ਸਾਲ ਤੋਂ ਜ਼ਿਆਦਾ ਬਾਕੀ ਹੈ।

ਆਦੇਸ਼ ਵਿਚ ਕਈ ਬੇਨਿਯਮੀਆਂ: ਰਾਘਵ

‘ਆਪ’ ਆਗੂ ਨੇ ਕਿਹਾ ਕਿ ਇਸ ਸਬੰਧੀ ਜਾਰੀ ਹੁਕਮਾਂ ‘ਚ ਕਈ ਬੇਨਿਯਮੀਆਂ ਹਨ। ਸਾਰੀ ਕਵਾਇਦ ਦੀ ਪ੍ਰਕਿਰਤੀ ਨੂੰ ਦੇਖਦੇ ਹੋਏ ਮੇਰੇ ਕੋਲ ਇਹ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਕਿ ਇਹ ਸਭ ਕੁਝ ਭਾਜਪਾ ਦੇ ਇਸ਼ਾਰੇ ‘ਤੇ ਸਿਆਸੀ ਉਦੇਸ਼ਾਂ ਤੇ ਸਵਾਰਥੀ ਹਿੱਤਾਂ ਲਈ ਕੀਤਾ ਗਿਆ ਹੈ ਤਾਂ ਜੋ ਮੇਰੇ ਵਰਗੇ ਬੋਲਣ ਵਾਲੇ ਸੰਸਦ ਮੈਂਬਰਾਂ ਵੱਲੋਂ ਉਠਾਈ ਗਈ ਸਿਆਸੀ ਆਲੋਚਨਾ ਨੂੰ ਦਬਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਇਹ ਇਸ ਤੱਥ ਤੋਂ ਵੀ ਉਜਾਗਰ ਹੁੰਦਾ ਹੈ ਕਿ ਸੁਧਾਂਸ਼ੂ ਤ੍ਰਿਵੇਦੀ, ਦਾਨਿਸ਼ ਅਲੀ, ਰਾਕੇਸ਼ ਸਿਨਹਾ ਤੇ ਰੂਪਾ ਗਾਂਗੁਲੀ ਸਮੇਤ ਮੇਰੇ ਕਈ ਗੁਆਂਢੀ ਜੋ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ, ਨੂੰ ਉਨ੍ਹਾਂ ਦੀ ਯੋਗਤਾ ਤੋਂ ਉੱਪਰ ਉਹੀ ਰਿਹਾਇਸ਼ਾਂ ਅਲਾਟ ਕੀਤੀਆਂ ਗਈਆਂ ਹਨ।

ਪਟਿਆਲਾ ਹਾਊਸ ਕੋਰਟ ਨੇ ਚੱਢਾ ਨੂੰ ਦਿੱਤੇ ਗਏ ਟਾਈਪ-7 ਸਰਕਾਰੀ ਬੰਗਲੇ ਨੂੰ ਖਾਲੀ ਕਰਨ ਦੇ ਰਾਜ ਸਭਾ ਸਕੱਤਰੇਤ ਦੇ ਹੁਕਮਾਂ ‘ਤੇ ਅੰਤਰਿਮ ਰੋਕ ਹਟਾ ਦਿੱਤੀ ਹੈ। ਅਦਾਲਤ ਨੇ ਪਾਇਆ ਕਿ ਚੱਢਾ ਨੂੰ ਇਹ ਅਲਾਟਮੈਂਟ ਰਾਜ ਸਭਾ ਮੈਂਬਰ ਹੋਣ ਦੇ ਵਿਸ਼ੇਸ਼ ਅਧਿਕਾਰ ਤਹਿਤ ਦਿੱਤੀ ਗਈ ਸੀ। ਜੇਕਰ ਇਹ ਵਿਸ਼ੇਸ਼ ਅਧਿਕਾਰ ਵਾਪਸ ਲੈ ਲਿਆ ਜਾਂਦਾ ਹੈ ਤੇ ਅਲਾਟਮੈਂਟ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਸ ‘ਤੇ ਕਬਜ਼ਾ ਕਰਨਾ ਜਾਰੀ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ। ਅਜਿਹੇ ‘ਚ ਚੱਢਾ ਨੂੰ ਇਹ ਸਰਕਾਰੀ ਬੰਗਲਾ ਖਾਲੀ ਕਰਨਾ ਪਵੇਗਾ।

ਰੱਦ ਕਰ ਦਿੱਤੀ ਗਈ ਸੀ ਅਲਾਟਮੈਂਟ

ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ 6 ਜੁਲਾਈ, 2022 ਨੂੰ ਨਵੀਂ ਦਿੱਲੀ ਦੇ ਪੰਡਾਰਾ ਰੋਡ ‘ਤੇ ਟਾਈਪ-6 ਬੰਗਲਾ ਅਲਾਟ ਕੀਤਾ ਗਿਆ ਸੀ। 29 ਅਗਸਤ, 2022 ਨੂੰ ਚੱਢਾ ਵੱਲੋਂ ਰਾਜ ਸਭਾ ਦੇ ਸਪੀਕਰ ਨੂੰ ਬੇਨਤੀ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਟਾਈਪ-7 ਬੰਗਲਾ ਅਲਾਟ ਕੀਤਾ ਜਾਵੇ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਚੱਢਾ ਨੂੰ ਰਾਜ ਸਭਾ ਪੂਲ ਦੇ ਪਾਰ ਪੰਡਾਰਾ ਰੋਡ ‘ਤੇ ਦੂਜਾ ਟਾਈਪ-7 ਬੰਗਲਾ ਅਲਾਟ ਕੀਤਾ ਗਿਆ ਸੀ, ਜਿਸ ਦਾ ਕਬਜ਼ਾ ਉਨ੍ਹਾਂ ਨੇ ਨਵੰਬਰ 2022 ਵਿੱਚ ਲਿਆ ਸੀ।

ਇਸ ਸਾਲ 3 ਮਾਰਚ ਨੂੰ ਰਾਘਵ ਚੱਢਾ ਨੂੰ ਇਕ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਸੀ ਕਿ ਟਾਈਪ-7 ਬੰਗਲੇ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਇਸ ਨੂੰ ਖਾਲੀ ਕਰਨਾ ਪਏਗਾ, ਕਿਉਂਕਿ ਇਹ ਉਨ੍ਹਾਂ ਦੀ ਯੋਗਤਾ ਤੋਂ ਵੱਧ ਸੀ।